ਯੂਨੀਅਨ ਨਾਲ ਸਮਝੌਤੇ ਤਹਿਤ ਕੌਂਸਲਰ ਹਾਊਸ ਦੀ ਮੀਟਿੰਗ ਸੋਮਵਾਰ ਨੂੰ

03/07/2020 1:13:55 PM

ਜਲੰਧਰ (ਖੁਰਾਣਾ)— ਪਿਛਲੇ ਦਿਨੀਂ ਸ਼ਹਿਰ 'ਚ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੇ ਲਗਾਤਾਰ 8 ਦਿਨ ਹੜਤਾਲ ਰੱਖੀ, ਜਿਸ ਕਾਰਨ ਪੂਰੇ ਸ਼ਹਿਰ 'ਚ ਨਰਕ ਜਿਹਾ ਮਾਹੌਲ ਬਣ ਗਿਆ। ਕਾਫੀ ਤਣਾਤਨੀ ਤੋਂ ਬਾਅਦ ਇਸ ਹਫਤੇ ਸੋਮਵਾਰ ਨੂੰ ਮੇਅਰ, ਕਮਿਸ਼ਨਰ ਅਤੇ ਹੋਰਨਾਂ ਦੇ ਨਾਲ ਯੂਨੀਅਨ ਨੁਮਾਇੰਦਿਆਂ ਦਾ ਸਮਝੌਤਾ ਸਿਰੇ ਚੜ੍ਹਿਆ, ਜਿਸ ਤਹਿਤ ਹੁਣ ਕੌਂਸਲਰ ਹਾਊਸ ਦੀ ਮੀਟਿੰਗ ਸੋਮਵਾਰ 9 ਮਾਰਚ ਨੂੰ ਬੁਲਾਈ ਗਈ ਹੈ। ਇਸ ਮੀਟਿੰਗ 'ਚ ਜਿੱਥੇ ਕੌਂਸਲਰ ਕਈ ਅਹਿਮ ਪ੍ਰਸਤਾਵਾਂ 'ਤੇ ਚਰਚਾ ਕਰਨਗੇ, ਉਥੇ ਯੂਨੀਅਨ ਨਾਲ ਹੋਏ ਇਸ ਸਮਝੌਤੇ ਤੋਂ ਬਾਅਦ ਪਾਏ ਗਏ ਪ੍ਰਸਤਾਵ 'ਚ ਦੱਸਿਆ ਗਿਆ ਹੈ ਕਿ ਜੇਕਰ ਨਗਰ ਨਿਗਮ ਇਨ੍ਹਾਂ 160 ਸੀਵਰਮੈਨਾਂ ਦੀ ਪੱਕੀ ਤੌਰ 'ਤੇ ਭਰਤੀ ਕਰਦਾ ਹੈ ਤਾਂ 3 ਸਾਲ ਤੱਕ ਨਿਗਮ 'ਤੇ 7 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ। ਪੂਰੇ ਹਾਊਸ ਵਿਚ ਇਸ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ 10 ਸੀਵਰਮੈਨਾਂ ਨੂੰ ਡੀ. ਸੀ. ਰੇਟ 'ਤੇ ਭਰਤੀ ਕਰਨ ਦਾ ਪੁਰਾਣਾ ਪ੍ਰਸਤਾਵ ਵੀ ਇਸ ਮੀਟਿੰਗ ਵਿਚ ਸ਼ਾਮਲ ਹੈ।

ਗਦਈਪੁਰ 'ਚ ਲੱਗੇਗਾ ਸੀ. ਐਂਡ ਡੀ. ਵੇਸਟ ਮੈਨੇਜਮੈਂਟ ਪਲਾਂਟ
ਕੌਂਸਲਰ ਹਾਊਸ ਦੀ ਮੀਟਿੰਗ ਵਿਚ ਸ਼ਾਮਲ ਪ੍ਰਸਤਾਵ ਦੇ ਤਹਿਤ ਗਦਈਪੁਰ ਵਿਚ ਪਈ ਨਗਰ ਨਿਗਮ ਦੀ 62 ਕਨਾਲ 2 ਮਰਲੇ ਜ਼ਮੀਨ 'ਤੇ ਸਮਾਰਟ ਸਿਟੀ ਤਹਿਤ ਸੀ. ਐਂਡ ਡੀ. (ਕੰਸਟਰੱਕਸ਼ਨ ਐਂਡ ਡੀਮੋਲੀਸ਼ਨ) ਵੇਸਟ ਮੈਨੇਜਮੈਂਟ ਪਲਾਂਟ ਲਾਏ ਜਾਣ ਦੀ ਯੋਜਨਾ ਹੈ, ਜਿਸ ਲਈ ਨਿਗਮ ਕੋਲੋਂ ਮੁਸ਼ਤਰਕਾ ਮਾਲਕਾਨ ਖਾਤੇ ਵਾਲੀ ਜ਼ਮੀਨ ਮੰਗੀ ਗਈ ਹੈ। ਇਸ ਪਲਾਂਟ 'ਤੇ 6.37 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਥੇ ਕੰਸਟਰੱਕਸ਼ਨ ਦੇ ਮਲਬੇ ਤੋਂ ਰੇਤ, ਇੰਟਰਲਾਕਿੰਗ ਟਾਈਲਾਂ ਆਦਿ ਬਣਾਈਆਂ ਜਾਣਗੀਆਂ।
ਬਸਤੀ ਬਾਵਾ ਖੇਲ ਗੰਦੇ ਨਾਲੇ ਕੋਲ ਬਣੇਗਾ ਸਾਲਿਡ ਵੇਸਟ ਪਲਾਂਟ
ਸਮਾਰਟ ਸਿਟੀ ਦੇ ਪੈਸਿਆਂ ਨਾਲ ਹੀ ਏ. ਬੀ. ਡੀ. ਏਰੀਆ ਲਈ ਬਸਤੀ ਬਾਵਾ ਖੇਲ ਗੰਦੇ ਨਾਲੇ ਕੋਲ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਲਾਉਣ ਦੀ ਯੋਜਨਾ ਹੈ, ਜਿਸ ਲਈ ਨਿਗਮ ਦੀ ਮਾਲਕੀ ਵਾਲੀ 27 ਕਨਾਲ 11 ਮਰਲੇ ਜ਼ਮੀਨ ਮੰਗੀ ਗਈ ਹੈ। ਇਹ ਪ੍ਰਸਤਾਵ ਵੀ ਹਾਊਸ ਦੀ ਮੀਟਿੰਗ ਵਿਚ ਸ਼ਾਮਲ ਹੈ।

ਸ਼ਹਿਰ 'ਚ 76 ਥਾਵਾਂ 'ਤੇ ਮਿਲਣਗੇ ਸੈਨੇਟਰੀ ਨੈਪਕਿਨ
ਸਮਾਰਟ ਸਿਟੀ ਦੇ ਤਹਿਤ ਕਰੀਬ 1.50 ਕਰੋੜ ਦੀ ਲਾਗਤ ਨਾਲ ਸ਼ਹਿਰ ਵਿਚ 76 ਥਾਵਾਂ 'ਤੇ ਸੈਨੇਟਰੀ ਨੈਪਕਿਨ ਮਸ਼ੀਨਾਂ ਲਾਉਣ ਦੀ ਯੋਜਨਾ ਹੈ, ਜਿਨ੍ਹਾਂ ਦੇ ਨਾਲ ਹੀ 76 ਅਜਿਹੀਆਂ ਮਸ਼ੀਨਾਂ ਲਾਉਣ ਦੀ ਯੋਜਨਾ ਹੈ, ਜਿਨ੍ਹਾਂ ਵਿਚ ਨੈਪਕਿਨ ਨਸ਼ਟ ਕੀਤੇ ਜਾ ਸਕਣਗੇ। ਕੌਂਸਲਰ ਹਾਊਸ ਵਿਚ ਆ ਰਹੇ ਪ੍ਰਸਤਾਵ ਮੁਤਾਬਕ ਅਜਿਹੀਆਂ ਪੰਜ ਮਸ਼ੀਨਾਂ ਬੱਸ ਸਟੈਂਡ, 2 ਸਿਵਲ ਹਸਪਤਾਲ, 1 ਹੰਸਰਾਜ ਸਟੇਡੀਅਮ, 1 ਸਪੋਰਟਸ ਕਾਲਜ, 1 ਗਾਂਧੀ ਵਿਨੀਤਾ ਆਸ਼ਰਮ ਵਿਚ ਲਾਏ ਜਾਣ ਦੀ ਯੋਜਨਾ ਹੈ। 65 ਮਸ਼ੀਨਾਂ ਸ਼ਹਿਰ ਦੇ ਪਬਲਿਕ ਟਾਇਲਟਸ ਵਿਚ ਲੱਗਣਗੀਆਂ। ਸਾਰੀਆਂ ਥਾਵਾਂ 'ਤੇ ਇਕ ਸੈਨੇਟਰੀ ਨੈਪਕਿਨ 5 ਰੁਪਏ ਅਤੇ 3 ਦਾ ਸੈੱਟ 10 ਰੁਪਏ ਵਿਚ ਮਿਲੇਗਾ।

ਗੁਰੂ ਰਵਿਦਾਸ ਕਮਿਊਨਿਟੀ ਹਾਲ ਦਾ ਪ੍ਰਸਤਾਵ ਵੀ ਫਿਰ ਹੋਵੇਗਾ ਪਾਸ
ਕੌਂਸਲਰ ਹਾਊਸ ਪਹਿਲਾਂ 2017 ਵਿਚ 120 ਫੁੱਟੀ ਰੋਡ 'ਤੇ ਬਣਨ ਜਾ ਰਹੇ ਗੁਰੂ ਰਵਿਦਾਸ ਕਮਿਊਨਿਟੀ ਹਾਲ ਦਾ ਪ੍ਰਸਤਾਵ ਪਾਸ ਕਰ ਕੇ ਸਰਕਾਰ ਨੂੰ ਭੇਜ ਚੁੱਕਾ ਹੈ ਪਰ ਉਸ 'ਤੇ ਵਾਰ-ਵਾਰ ਆਬਜੈਕਸ਼ਨ ਲੱਗਦੇ ਰਹੇ। ਹੁਣ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਦੀ ਪ੍ਰਧਾਨਗੀ ਵਾਲੀ ਇਕ ਕਮੇਟੀ ਨੇ ਸਾਰੇ ਆਬਜੈਕਸ਼ਨ ਕਲੀਅਰ ਕਰ ਦਿੱਤੇ ਹਨ ਅਤੇ ਇਸਦੀ ਜ਼ਮੀਨ ਦੀ ਮਾਲਕੀ ਸਬੰਧੀ ਪ੍ਰਸਤਾਵ ਦੁਬਾਰਾ ਹਾਊਸ ਵਿਚ ਲਿਆਂਦਾ ਜਾ ਰਿਹਾ ਹੈ।

ਬ੍ਰਹਮਕੁੰਡ ਕੰਪਲੈਕਸ 'ਚ ਪੈਂਦੀਆਂ 31 ਦੁਕਾਨਾਂ ਦਾ ਕਿਰਾਇਆ ਫਿਕਸ ਹੋਇਆ
ਮੇਅਰ ਨੇ ਪਿਛਲੇ ਸਾਲ 7 ਨਵੰਬਰ ਨੂੰ ਮੀਟਿੰਗ ਕਰ ਕੇ ਬ੍ਰਹਮਕੁੰਡ ਕੰਪਲੈਕਸ ਵਿਚ 25-30 ਸਾਲ ਪਹਿਲਾਂ ਬਣੀਆਂ ਦੁਕਾਨਾਂ ਦਾ ਕਿਰਾਇਆ ਫਿਕਸ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਨ੍ਹਾਂ ਦੀ ਪੈਮਾਇਸ਼ ਤੋਂ ਬਾਅਦ ਨਿਗਮ ਨੇ ਸਾਰੀਆਂ 31 ਦੁਕਾਨਾਂ ਦੇ ਕਿਰਾਏ ਫਿਕਸ ਕਰ ਦਿੱਤੇ ਹਨ, ਜੋ ਘੱਟੋ-ਘੱਟ 750 ਰੁਪਏ ਤੋਂ ਲੈ ਕੇ ਵੱਧ ਤੋਂ ਵੱਧ 6400 ਰੁਪਏ ਤੱਕ ਹਨ। ਇਹ ਪ੍ਰਸਤਾਵ ਵੀ ਹਾਊਸ ਦੀ ਮੀਟਿੰਗ ਵਿਚ ਆ ਰਿਹਾ ਹੈ।

ਪਟੇਲ ਚੌਕ ਤੋਂ ਸਟੇਸ਼ਨ ਤੱਕ ਬਣੇਗੀ ਕੰਕਰੀਟ ਵਾਲੀ ਰੋਡ
ਰੇਲਵੇ ਸਟੇਸ਼ਨ ਵੱਲ ਜਾਣ ਵਾਲੀਆਂ ਜ਼ਿਆਦਾਤਰ ਸੜਕਾਂ ਟੁੱਟੀਆਂ ਹੀ ਰਹਿੰਦੀਆਂ, ਜਿਸ ਕਾਰਨ ਸੱਤਾਧਾਰੀ ਪੱਖ ਦੀ ਕਾਫੀ ਬਦਨਾਮੀ ਹੁੰਦੀ ਹੈ, ਅਜਿਹੇ ਵਿਚ ਨਿਗਮ ਨੇ ਪਟੇਲ ਚੌਕ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਕੰਕਰੀਟ ਦੀ ਰੋਡ ਬਣਾਉਣ ਦੇ 3 ਟੈਂਡਰ ਤਿਆਰ ਕੀਤੇ ਹਨ, ਜਿਨ੍ਹਾਂ 'ਤੇ ਕਰੀਬ 5.30 ਕਰੋੜ ਰੁਪਏ ਖਰਚ ਹੋਣਗੇ। ਪੰਜਾਬ ਸਰਕਾਰ ਨੇ ਇਨ੍ਹਾਂ ਤਿੰਨਾਂ ਟੈਂਡਰਾਂ ਦੇ ਐਸਟੀਮੇਟਾਂ ਨੂੰ ਪਾਸ ਕਰ ਦਿੱਤਾ ਹੈ, ਜਿਨ੍ਹਾਂ ਨੂੰ ਹੁਣ ਕੌਂਸਲਰ ਹਾਊਸ ਵਿਚ ਲਿਆਂਦਾ ਜਾ ਰਿਹਾ ਹੈ।

ਕੌਂਸਲਰ ਹਾਊਸ ਵਿਚ ਆ ਰਹੇ ਹੋਰ ਪ੍ਰਸਤਾਵ
ਗਊਸ਼ਾਲਾ ਪਿੰਜਰਾ ਪੋਲ ਦੇ ਨਾਲ ਲੱਗਦੀ 20 ਮਰਲੇ ਜ਼ਮੀਨ ਗਊਸ਼ਾਲਾ ਨੂੰ ਅਲਾਟ ਹੋਵੇਗੀ ਪਰ ਇਸ ਦੇ ਲਈ ਸਰਕਾਰ ਕੋਲੋਂ ਮਨਜ਼ੂਰੀ ਲੈਣੀ ਹੋਵੇਗੀ।
ਲਾਵਾਰਿਸ ਲਾਸ਼ਾਂ ਦੇ ਅੰਤਿਮ ਸੰਸਕਾਰ ਦਾ ਖਰਚ 2500 ਰੁਪਏ ਤੋਂ ਵਧਾ ਕੇ 4000 ਰੁਪਏ ਕਰਨ ਦਾ ਪ੍ਰਸਤਾਵ।
ਰੋਟਰੀ ਕਲੱਬ ਨੇ ਲਵ-ਕੁਸ਼ ਚੌਕ, ਡਾ. ਅੰਬੇਡਕਰ ਚੌਕ, ਮਾਡਲ ਹਾਊਸ ਚੌਕ, ਪੀ. ਏ. ਪੀ. ਚੌਕ, ਰਾਮਾ ਮੰਡੀ ਪੁਲ ਦੇ ਹੇਠਾਂ ਅਤੇ ਰਾਮਾ ਮੰਡੀ ਫਲਾਈਓਵਰ ਬੱਸ ਸਟੈਂਡ ਦੇ ਕੋਲ ਜਨਤਕ ਪਖਾਨੇ ਬਣਾਉਣ ਦਾ ਜੋ ਪ੍ਰਸਤਾਵ ਸੌਂਪਿਆ ਹੈ, ਉਸ 'ਤੇ ਕੌਂਸਲਰ ਹਾਊਸ ਵਿਚ ਚਰਚਾ ਹੋਵੇਗੀ।
ਸੈਨੇਟਰੀ ਸੁਪਰਵਾਈਜ਼ਰ ਦੇ ਤੌਰ 'ਤੇ ਨਿਗਮ ਵਿਚ ਵਧੀਆ ਸੇਵਾਵਾਂ ਨਿਭਾਅ ਰਹੇ ਅਸ਼ੋਕ ਭੀਲ ਨੂੰ ਬਤੌਰ ਸੈਨੇਟਰੀ ਇੰਸਪੈਕਟਰ ਪ੍ਰਮੋਟ ਕਰਨ ਦਾ ਪ੍ਰਸਤਾਵ। ਏ. ਟੀ. ਪੀ. ਨਰੇਸ਼ ਮਹਿਤਾ ਨੂੰ ਰਿਟਾਇਰਮੈਂਟ ਤੋਂ ਬਾਅਦ ਕਾਂਟਰੈਕਟ ਦੇ ਆਧਾਰ 'ਤੇ ਰੱਖਣ ਦਾ ਪ੍ਰਸਤਾਵ।
ਪੀ. ਜੀ. ਅਤੇ ਲੇਬਰ ਕੁਆਰਟਰਾਂ ਤੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਰੈਂਟਿਡ ਕਮਰਸ਼ੀਅਲ ਦਰਾਂ ਨਾਲ ਲੈਣ ਦਾ ਪ੍ਰਸਤਾਵ।
ਸਾਲਿਡ ਵੇਸਟ ਨਾਲ ਸਬੰਧਤ ਐੱਮ. ਆਰ. ਐੱਫ. ਸੈਂਟਰਾਂ ਲਈ ਮਸ਼ੀਨਰੀ ਦੀ ਖਰੀਦ ਸਬੰਧੀ ਪ੍ਰਸਤਾਵ।
120 ਫੁੱਟੀ ਰੋਡ ਭਈਆ ਮੰਡੀ ਦੇ ਕੋਲ, ਜਸਵੰਤ ਮੋਟਰਜ਼ ਦੇ ਸਾਹਮਣੇ ਅਤੇ ਕਪੂਰਥਲਾ ਰੋਡ ਨਹਿਰ ਦੀ ਪੁਲੀ ਦੇ ਨਾਲ ਸਟ੍ਰੀਟ ਵੈਂਡਿੰਗ ਜ਼ੋਨ ਬਣਾਉਣ ਦਾ ਪ੍ਰਸਤਾਵ।


shivani attri

Content Editor

Related News