ਗ੍ਰੀਸ ’ਚ ਪੰਜਾਬ ਦੇ 2 ਸਕੇ ਭਰਾਵਾਂ ਦਾ ਕਤਲ, 18 ਦਿਨਾਂ ਬਾਅਦ ਭਾਰਤ ਪਹੁੰਚਣਗੀਆਂ ਲਾਸ਼ਾਂ

Friday, Nov 20, 2026 - 03:08 AM (IST)

ਗ੍ਰੀਸ ’ਚ ਪੰਜਾਬ ਦੇ 2 ਸਕੇ ਭਰਾਵਾਂ ਦਾ ਕਤਲ, 18 ਦਿਨਾਂ ਬਾਅਦ ਭਾਰਤ ਪਹੁੰਚਣਗੀਆਂ ਲਾਸ਼ਾਂ

ਨਵੀਂ ਦਿੱਲੀ - ਪੰਜਾਬ ਤੋਂ ਰੋਜ਼ਗਾਰ ਦੀ ਭਾਲ ’ਚ ਗ੍ਰੀਸ ਗਏ 2 ਸਕੇ ਭਰਾਵਾਂ ਦੇ ਕਤਲ ਨੇ ਪੂਰੇ ਪਰਿਵਾਰ ਨੂੰ ਸਦਮੇ ’ਚ ਪਾ ਦਿੱਤਾ ਹੈ। ਜਲੰਧਰ ਦੇ ਸ਼ਾਹਕੋਟ ਖੇਤਰ ਦੇ ਪਿੰਡ ਤਲਵੰਡੀ ਸੰਘੇੜਾ ਦੇ ਰਹਿਣ ਵਾਲੇ ਦਲਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਦਾ 3 ਨਵੰਬਰ ਨੂੰ ਕਤਲ ਕਰ ਦਿੱਤਾ ਗਿਆ ਸੀ। ਹੁਣ 18 ਦਿਨਾਂ ਬਾਅਦ 21 ਨਵੰਬਰ ਨੂੰ ਦੋਵਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਪਹੁੰਚਣ ਦੀ ਉਮੀਦ ਹੈ। ਪਰਿਵਾਰ ਨੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿਵਾਉਣ ਦੇ ਨਾਲ-ਨਾਲ ਭਾਰਤ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਪਿਤਾ ਬੂਟਾ ਸਿੰਘ ਅਤੇ ਪਰਿਵਾਰ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਪਰਿਵਾਰ ਦਾ ਦੋਸ਼ ਹੈ ਕਿ ਕਤਲ ਤੋਂ ਪਹਿਲਾਂ ਦੋਵਾਂ ਭਰਾਵਾਂ ਨੂੰ ਲਗਾਤਾਰ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਧਮਕੀਆਂ ਨਾਲ ਸਬੰਧਤ ਆਡੀਓ ਰਿਕਾਰਡਿੰਗ ਅਤੇ ਹੋਰ ਸਬੂਤ ਮੌਜੂਦ ਹਨ। ਪਰਿਵਾਰ ਮੁਤਾਬਕ, ਰਿਕਾਰਡਿੰਗ ’ਚ ਸੰਦੀਪ ਨੂੰ ਕਿਸੇ ਅਣਸੁਖਾਵੀਂ ਘਟਨਾ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ। ਮਾਮਲੇ ’ਚ ਗ੍ਰੀਸ ਪੁਲਿਸ ਨੇ ਭਾਰਤੀ ਮੂਲ ਦੇ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਪਰਿਵਾਰ ਨੇ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਉਠਾਈ ਹੈ।


author

Inder Prajapati

Content Editor

Related News