ਜਲੰਧਰ ਵਿਖੇ ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਲਾਏ ਗੰਭੀਰ ਦੋਸ਼
Friday, Nov 20, 2026 - 04:14 PM (IST)
ਜਲੰਧਰ (ਸੋਨੂੰ)- ਬਸਤੀ ਦੇ ਗ੍ਰੀਨ ਵੈਲੀ ਇਲਾਕੇ 'ਚ 2 ਦਿਨਾਂ ਤੋਂ ਲਾਪਤਾ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੇ ਪਰਿਵਾਰ ਅਤੇ ਸਥਾਨਕ ਵਾਸੀਆਂ ਨੇ ਪੁਲਸ ਪ੍ਰਸ਼ਾਸਨ 'ਤੇ ਮਾਮਲੇ ਨੂੰ ਦਬਾਉਣ, ਤੱਥਾਂ ਨੂੰ ਲੁਕਾਉਣ ਅਤੇ ਸਮੇਂ ਸਿਰ ਜਾਣਕਾਰੀ ਦੇਣ 'ਚ ਅਸਫ਼ਲ ਰਹਿਣ ਦੇ ਗੰਭੀਰ ਦੋਸ਼ ਲਗਾਏ ਹਨ। ਜਾਣਕਾਰੀ ਮੁਤਾਬਕ ਜਨਕ ਰਾਜ ਨਾਂ ਦਾ ਨੌਜਵਾਨ ਪਿਛਲੇ 2 ਦਿਨਾਂ ਤੋਂ ਆਪਣੇ ਘਰੋਂ ਲਾਪਤਾ ਸੀ।
ਪਰਿਵਾਰ ਵਾਲੇ ਉਸ ਦੀ ਲਗਾਤਾਰ ਭਾਲ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪੁਲਸ ਨੂੰ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਜਦੋਂ ਪਰਿਵਾਰ ਸਿਵਲ ਹਸਪਤਾਲ ਅਤੇ ਪੁਲਸ ਥਾਣੇ ਗਿਆ ਤਾਂ ਉਨ੍ਹਾਂ ਨੂੰ ਪਹਿਲਾਂ ਗੁੰਮਰਾਹ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਉਸ ਨਾਮ ਵਾਲਾ ਕੋਈ ਵੀ ਮੌਜੂਦ ਨਹੀਂ ਹੈ। ਕਾਫ਼ੀ ਕੋਸ਼ਿਸ਼ਾਂ ਅਤੇ ਸਵੇਰੇ 2 ਵਜੇ ਦੇ ਕਰੀਬ ਪੁਲਸ ਥਾਣੇ ਪਹੁੰਚਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਫੋਟੋਆਂ ਵਿਖਾਈਆਂ, ਜਿਸ ਨਾਲ ਪਰਿਵਾਰ ਨੇ ਆਪਣੇ ਪੁੱਤਰ ਦੀ ਪਛਾਣ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਮਾਤਾ ਵੈਸ਼ਨੋ ਦੇਵੀ ਜਾ ਰਹੇ ਪਰਿਵਾਰ ਦੀ ਕਾਰ ਖੱਡ 'ਚ ਪਲਟੀ, ਨਾਨੀ ਤੇ ਦੋਹਤੀ ਦੀ ਮੌਤ

ਮ੍ਰਿਤਕ ਦੇ ਪਿਤਾ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਨੂੰ ਨੌਜਵਾਨ ਦੀ ਜੇਬ ਵਿੱਚੋਂ ਇਕ ਪਛਾਣ ਪੱਤਰ ਮਿਲਿਆ ਸੀ, ਜਿਸ ਤੋਂ ਉਸ ਦਾ ਨਾਮ ਅਤੇ ਪਤਾ ਆਸਾਨੀ ਨਾਲ ਪਤਾ ਲੱਗ ਸਕਦਾ ਸੀ। ਇਸ ਦੇ ਬਾਵਜੂਦ ਪੁਲਸ ਨੇ ਪਰਿਵਾਰ ਨੂੰ ਸੂਚਿਤ ਨਹੀਂ ਕੀਤਾ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ, ਜਦਕਿ ਇਕ ਹੋਰ ਨੌਜਵਾਨ ਮੌਕੇ 'ਤੇ ਬੇਹੋਸ਼ ਪਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਵਿਖਾਈਆਂ ਗਈਆਂ ਤਸਵੀਰਾਂ 'ਚ ਨੌਜਵਾਨ ਬਿਲਕੁਲ ਸਾਫ਼ ਬਿਸਤਰੇ 'ਤੇ ਆਰਾਮ ਨਾਲ ਪਿਆ ਵਿਖਾਈ ਦੇ ਰਿਹਾ ਹੈ। ਪਰਿਵਾਰ ਸਵਾਲ ਕਰਦਾ ਹੈ ਕਿ ਜੇਕਰ ਨਸ਼ੇ ਦੀ ਵਰਤੋਂ ਹੋ ਰਹੀ ਸੀ ਤਾਂ ਬਿਸਤਰਾ ਇੰਨਾ ਸਾਫ਼ ਕਿਵੇਂ ਹੋ ਸਕਦਾ ਸੀ ਅਤੇ ਸਰਿੰਜਾਂ ਦੀਆਂ ਤਸਵੀਰਾਂ ਕਿਉਂ ਨਹੀਂ ਵਿਖਾਈਆਂ ਜਾ ਰਹੀਆਂ। ਪਰਿਵਾਰ ਨੇ ਮੰਨਿਆ ਕਿ ਉਨ੍ਹਾਂ ਦਾ ਪੁੱਤਰ ਸਿਵਲ ਹਸਪਤਾਲ 'ਚ ਨਸ਼ਾ ਛੱਡਣ ਲਈ ਦਵਾਈ ਲੈ ਰਿਹਾ ਸੀ, ਜਿੱਥੇ ਉਸ ਦਾ ਪੂਰਾ ਰਿਕਾਰਡ ਦਰਜ ਹੈ। ਪਰਿਵਾਰ ਨੇ ਪੂਰੀ ਘਟਨਾ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ: ਦੁਸਹਿਰਾ ਗਰਾਊਂਡ ਨੇੜੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ! ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
