'ਮਦਰਜ਼ ਡੇ' ਸਪੈਸ਼ਲ : ਮਾਂ ਤੋਂ 'ਸੁਪਰ ਮੌਮ' ਤੱਕ

Sunday, May 12, 2019 - 03:38 PM (IST)

'ਮਦਰਜ਼ ਡੇ' ਸਪੈਸ਼ਲ : ਮਾਂ ਤੋਂ 'ਸੁਪਰ ਮੌਮ' ਤੱਕ

ਮਾਂ ਬਣਨਾ ਇਕ ਔਰਤ ਦੇ ਜੀਵਨ ਦਾ ਸਭ ਤੋਂ ਸੁਖੀ ਅਹਿਸਾਸ ਹੈ। ਆਪਣੇ ਬੱਚੇ ਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਦੇਣ ਲਈ ਉਹ ਕਿਸੇ ਵੀ ਮੁਸ਼ਕਲ 'ਚੋਂ ਲੰਘਣ ਨੂੰ ਤਿਆਰ ਰਹਿੰਦੀ ਹੈ। ਉਹ ਜ਼ਮਾਨਾ ਗਿਆ, ਜਦੋਂ ਮਾਂ ਬੱਚਿਆਂ ਦੀ ਅਤੇ ਪਰਿਵਾਰ ਦੀ ਦੇਖਭਾਲ 'ਚ ਸਾਰਾ ਸਮਾਂ ਲੰਘਾ ਦਿੰਦੀ ਸੀ। ਅੱਜ ਮਾਂ ਬਣਨ ਤੋਂ ਬਾਅਦ ਵੀ ਔਰਤਾਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੀਆਂ ਹਨ। ਹਾਲਾਂਕਿ ਉਹ ਸਮਾਰਟ ਅਤੇ ਸਫਲ ਹੋਣ ਦੇ ਨਾਲ ਹਰ ਜ਼ਿੰਮੇਵਾਰੀ ਨਿਭਾਉਣ ਦੇ ਸਮਰੱਥ ਵੀ ਹੈ।

ਇਸ ਤਬਦੀਲੀ ਨਾਲ ਉਸ ਦੀ ਜ਼ਿੰਦਗੀ ਹੋਰ ਵੀ ਖੂਬਸੂਰਤ ਹੋ ਗਈ ਹੈ। ਮਾਂ ਬਣਨਾ ਉਸ ਦੀ ਤਰੱਕੀ ਅਤੇ ਕਰੀਅਰ ਲਈ ਰੁਕਾਵਟ ਨਹੀਂ ਰਹਿ ਗਿਆ ਹੈ। ਇਹੀ ਕਾਰਨ ਕਿ ਸਾਰੀਆਂ ਮਦਰਜ਼ ਅਤੇ ਉਨ੍ਹਾਂ ਦੇ ਗੌਰਵਮਈ ਮਾਂ ਬਣਨ ਲਈ ਮੁੱਖ ਤੌਰ 'ਤੇ ਪਰਿਵਾਰਕ ਅਤੇ ਆਪਸੀ ਸਬੰਧਾਂ ਨੂੰ ਮਾਣ ਦੇਣ ਲਈ ਗ੍ਰਾਫਟਨ ਵੈਸਟ ਵਰਜੀਨੀਆ 'ਚ ਏਨਾ ਜਾਰਵਿਸ ਵੱਲੋਂ 'ਮਦਰਜ਼-ਡੇ' ਦੀ ਸ਼ੁਰੂਆਤ ਕੀਤੀ ਗਈ ਸੀ। ਉਦੋਂ ਤੋਂ ਇਹ ਦਿਨ ਵਿਸ਼ਵ ਭਰ ਵਿਚ ਵੱਖ-ਵੱਖ ਦਿਨਾਂ ਨੂੰ ਮਨਾਇਆ ਜਾਣ ਲੱਗਾ।

ਕੁੱਝ ਵਿਦਵਾਨ ਤਾਂ ਇਸ ਦਿਨ ਦੀ ਸ਼ੁਰੂਆਤ ਪ੍ਰਾਚੀਨ ਗ੍ਰੀਸ ਤੋਂ ਮੰਨਦੇ ਹਨ। ਯੂਰਪ ਅਤੇ ਬ੍ਰਿਟੇਨ ਵਿਚ ਇਸ ਸਮੇਂ ਕਈ ਰਵਾਇਤਾਂ ਨਿਭਾਈਆਂ ਜਾਂਦੀਆਂ ਹਨ, ਜਿਸ ਦੇ ਅਧੀਨ ਇਕ ਖਾਸ ਐਤਵਾਰ ਨੂੰ ਮਦਰਜ਼ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਸ ਨੂੰ 'ਮਦਰਿੰਗ ਸੰਡੇ' ਕਿਹਾ ਜਾਂਦਾ ਹੈ। ਅਮਰੀਕਾ 'ਚ ਇਹ ਦਿਨ ਸਭ ਤੋਂ ਪਹਿਲਾਂ ਜੂਲੀਆ ਵਾਰਡ ਹੋਵੇ ਵੱਲੋਂ ਮਨਾਇਆ ਗਿਆ। ਚੀਨ 'ਚ ਇਸ ਦਿਨ ਮਾਂ ਨੂੰ ਭੇਟ ਵਜੋਂ ਗੁਲਨਾਰ ਦੇ ਫੁੱਲ ਦੇਣ ਦਾ ਰਿਵਾਜ ਹੈ। ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਨਾਏ ਜਾਣ ਵਾਲੇ ਮਦਰਜ਼-ਡੇ ਦਾ ਪ੍ਰਮੁੱਖ ਉਦੇਸ਼ ਮਾਂ ਪ੍ਰਤੀ ਸਨਮਾਨ ਅਤੇ ਪ੍ਰੇਮ ਪ੍ਰਦਰਸ਼ਿਤ ਕਰਨਾ ਹੈ। ਤਰੀਕੇ ਭਾਵੇਂ ਵੱਖਰੇ ਹੋਣ ਪਰ ਉਨ੍ਹਾਂ ਦੇ ਪਿੱਛੇ ਲੁਕੀ ਸਭ ਦੀ ਭਾਵਨਾ ਇਕ ਹੀ ਹੈ।

ਮਾਂ ਦਾ ਸਥਾਨ ਹਰ ਯੁੱਗ, ਹਰ ਕਾਲ 'ਚ ਵਿਲੱਖਣ ਅਤੇ ਅਣ-ਬਿਆਨਿਆ ਰਿਹਾ ਹੈ। ਸਾਰੀਆਂ ਸੱਭਿਅਤਾਵਾਂ ਅਤੇ ਸੰਸਕ੍ਰਿਤੀਆਂ 'ਚ ਮਾਂ ਵਿਸ਼ੇਸ਼ ਅਤੇ ਪੂਜਣਯੋਗ ਰਹੀ ਹੈ। ਉਹ ਹਿਮਾਲਿਆ ਤੋਂ ਉਚੀ ਅਤੇ ਮਹਾਸਾਗਰ ਤੋਂ ਡੂੰਘੀ ਹੈ। ਉਸ ਦੇ ਵਾਤਸਲ, ਪ੍ਰੇਮ ਅਤੇ ਕਰੁਣਾ ਦਾ ਕੋਈ ਦਾਇਰਾ ਨਹੀਂ, ਉਹ ਅਥਾਹ ਹੈ। ਇਕ ਸਮਾਂ ਸੀ, ਜਦੋਂ ਮਾਂ ਬਣਦਿਆਂ ਹੀ ਔਰਤ ਆਪਣੇ ਆਪ ਨੂੰ ਪਰਿਵਾਰ ਦੀ ਦੇਖਭਾਲ ਲਈ ਇਕ ਸੀਮਤ ਦਾਇਰੇ 'ਚ ਬੰਨ੍ਹ ਲੈਂਦੀ ਸੀ ਪਰ ਸਮਾਂ ਬਦਲਿਆ ਤਾਂ ਉਸ ਨੂੰ ਆਪਣੇ ਫੈਸਲੇ ਲੈਣ ਦੀ ਆਜ਼ਾਦੀ ਮਿਲੀ। ਆਪਣੇ ਕਰੀਅਰ, ਵਿਆਹ ਅਤੇ ਬੱਚੇ ਨਾਲ ਜੁੜੇ ਫੈਸਲੇ ਉਸ ਦੇ ਖੁਦ ਦੇ ਹਨ। ਪ੍ਰੈਗਨੈਂਸੀ ਦੇ ਮੁਸ਼ਕਲ ਦੌਰ 'ਚ ਉਹ ਆਰਾਮ ਕਰਨ ਦੀ ਬਜਾਏ ਕੰਮ ਨੂੰ ਮਹੱਤਵ ਦਿੰਦੀ ਹੈ। ਫੈਸ਼ਨੇਬਲ ਮੈਟਰਨਿਟੀ ਡ੍ਰੈਸ 'ਚ ਵੀ ਉਹ ਫੈਸ਼ਨ ਨੂੰ ਫਾਲੋ ਕਰਦੀ ਹੈ। ਇਸ ਦੌਰਾਨ ਹੋਣ ਵਾਲੀਆਂ ਸਰੀਰਕ ਤਬਦੀਲੀਆਂ ਨੂੰ ਲੈ ਕੇ ਵੀ ਉਹ ਕੰਫਰਟੇਬਲ ਰਹਿੰਦੀ ਹੈ ਕਿਉਂਕਿ ਉਹ ਡਲਿਵਰੀ ਤੋਂ ਬਾਅਦ ਫਿੱਟ ਰਹਿਣਾ ਜਾਣਦੀ ਹੈ। ਪਹਿਲਾਂ ਸਿਰਫ ਘਰ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਮਾਂ ਅੱਜ ਘਰ-ਬਾਹਰ ਦੋਵੇਂ ਸੰਭਾਰ ਰਹੀ ਹੈ। ਅੱਜ ਜੇਕਰ ਉਹ ਕੰਮ ਅਤੇ ਪਰਿਵਾਰ 'ਚ ਕਰੀਅਰ ਅਤੇ ਮਾਂ ਬਣਨ ਦਰਮਿਆਨ ਤਾਲਮੇਲ ਬਿਠਾ ਰਹੀ ਹੈ ਤਾਂ ਇਸ ਵਿਚ ਉਨ੍ਹਾਂ ਦੇ ਪਤੀ ਅਤੇ ਪਰਿਵਾਰ ਵਾਲਿਆਂ ਦੇ ਸਹਿਯੋਗ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅੱਜ ਸਾਰੇ ਆਪਣੀ ਸੋਚ ਵਿਚ ਤਬਦੀਲੀ ਲਿਆ ਕੇ ਔਰਤਾਂ ਦੀ ਆਜ਼ਾਦੀ ਦਾ ਸਨਮਾਨ ਕਰਨ ਲੱਗੇ ਹਨ।

ਅੱਜ ਦੀ ਮਾਡਰਨ ਮੌਮ ਮਦਰਹੁੱਡ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੋਈ ਆਪਣੇ 'ਵੂਮੈਨਹੁੱਡ' ਨੂੰ ਵੀ ਬਾਖੂਬੀ ਇੰਜੁਆਏ ਕਰ ਰਹੀ ਹੈ। ਸਮਾਰਟ ਮੌਮ ਦੇ ਰੂਪ 'ਚ ਉਹ ਬੱਚਿਆਂ ਦੀਆਂ ਭੌਤਿਕ, ਭਾਵਨਾਤਮਕ ਅਤੇ ਬੌਧਿਕ ਲੌੜਾਂ ਪੂਰੀਆਂ ਕਰ ਰਹੀ ਹੈ। ਉਹ ਰਿਸ਼ਤਿਆਂ ਨੂੰ ਵੀ ਨਿਭਾਉਣਾ ਜਾਣਦੀ ਹੈ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ 'ਸਮਾਰਟਲੀ' ਸਾਰਾ ਕੰਮ ਮੈਨੇਜ ਕਰਨਾ ਵੀ। ਉਹ ਆਪਣੀਆਂ ਪਹਿਲਾਂ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੈ।

-ਸਰਿਤਾ ਸ਼ਮਾ

 


author

cherry

Content Editor

Related News