ਮਿਜ਼ੋਰਮ ਦਾ ਤਸਕਰ 3 ਕਿਲੋਂ 70 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ

01/11/2019 11:05:50 AM

ਜਲੰਧਰ,(ਕਮਲੇਸ਼)—ਜਲੰਧਰ ਰੂਰਲ ਪੁਲਸ ਦੇ ਸੀ. ਆਈ. ਏ. ਸਟਾਫ-1 ਨੇ ਮਿਜ਼ੋਰਮ ਦੇ ਰਹਿਣ ਵਾਲੇ 23 ਸਾਲ ਦੇ ਟੈਕਸੀ ਡਰਾਈਵਰ ਨੂੰ 3 ਕਿਲੋ 70 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ 1 ਨੇ ਪੁਲਸ ਪਾਰਟੀ ਨਾਲ ਅੱਡਾ ਕੰਗ ਸਾਹਬੂ ਨੇੜੇ ਹਾਈਟੈੱਕ ਨਾਕਾਬੰਦੀ ਕੀਤੀ ਹੋਈ ਸੀ। ਰਾਤ 8 ਵਜੇ ਦੇ ਕਰੀਬ ਇਕ ਨੌਜਵਾਨ ਬੱਸ ਤੋਂ ਹੇਠਾਂ ਉਤਰਿਆ ਅਤੇ ਫਟਾਫਟ ਉੱਗੀ ਪਿੰਡ ਵਲ ਜਾਣ ਲੱਗਾ। ਨੌਜਵਾਨ ਨੇ ਮੋਢੇ 'ਤੇ ਬੈਗ ਟੰਗਿਆ ਹੋਇਆ ਸੀ। ਸ਼ੱਕ ਹੋਣ 'ਤੇ ਡੀ. ਐੱਸ. ਪੀ. ਸ਼ਾਹਕੋਟ ਪਰਮਿੰਦਰ ਸਿੰਘ ਅਤੇ ਸੀ. ਆਈ. ਏ. ਰੂਰਲ ਦੇ ਇੰਚਾਰਜ ਹਰਿੰਦਰ ਸਿੰਘ ਨੇ ਨੌਜਵਾਨ ਤੋਂ ਪੁੱਛ ਗਿੱਛ ਕੀਤੀ ਤਾਂ ਉਸਦੇ ਬੈਗ 'ਚੋਂ ਚੈੱਕ ਕਰਨ 'ਤੇ 3 ਕਿਲੋ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀ ਦੀ ਪਛਾਣ ਅਬਰਾਹਿਮ ਲਾਲਰਿਨਗੇਟਾ ਪੁੱਤਰ ਐੱਚ. ਪੀ. ਲਾਲਰੇਮਾਵੀਆ ਵਾਸੀ ਖੂਆਂਗਚੇਰਾ ਸੈਕਸ਼ਨ ਰਾਮਹਲੂਨ ਏਜਵਾਲ ਮਿਜ਼ੋਰਮ ਦੇ ਰੂਪ ਵਿਚ ਹੋਈ ਹੈ। ਦੋਸ਼ੀ ਨੌਜਵਾਨ ਖਿਲਾਫ ਥਾਣਾ ਸਦਰ ਨਕੋਦਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਪੁੱਛ-ਗਿੱਛ 'ਚ ਪਤਾ ਚਲਿਆ ਹੈ ਕਿ ਦੋਸ਼ੀ ਟੈਕਸੀ ਡਰਾਈਵਰ ਹੈ ਅਤੇ ਜਲਦੀ ਅਮੀਰ ਬਣਨ ਦੇ ਚੱਕਰ 'ਚ ਹੈਰੋਇਨ ਸਮੱਗਲਰ ਬਣ ਗਿਆ। ਅਬ੍ਰਾਹਿਮ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਕੰਗ ਸਾਹਬੂ 'ਚ ਬੱਸ 'ਚੋਂ ਉਤਰ ਕੇ ਇਕ ਕਾਲ ਕਰਨੀ ਸੀ। ਉਸ ਦੇ ਬਾਅਦ ਹੀ ਇਕ ਵਿਅਕਤੀ ਨੇ ਉਸ ਕੋਲੋਂ ਹੈਰੋਇਨ ਕੁਲੈਕਟ ਕਰਨੀ ਸੀ। ਸੀ. ਆਈ. ਏ. ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਦਾ 4 ਦਿਨਾ ਰਿਮਾਂਡ ਹਾਸਲ ਕੀਤਾ ਹੈ।


Related News