ਨਿਗਮ ਨਾਲ ਫਰਾਡ ਕਰਨ ਵਾਲੇ ਠੇਕੇਦਾਰ ''ਤੇ ਕਿਉਂ ਨਹੀਂ ਹੋ ਰਹੀ ਕਾਰਵਾਈ

06/05/2019 10:43:28 AM

ਜਲੰਧਰ (ਖੁਰਾਣਾ)— ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਬੀਤੇ ਦਿਨ ਮੇਅਰ ਜਗਦੀਸ਼ ਰਾਜਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਕੋਲ ਮੰਗ ਕੀਤੀ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ 55 ਲੱਖ ਰੁਪਏ ਦਾ ਟੈਂਡਰ ਹਥਿਆਉਣ ਦੀ ਕੋਸ਼ਿਸ਼ 'ਚ ਨਿਗਮ ਨਾਲ ਫਰਾਡ ਕਰਨ ਵਾਲੇ ਠੇਕੇਦਾਰ ਅਤੇ ਉਸ ਦੀ ਫਰਮ ਵੀ. ਐੱਚ. ਇੰਟਰਪ੍ਰਾਈਜ਼ਿਜ਼ (ਵੀਰਮਾ) 'ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਭਾਵੇਂ ਨਿਗਮ ਕਮਿਸ਼ਨਰ ਇਕ ਮਹੀਨਾ ਪਹਿਲਾਂ ਐੱਫ. ਆਈ. ਆਰ. ਦਰਜ ਕਰਵਾਉਣ ਦੇ ਹੁਕਮ ਦੇ ਚੁੱਕੇ ਹਨ।
ਜਾਂਚ ਰਿਪੋਰਟ 'ਚ ਸਾਫ ਲਿਖਿਆ ਹੈ ਕਿ ਅੰਮ੍ਰਿਤਸਰ ਦੀ ਇਸ ਠੇਕੇਦਾਰ ਫਰਮ ਨੇ ਨਿਗਮ ਨਾਲ ਫਰਾਡ ਕੀਤਾ ਅਤੇ ਪ੍ਰੋਵੀਡੈਂਟ ਫੰਡ ਅਤੇ ਵੈਟ ਦੇ ਮਾਮਲੇ 'ਚ ਨਿਗਮ ਨੂੰ ਗਲਤ ਦਸਤਾਵੇਜ਼ ਦਿੱਤੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਜਲਦੀ ਹੀ ਨਿਗਮ ਕਮਿਸ਼ਨਰ ਨੂੰ ਮਿਲ ਕੇ ਉਨ੍ਹਾਂ ਕੋਲੋਂ ਠੇਕੇਦਾਰ 'ਤੇ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਜਾਵੇਗੀ ਨਹੀਂ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਨ੍ਹਾਂ ਯੂਨੀਅਨ ਆਗੂਆਂ ਨੇ ਸਾਫ ਕਿਹਾ ਕਿ ਇਸ ਮਾਮਲੇ 'ਚ ਇਕੱਲੇ ਰਾਜਨ ਗੁਪਤਾ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ ਹੈ। ਜੇਕਰ ਹੋਰ ਤਬਾਦਲਿਆਂ ਦੇ ਨਾਲ ਉਨ੍ਹਾਂ ਦੀ ਬਦਲੀ ਕੀਤੀ ਗਈ ਹੁੰਦੀ ਤਾਂ ਗੱਲ ਸਮਝ 'ਚ ਆ ਸਕਦੀ ਸੀ ਪਰ ਹੁਣ ਮਾਮਲੇ ਨੂੰ ਦੂਜਾ ਰੂਪ ਦਿੱਤਾ ਜਾ ਰਿਹਾ ਹੈ। ਮੇਅਰ ਦਾ ਕਹਿਣਾ ਸੀ ਕਿ ਜੇਕਰ ਜਾਂਚ ਰਿਪੋਰਟ ਵਿਚ ਰਾਜਨ ਗੁਪਤਾ 'ਤੇ ਕੋਈ ਦੋਸ਼ ਨਹੀਂ ਹੈ ਤਾਂ ਉਨ੍ਹਾਂ ਨੂੰ ਕੁਝ ਨਹੀਂ ਹੋਵੇਗਾ। ਠੇਕੇਦਾਰ 'ਤੇ ਐੱਫ. ਆਈ. ਆਰ. ਦਰਜ ਕਰਵਾਉਣ ਦੇ ਮਾਮਲੇ ਵਿਚ ਨਿਗਮ ਕਮਿਸ਼ਨਰ ਨੂੰ ਕਹਿ ਦਿੱਤਾ ਗਿਆ ਹੈ।
ਯੂਨੀਅਨ ਆਗੂਆਂ ਨੇ ਦਿੱਤਾ ਮੰਗ ਪੱਤਰ
ਇਸ ਦੌਰਾਨ ਪੰਜਾਬ ਸਫਾਈ ਮਜ਼ਦੂਰ ਫੈੱਡਰੇਸ਼ਨ ਅਤੇ ਹੋਰ ਯੂਨੀਅਨਾਂ ਵਲੋਂ ਮੇਅਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਕਰਮਚਾਰੀਆਂ ਦੀਆਂ ਪੈਂਡਿੰਗ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਜੇਕਰ ਕਿਸੇ ਕੌਂਸਲਰ ਜਾਂ ਲੋਕ ਨੁਮਾਇੰਦੇ ਨੇ ਸਫਾਈ ਸੇਵਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਸਿੱਧਾ ਟਕਰਾਅ ਯੂਨੀਅਨ ਨਾਲ ਹੋਵੇਗਾ।
ਪ੍ਰਧਾਨ ਚੰਦਨ ਗਰੇਵਾਲ ਅਤੇ ਪਵਨ ਬਾਬਾ ਨੇ ਕਿਹਾ ਕਿ ਮੇਅਰ ਤੇ ਕਮਿਸ਼ਨਰ ਨੂੰ ਮੰਗਾਂ ਸਬੰਧੀ ਜੋ ਮੰਗ ਪੱਤਰ ਦਿੱਤੇ ਗਏ ਸਨ, ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਮੰਤਰੀ ਨਵਜੋਤ ਸਿੱਧੂ ਨਾਲ ਹੋਈ ਬੈਠਕ ਦੇ ਫੈਸਲੇ ਵੀ ਲਾਗੂ ਨਹੀਂ ਕੀਤੇ ਗਏ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ। ਕੌਂਸਲਰ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਸਫਾਈ ਸੇਵਕਾਂ ਨੂੰ ਮੋਹਰਾ ਬਣਾ ਰਹੇ ਹਨ। ਬੈਠਕ ਦੌਰਾਨ ਨਰੇਸ਼ ਪ੍ਰਧਾਨ, ਬਿਸ਼ਨ ਦਾਸ ਸਹੋਤਾ, ਗਿਆਨ ਚੰਦ ਪਦਮ, ਬੰਟੀ ਸੱਭਰਵਾਲ, ਅਸ਼ੋਕ ਭੀਲ, ਵਿਕਰਮ ਕਲਿਆਣ, ਸੋਮਨਾਥ ਮਹਿਤਪੁਰੀ, ਪਵਨ ਅਗਨੀਹੋਤਰੀ, ਜਨਕ ਰਾਜ ਬਾਹਰੀ, ਰਾਜਨ ਗੁਪਤਾ, ਵਿਨੋਦ ਗਿੱਲ ਆਦਿ ਕਈ ਨੁਮਾਇੰਦੇ ਮੌਜੂਦ ਸਨ।


shivani attri

Content Editor

Related News