ਅਮਰੀਕਾ ''ਚ ਰਹਿੰਦੇ ਬੀਮਾਰ ਪਿਤਾ ਕੋਲ ਨਾ ਪਹੁੰਚ ਸਕਿਆ ਪੁੱਤ, ਦੁਖੀ ਹੋ ਕੇ ਲਾਇਆ ਮੌਤ ਨੂੰ ਗਲੇ

04/30/2020 9:29:31 PM

ਜਲੰਧਰ (ਵਰੁਣ)— ਅਮਰੀਕਾ 'ਚ ਰਹਿੰਦੇ ਆਪਣੇ ਪਰਿਵਾਰ ਦੇ ਕੋਲ ਨਾ ਪਹੁੰਚ ਸਕਣ ਕਰਕੇ ਇਕ ਵਿਅਕਤੀ ਟਰਾਂਸਪੋਰਟਰ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਟਰਾਂਸਪੋਰਟਰ ਦੀ ਪਛਾਣ ਪਰਮਜੀਤ ਸਿੰਘ (38) ਪੁੱਤਰ ਕ੍ਰਿਪਾਲ ਸਿੰਘ ਵਾਸੀ ਮੋਤੀ ਨਗਰ ਦੇ ਰੂਪ 'ਚ ਹੋਈ ਹੈ।

ਕੈਂਸਰ ਪੀੜਤ ਪਿਤਾ ਦੇ ਕੋਲ ਜਾਣਾ ਚਾਹੁੰਦਾ ਸੀ ਪਰਮਜੀਤ  
ਮਿਲੀ ਜਾਣਕਾਰੀ ਮੁਤਾਬਕ ਟਰਾਂਸਪੋਰਟਰ ਅਮਰੀਕਾ 'ਚ ਰਹਿੰਦੇ ਆਪਣੇ ਕੈਂਸਰ ਪੀੜਤ ਪਿਤਾ ਦੇ ਕੋਲ ਜਾਣਾ ਚਾਹੁੰਦਾ ਸੀ ਪਰ ਫਾਈਲ ਰਿਜੈਕਟ ਹੋਣ ਦੇ ਬਾਅਦ ਉਹ ਕਾਫੀ ਪਰੇਸ਼ਾਨ ਸੀ। ਦੋ ਸਾਲਾਂ ਤੋਂ ਉਸ ਨੇ ਟਰਾਂਸਪੋਰਟਰ ਦਾ ਕੰਮ ਵੀ ਖਤਮ ਕਰ ਦਿੱਤਾ ਸੀ।

ਥਾਣਾ ਇਕ ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੋਤੀ ਨਗਰ 'ਚ ਰਹਿਣ ਵਾਲੇ ਟਰਾਂਸਪੋਰਟਰ ਨੇ ਫਾਹਾ ਲਗਾ ਕੇ ਜਾਨ ਦੇ ਦਿੱਤੀ ਹੈ। ਮੌਕੇ 'ਤੇ ਪਹੁੰਚਣ 'ਤੇ ਪਤਾ ਲੱਗਾ ਕਿ ਪਰਮਜੀਤ ਸਿੰਘ ਦੇ ਮਾਤਾ-ਪਿਤਾ ਅਤੇ ਭਰਾ-ਭੈਣ ਸਾਰੇ ਅਮਰੀਕਾ 'ਚ ਸੈਟਲ ਹੈ। ਪਰਮਜੀਤ ਸਿੰਘ ਨੇ ਕੁਝ ਡਿਸਟ੍ਰੀਬਿਊਟਰ ਦੇ ਇਥੇ ਆਪਣੇ ਟਰਾਲੇ ਲਗਾਏ ਹੋਏ ਸਨ ਪਰ ਵਿਦੇਸ਼ ਜਾਣ ਦੇ ਲਈ ਉਸ ਨੇ 2018 'ਚ ਸਾਰੇ ਟਰਾਲੇ ਵੇਚ ਕੇ ਪੈਸਾ ਬੈਂਕ 'ਚ ਜਮ੍ਹਾ ਕਰ ਦਿੱਤਾ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਪਿਤਾ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਹਨ। ਪਰਮਜੀਤ ਨੇ ਪਿਤਾ ਦੇ ਕੋਲ ਜਾਣ ਲਈ ਫਾਈਲ ਲਗਾਈ ਸੀ, ਜੋਕਿ ਰਿਜੈਕਟ ਹੋ ਗਈ। ਫਾਈਲ ਰਿਜੈਕਟ ਹੋਣ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੂੰ ਅਮਰੀਕਾ ਦੀ ਪੀ. ਆਰ. ਮਿਲ ਚੁੱਕੀ ਹੈ। ਉਸ ਨੂੰ ਦੁੱਖ ਸੀ ਕਿ ਫਾਈਲ ਲਗਾਉਣ ਤੋਂ ਪਹਿਲਾਂ ਜੇਕਰ ਉਸ ਦੇ ਮਾਪਿਆਂ ਨੂੰ ਪੀ. ਆਰ. ਮਿਲਦੀ ਤਾਂ ਉਹ ਆਸਾਨੀ ਨਾਲ ਵਿਦੇਸ਼ ਜਾ ਸਕਦਾ ਸੀ।

ਨਸ਼ਾ ਕਰਨ ਦਾ ਆਦੀ ਵੀ ਸੀ ਪਰਮਜੀਤ
ਹਾਲਾਂਕਿ ਇਲਾਕੇ ਦੇ ਲੋਕਾਂ ਦੀ ਮੰਨੀਏ ਤਾਂ ਪਰਮਜੀਤ ਸਿੰਘ ਨਸ਼ਾ ਕਰਨ ਲੱਗ ਗਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਹੁਣ ਕਰਫਿਊ ਕਾਰਨ ਉਸ ਨੂੰ ਨਸ਼ਾ ਨਹੀਂ ਮਿਲ ਪਾ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਪਰਮਜੀਤ ਦੀ ਪਤਨੀ ਨੇ ਦੱਸਿਆ ਕਿ ਦੇਰ ਰਾਤ ਉਸ ਦਾ ਪਤੀ ਖਾਣਾ ਖਾਣ ਤੋਂ ਬਾਅਦ ਕਮਰੇ 'ਚ ਚਲਾ ਗਿਆ ਸੀ ਪਰ ਸਵੇਰੇ ਜਦੋਂ ਉਹ ਚਾਹ ਦੇਣ ਗਈ ਤਾਂ ਕਾਫੀ ਵਾਰ ਦਰਵਾਜਾ ਖੜ੍ਹਕਾਉਣ ਤੋਂ ਬਾਅਦ ਅੰਦਰੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਨੇੜੇ ਦੇ ਲੋਕਾਂ ਨੇ ਪੌੜੀਆਂ ਲਗਾ ਕੇ ਪਰਮਜੀਤ ਦੇ ਕਮਰੇ ਦੀ ਬਾਲਕਨੀ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਲੋਕਾਂ ਨੇ ਇਲਾਕੇ 'ਤੇ ਲੱਗੇ ਨਾਕੇ 'ਤੇ ਤਾਇਨਾਤ ਪੁਲਸ ਨੂੰ ਸੂਚਨਾ ਦਿੱਤੀ , ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਦਰਵਾਜਾ ਤੋੜਿਆ ਅਤੇ ਥਾਣਾ ਇਕ ਦੇ ਇੰਚਾਰਜ ਨੂੰ ਦੱਸਿਆ। ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਪਰਮਜੀਤ ਦੀ ਇਕ 10 ਸਾਲ ਦੀ ਬੇਟੀ ਅਤੇ 12 ਸਾਲ ਦਾ ਬੇਟਾ ਹੈ।


shivani attri

Content Editor

Related News