ਜ਼ਿਆਦਾ ਪੈਸੇ ਵਸੂਲਣ ’ਤੇ ਮਕਸੂਦਾਂ ਮੰਡੀ ਦੇ ਦੋਵਾਂ ਗੇਟਾਂ ਨੂੰ ਫਿਰ ਤੋਂ ਵਿਰੋਧ ’ਚ ਕੀਤਾ ਬੰਦ

05/24/2023 11:12:05 AM

ਜਲੰਧਰ (ਵਰੁਣ)–ਮਕਸੂਦਾਂ ਸਬਜ਼ੀ ਮੰਡੀ ਵਿਚ ਫਿਰ ਤੋਂ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਸਰਕਾਰੀ ਰੇਟਾਂ ਤੋਂ ਜ਼ਿਆਦਾ ਪਰਚੀ ਦੀ ਫ਼ੀਸ ਵਸੂਲਣ ਦੇ ਵਿਰੋਧ ਵਿਚ ਮੰਗਲਵਾਰ ਸਵੇਰੇ 5.30 ਵਜੇ ਵਾਹਨ ਚਾਲਕਾਂ ਨੇ ਦੋਵੇਂ ਗੇਟ ਬੰਦ ਕਰ ਦਿੱਤੇ। ਗੇਟਾਂ ’ਤੇ ਵਾਹਨ ਖੜ੍ਹੇ ਕਰਕੇ ਰਸਤਾ ਬੰਦ ਕਰ ਦਿੱਤਾ ਗਿਆ ਜਦਕਿ ਪੌਣੇ ਘੰਟੇ ਬਾਅਦ ਜਾ ਕੇ ਮਾਮਲਾ ਸ਼ਾਂਤ ਹੋਇਆ। ਜਿਉਂ ਹੀ ਮਾਮਲਾ ਸ਼ਾਂਤ ਹੋਇਆ ਤਾਂ ਠੇਕੇਦਾਰ ਦੇ ਪਾਰਟਨਰ ਸਬਜ਼ੀ ਮੰਡੀ ਵਿਚ ਪਹੁੰਚ ਗਏ ਅਤੇ ਹੱਲ ਕੱਢਣ ਲਈ ਟਰਾਂਸਪੋਰਟਰਾਂ ਨਾਲ ਮੀਟਿੰਗ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ।

ਸੂਤਰਾਂ ਦੀ ਮੰਨੀਏ ਤਾਂ ਕੁਝ ਆੜ੍ਹਤੀਆਂ ਨੇ ਹੱਲ ਕੱਢਣ ਲਈ ਸਲਾਹ ਦਿੱਤੀ ਕਿ ਠੇਕੇਦਾਰ ਇਨ੍ਹਾਂ ਰੇਟਾਂ ਦੀ ਜਗ੍ਹਾ 2023 ਵਿਚ ਹੋਏ ਪਾਰਕਿੰਗ ਦੇ ਠੇਕੇ ਦੌਰਾਨ ਲਈ ਜਾਣ ਵਾਲੀ ਫ਼ੀਸ ਵੀ ਲਵੇ ਤਾਂ ਕਿ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ, ਹਾਲਾਂਕਿ ਮੀਟਿੰਗ ਦੌਰਾਨ ਵਿਚ-ਵਿਚ ਹੰਗਾਮਾ ਵੀ ਹੋਇਆ ਪਰ ਆੜ੍ਹਤੀਆਂ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ। ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਸੈਕਟਰੀ ਵੱਲੋਂ ਵੀ ਕਿਹਾ ਜਾ ਚੁੱਕਾ ਹੈ ਕਿ ਸਰਕਾਰੀ ਰੇਟਾਂ ਤੋਂ ਵੱਧ ਪੈਸੇ ਨਹੀਂ ਦੇਣੇ ਪਰ ਫਿਰ ਵੀ ਮੰਗਲਵਾਰ ਨੂੰ ਉਨ੍ਹਾਂ ਕੋਲੋਂ ਜ਼ਿਆਦਾ ਪੈਸੇ ਵਸੂਲੇ ਗਏ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਉਹ ਪੱਕੇ ਤੌਰ ’ਤੇ ਮੰਡੀ ਦੇ ਗੇਟਾਂ ’ਤੇ ਬੈਠ ਜਾਣਗੇ ਅਤੇ ਕਿਸੇ ਵੀ ਵਾਹਨ ਨੂੰ ਅੰਦਰ ਨਹੀਂ ਜਾਣ ਦੇਣਗੇ।

ਇਹ ਵੀ ਪੜ੍ਹੋ - ਸਰਹਿੰਦ ਨਹਿਰ ’ਚ ਰੁੜ੍ਹਦੀ ਵੇਖ ਬਜ਼ੁਰਗ ਔਰਤ ਨੂੰ ਬਚਾਉਣ ਗਿਆ ਨੌਜਵਾਨ ਖ਼ੁਦ ਵੀ ਰੁੜ੍ਹਿਆ, ਭਾਲ ਜਾਰੀ

PunjabKesari

ਲਗਭਗ ਪੌਣੇ ਘੰਟੇ ਦੇ ਵਿਰੋਧ ਤੋਂ ਬਾਅਦ ਆੜ੍ਹਤੀਆਂ ਦੇ ਵਾਹਨ ਬਾਹਰ ਫਸ ਗਏ ਤਾਂ ਉਨ੍ਹਾਂ ਮਾਹੌਲ ਨੂੰ ਸ਼ਾਂਤ ਕਰਵਾ ਦਿੱਤਾ। ਕੁਝ ਸਮੇਂ ਬਾਅਦ ਹੱਲ ਕੱਢਣ ਲਈ ਠੇਕੇਦਾਰ ਨੇ ਟਰਾਂਸਪੋਰਟਰਾਂ ਨਾਲ ਮੀਟਿੰਗ ਬੁਲਾ ਲਈ, ਜਿਸ ਵਿਚ ਸਭ ਤਰ੍ਹਾਂ ਦੇ ਵਾਹਨ ਚਾਲਕ ਸ਼ਾਮਲ ਹੋਏ।
ਮੀਟਿੰਗ ਵਿਚ ਇਹ ਗੱਲ ਤੈਅ ਹੋਈ ਕਿ ਜਿਹੜੇ ਰੇਟ ਉਹ ਪਹਿਲਾਂ ਠੇਕੇਦਾਰ ਨੂੰ ਦਿੰਦੇ ਸਨ, ਉਹੀ ਰੇਟ ਵਸੂਲੇ ਜਾਣਗੇ। ਦੂਜੇ ਪਾਸੇ ਸਰਕਾਰੀ ਛੁੱਟੀ ਹੋਣ ਕਾਰਨ ਠੇਕੇਦਾਰ ਕਮੇਟੀ ਵੱਲੋਂ ਕੀਤੇ 20 ਹਜ਼ਾਰ ਰੁਪਏ ਦੇ ਜੁਰਮਾਨੇ ਨੂੰ ਨਹੀਂ ਭਰ ਸਕੇ ਅਤੇ ਨਾ ਹੀ ਨੋਟਿਸ ਦਾ ਜਵਾਬ ਦਿੱਤਾ ਜਾ ਸਕਿਆ। ਉਮੀਦ ਹੈ ਕਿ ਮੰਗਲਵਾਰ ਨੂੰ ਠੇਕੇਦਾਰ ਕਮੇਟੀ ਨੂੰ ਆਪਣੇ ਵੱਲੋਂ ਸਪੱਸ਼ਟੀਕਰਨ ਅਤੇ ਜੁਰਮਾਨਾ ਭਰ ਦੇਣਗੇ।

ਬਾਥਰੂਮ ਸਿਰਫ਼ ਸੁਵਿਧਾ ਸੈਂਟਰ ਦੇ ਕਰਮਚਾਰੀਆਂ ਲਈ?
ਮਕਸੂਦਾਂ ਸਬਜ਼ੀ ਮੰਡੀ ਦੇ ਅੰਦਰ ਸਥਿਤ ਸੁਵਿਧਾ ਸੈਂਟਰ ਦੇ ਬਾਹਰ ਬਣੇ ਬਾਥਰੂਮ ’ਤੇ ਸਟਾਫ਼ ਦਾ ਕਬਜ਼ਾ ਹੈ। ਸੁਵਿਧਾ ਸੈਂਟਰ ਵਿਚ ਕੰਮ ਕਰਵਾਉਣ ਆਏ ਲੋਕਾਂ ਨੂੰ ਬਾਥਰੂਮ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਂਦੀ। ਸਟਾਫ਼ ਦੇ ਕਰਮਚਾਰੀਆਂ ਨੇ ਉਥੇ ਆਪਣਾ ਤਾਲਾ ਲਾਇਆ ਹੋਇਆ ਹੈ। ਜਦੋਂ ਉਨ੍ਹਾਂ ਖੁਦ ਬਾਥਰੂਮ ਦੀ ਵਰਤੋਂ ਕਰਨੀ ਹੁੰਦੀ ਹੈ ਤਾਂ ਉਹ ਤਾਲਾ ਖੋਲ੍ਹ ਦਿੰਦੇ ਹਨ, ਨਹੀਂ ਤਾਂ ਬਾਥਰੂਮ ਨੂੰ ਲਾਕ ਲੱਗਾ ਰਹਿੰਦਾ ਹੈ। ਸਟਾਫ਼ ਵਾਲੇ ਸਾਫ਼ ਕਹਿੰਦੇ ਹਨ ਕਿ ਇਹ ਬਾਥਰੂਮ ਉਨ੍ਹਾਂ ਲਈ ਬਣਾਇਆ ਗਿਆ ਹੈ, ਹਾਲਾਂਕਿ ਮੰਡੀ ਦੇ ਅੰਦਰ ਲੱਖਾਂ ਰੁਪਏ ਖ਼ਰਚ ਕਰਕੇ ਮਰਦਾਨਾ ਬਾਥਰੂਮ ਤਾਂ ਬਣਾਏ ਗਏ ਸਨ ਪਰ ਉਸ ਦੇ ਆਲੇ-ਦੁਆਲੇ ਕਾਫ਼ੀ ਲੰਮੇ ਸਮੇਂ ਤੋਂ ਕੂੜੇ ਦੇ ਢੇਰ ਲਾ ਦਿੱਤੇ ਗਏ ਹਨ, ਜਿਸ ਕਾਰਨ ਉਥੋਂ ਤੱਕ ਪਹੁੰਚ ਪਾਉਣਾ ਮੁਸ਼ਕਿਲ ਹੈ। ਜਿਹੜੇ ਬਾਥਰੂਮ ਖੁੱਲ੍ਹੇ ਹਨ, ਉਥੇ ਕਦੀ ਤਾਂ ਪਾਣੀ ਦੀ ਕਿੱਲਤ ਰਹਿੰਦੀ ਹੈ ਅਤੇ ਕਦੀ ਬਲਾਕੇਜ ਦੀ ਸਮੱਸਿਆ। ਔਰਤਾਂ ਲਈ ਮੰਡੀ ਦੇ ਅੰਦਰ ਪਖਾਨੇ ਦੀ ਕੋਈ ਖ਼ਾਸ ਸਹੂਲਤ ਨਹੀਂ ਹੈ।

ਇਹ ਵੀ ਪੜ੍ਹੋ - ਕਲਯੁਗੀ ਮਾਂ ਦਾ ਰੂਹ ਕੰਬਾਊ ਕਾਰਾ, 10 ਸਾਲਾ ਬੱਚੀ ਦੇ ਸਰੀਰ 'ਤੇ ਦਾਗੇ ਗਰਮ ਸਰੀਏ, ਪ੍ਰਾਈਵੇਟ ਪਾਰਟ ਤੱਕ ਨਹੀਂ ਛੱਡਿਆ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


shivani attri

Content Editor

Related News