ਮਾਤਾ ਚਿੰਤਪੁਰਨੀ ਮੇਲੇ ਦੌਰਾਨ NGOs ਤੇ ਸਿਵਲ ਡਿਫੈਂਸ ਵਾਲੰਟੀਅਰ ਨਿਭਾਅ ਰਹੇ ਬਾਖੂਬੀ ਜ਼ਿੰਮੇਵਾਰੀ

Wednesday, Jul 30, 2025 - 02:47 PM (IST)

ਮਾਤਾ ਚਿੰਤਪੁਰਨੀ ਮੇਲੇ ਦੌਰਾਨ NGOs ਤੇ ਸਿਵਲ ਡਿਫੈਂਸ ਵਾਲੰਟੀਅਰ ਨਿਭਾਅ ਰਹੇ ਬਾਖੂਬੀ ਜ਼ਿੰਮੇਵਾਰੀ

ਹੁਸ਼ਿਆਰਪੁਰ (ਘੁੰਮਣ)-ਵਰ੍ਹਦੇ ਮੀਂਹ ਅਤੇ ਤਪਦੀ ਧੁੱਪ ਵਿਚ ਜਦੋਂ ਆਮ ਲੋਕ ਆਸਰਾ ਅਤੇ ਛਾਂ ਭਾਲਦੇ ਹਨ, ਉਸ ਸਮੇਂ ਕੁਝ ਚਿਹਰੇ ਇਸ ਤਰ੍ਹਾਂ ਦੇ ਵੀ ਹਨ ਜੋ ਕਰਮਯੋਗ ਦੀ ਪਰਿਭਾਸ਼ਾ ਨੂੰ ਸਾਰਥਕ ਕਰ ਰਹੇ ਹਨ। ਇਹ ਚਿਹਰੇ ਹਨ, ਹੁਸ਼ਿਆਰਪੁਰ ਦੀਆਂ ਐੱਨ. ਜੀ. ਓਜ਼ ਅਤੇ ਸਿਵਲ ਡਿਫੈਂਸ ਦੇ ਵਾਲੰਟੀਅਰਾਂ ਦੇ, ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ‘ਚੜ੍ਹਦਾ ਸੂਰਜ’ ਮੁਹਿੰਮ ਤਹਿਤ ਮਾਤਾ ਚਿੰਤਪੂਰਨੀ ਮੇਲੇ ਨੂੰ ਸੁਚਾਰੂ ਅਤੇ ਸਾਫ਼-ਸੁਥਰਾ ਬਣਾਉਣ ਲਈ ਸਮਰਪਿਤ ਭਾਵਨਾ ਨਾਲ ਸੇਵਾ ਕਰ ਰਹੇ ਹਨ।

ਜ਼ਿਲ੍ਹਾ ਪ੍ਰਸ਼ਾਸਨ, ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਇਕ ਇਸ ਤਰ੍ਹਾਂ ਦਾ ਮਾਡਲ ਪੇਸ਼ ਕਰ ਰਿਹਾ ਹੈ, ਜਿਸ ਨੂੰ ਦੇਸ਼ ਭਰ ਵਿਚ ਦੁਹਰਾਇਆ ਜਾ ਸਕਦਾ ਹੈ। ਪਹਿਲਾਂ ਜਿੱਥੇ ਸ਼ਰਧਾਲੂਆਂ ਨੂੰ ਕੂੜੇ ਦੇ ਢੇਰਾਂ ਅਤੇ ਟ੍ਰੈਫਿਕ ਜਾਮ ਆਦਿ ਨਾਲ ਜੂਝਣਾ ਪੈਂਦਾ ਸੀ, ਉਥੇ ਇਸ ਸਾਲ ਦੀ ਤਸਵੀਰ ਇਕਦਮ ਵੱਖਰੀ ਹੈ। ਐੱਨ. ਜੀ. ਓਜ਼ ਅਤੇ ਸਿਵਲ ਡਿਫੈਂਸ ਵਰਕਰਾਂ ਨੇ ਖੁੱਦ ਨੂੰ ਨਿਰਸਵਾਰਥ ਸੇਵਾ-ਭਾਵਨਾ ਨਾਲ ਸਮਰਪਿਤ ਕੀਤਾ ਹੈ। ਉਹ ਸਿਰਫ਼ ਵਾਲੰਟੀਅਰ ਨਹੀਂ, ਸਗੋਂ ਇਸ ਮੇਲੇ ਦੇ ‘ਕਰਮਯੋਗੀ’ ਬਣੇ ਚੁੱਕੇ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਚੋਅ 'ਚ ਵੱਡਾ ਹਾਦਸਾ! ਵੀਡੀਓ ਵੇਖ ਖੜ੍ਹੇ ਜਾਣਗੇ ਰੌਂਗਟੇ

ਲਗਾਤਾਰ ਹੁੰਦੀ ਬਾਰਿਸ਼ ਵਿਚ ਵੀ ਟ੍ਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਵਾਲੰਟੀਅਰ 24 ਘੰਟੇ ਸਰਗਰਮ ਹਨ। ਸੰਗਤਾਂ ਦੀ ਆਵਾਜਾਈ ਵਿਚ ਕਿਸੇ ਪ੍ਰਕਾਰ ਦਾ ਵਿਘਨ ਨਾ ਪਵੇ, ਇਸ ਲਈ ਉਹ ਵਿਸ਼ੇਸ਼ ਸਾਵਧਾਨੀ ਨਾਲ ਕੰਮ ਕਰ ਰਹੇ ਹਨ। ਜੁੱਤੀਆਂ ਅਤੇ ਵਰਦੀਆਂ ਭਿੱਜਣ ਦੇ ਬਾਵਜੂਦ ਉਨ੍ਹਾਂ ਦੇ ਚਿਹਰਿਆਂ ’ਤੇ ਸੰਤੋਖ ਦੀ ਮੁਸਕਾਨ ਹੈ। ਜਿਥੇ ਪਹਿਲਾਂ ਕੂੜੇ ਦੇ ਢੇਰ ਸ਼ਰਧਾ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਸਨ, ਹੁਣ ਸਵੱਛਤਾ ਖੁੱਦ ਇਕ ਪੂਜਾ ਬਣ ਗਈ ਹੈ। ਵਾਲੰਟੀਅਰ ਸਵੇਰੇ-ਸ਼ਾਮ ਸਫਾਈ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ ਨਾ ਸਿਰਫ ਲੰਗਰਾਂ ਵਿਚ ਬਲਕਿ ਸੜਕਾਂ ਅਤੇ ਆਸ-ਪਾਸ ਦੇ ਹਲਕਿਆਂ ਨੂੰ ਵੀ ਸਾਫ ਰੱਖਣ ਵਿਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ।

ਮੇਲੇ ਵਿਚ ਆਯੋਜਿਤ ਲੰਗਰ ਹੁਣ ਪਲਾਸਟਿਕ ਮੁਕਤ ਹੋ ਗਏ ਹਨ, ਜਿਸ ਨਾਲ ਸ਼ਰਧਾਲੂਆਂ ਨੂੰ ਨਾ ਸਿਰਫ਼ ਵਧੀਆ ਮਾਹੌਲ ਮਹਿਸੂਸ ਹੁੰਦਾ ਹੈ ਬਲਕਿ ਵਾਤਾਵਰਣ ਪ੍ਰਤੀ ਜਾਗਰੂਕਤਾ ਵੀ ਵੱਧਦੀ ਹੈ। ਇਸ ਪਹਿਲ ਵਿਚ ਵੀ ਐੱਨ. ਜੀ. ਓਜ਼ ਅਤੇ ਸਿਵਲ ਡਿਫੈਂਸ ਦੀ ਖ਼ੁਦ ਦੀ ਹਿੱਸੇਦਾਰੀ ਸਲਾਹੁਣਯੋਗ ਰਹੀ ਹੈ। ਉਹ ਜਾਗਰੂਕਤਾ ਮੁਹਿੰਮ ਚਲਾ ਰਹੇ ਹਨ ਅਤੇ ਬਦਲਵੀ ਸਮੱਗਰੀ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੇ ਹਨ। ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਸਹਿਯੋਗ ਨਾਲ ਉਨ੍ਹਾਂ ਲੰਗਰ ਸੋਸਾਇਟੀਆਂ ਨੂੰ ਵਾਤਾਵਰਣ ਅਨਕੂਲ ਪਲੇਟਾਂ, ਡੂਨੇ ਅਤੇ ਚਮਚ ਵੀ ਦਿੱਤੇ ਜਾ ਰਹੇ ਹਨ, ਜੋ ਅਣਜਾਨੇ ਵਿਚ ਸਿੰਗਲ ਯੂਜ਼ ਪਲਾਸਟਿਕ ਲੈ ਕੇ ਆ ਗਏ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਲਿਆ ਗਿਆ ਵੱਡਾ ਫ਼ੈਸਲਾ

ਸ਼ਿਫਟ ਆਧਾਰਿਤ ਡਿਊਟੀ ਤਹਿਤ ਸਾਰੇ ਐੱਨ.ਜੀ.ਓਜ਼ ਦੇ ਮੈਂਬਰ ਇਕ-ਦੂਜੇ ਦਾ ਸਹਿਯੋਗ ਕਰ ਰਹੇ ਹਨ। ਇਹ ਨਾ ਕੇਵਲ ਕੰਮ ਦੀ ਗਤੀ ਵਧਾਉਂਦੇ ਹਨ ਬਲਕਿ ਆਪਸੀ ਸਨਮਾਨ ਅਤੇ ਸੇਵਾ ਭਾਵਨਾ ਨੂੰ ਵੀ ਮਜ਼ਬੂਤੀ ਦਿੰਦੇ ਹਨ। ਇਸ ਤਰ੍ਹਾਂ ਦੀ ਸਮੂਹਿਕ ਸਮਰਪਣ ਭਾਵਨਾ ਨਾਲ ਮੇਲੇ ਦੀ ਵਿਵਸਥਾ ਪਹਿਲੇ ਨਾਲੋਂ ਕਿਤੇ ਵੱਧ ਸੰਗਠਿਤ ਨਜ਼ਰ ਆਉਂਦੀ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਨ੍ਹਾਂ ਸਾਰੇ ਕਰਮਯੋਗੀਆਂ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸੇਵਾ ਕਰਨ ਵਾਲੇ ਇਨ੍ਹਾਂ ਕਰਮਯੋਗੀਆਂ ਦਾ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਸ਼ਰਧਾ ਅਤੇ ਸੇਵਾ ਭਾਵਨਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਹੀ ਹੁਸ਼ਿਆਰਪੁਰ ਨੂੰ ਵਿਸ਼ੇਸ਼ ਬਣਾਉਂਦੇ ਹਨ। ਇਸ ਕਾਰਜ ਪ੍ਰਣਾਲੀ ਨੇ ਨਾ ਸਿਰਫ ਸ਼ਰਧਾਲੂਆਂ ਦੀ ਸੁਵਿਧਾ ਯਕੀਨੀ ਬਣਾਈ ਹੈ ਸਗੋਂ ਇਹ ਉਸ ਸੋਚ ਨੂੰ ਵੀ ਉਜਾਗਰ ਕਰਦੀ ਹੈ ਕਿ ਪ੍ਰਸ਼ਾਸਨ ਅਤੇ ਨਾਗਰਿਕ ਸਹਿਯੋਗ ਨਾਲ ਕੁਝ ਵੀ ਸੰਭਵ ਹੋ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ ਸਿਵਲ ਹਸਪਤਾਲ ’ਚ ਹੋਈਆਂ 3 ਮੌਤਾਂ ਦੇ ਮਾਮਲੇ ਦੀ ਰਿਪੋਰਟ ਤਿਆਰ, ਵੱਡੇ ਅਧਿਕਾਰੀਆਂ 'ਤੇ ਡਿੱਗੇਗੀ ਗਾਜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News