ਟਰੈਕਟਰ-ਟਰਾਲੀ ਨਾਲ ਮੋਟਰਸਾਈਕਲ ਦੀ ਟੱਕਰ ''ਚ ਨੌਜਵਾਨ ਦੀ ਮੌਤ, ਪੁਲਸ ਤੇ ਲੋਕਾਂ ਵਿਚਾਲੇ ਹੋਈ ਤਿੱਖੀ ਬਹਿਸ
Monday, Nov 06, 2023 - 12:43 PM (IST)
ਗੁਰਾਇਆ (ਮੁਨੀਸ਼) : ਗੁਰਾਇਆ ’ਚ ਦੇਰ ਰਾਤ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਉੱਥੇ ਹੀ ਮੌਕੇ 'ਤੇ ਮੌਜੂਦ ਲੋਕਾਂ ’ਚ ਪੁਲਸ ਪ੍ਰਸ਼ਾਸਨ ਖਿਲਾਫ ਰੋਸ ਦੇਖਣ ਨੂੰ ਮਿਲਿਆ, ਜਿੱਥੇ ਲੋਕਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜ਼ਖਮੀ ਵਿਅਕਤੀ ਨੂੰ ਚੁੱਕ ਕੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੁਲਸ ਵੱਲੋਂ ਹੱਥ ਨਹੀਂ ਲਾਉਣ ਦਿੱਤਾ ਗਿਆ ਤੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੇ ਘਰ ਵਾਲਿਆ ਦੀ ਉਡੀਕ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮ ਨੇ ਹੱਥ ਜੋੜ ਕੇ ਆਪਣੀ ਜਾਨ ਛੁਡਾਈ।
ਇਹ ਵੀ ਪੜ੍ਹੋ : ਈ. ਟੀ. ਟੀ. ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਪਾਇਆ ਸਟੇਟਸ
ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਕਸ਼ਮੀਰੀ ਲਾਲ ਪੁੱਤਰ ਗੁਰਮੇਲ ਚੰਦ ਵਜੋ ਹੋਈ ਹੈ, ਜੋ ਕਿ ਗੁਰਾਇਆ ਤੋਂ ਜਲੰਧਰ ਵਾਲੀ ਸਾਈਡ ਜਾ ਰਿਹਾ ਸੀ। ਗੋਹਾਵਰ ਦੇ ਪੈਟਰੋਲ ਪੰਪ ਸਾਹਮਣੇ ਹਾਈਵੇ ’ਤੇ ਅਣਪਛਾਤੇ ਟਰੈਕਟਰ-ਟਰਾਲੀ ਨਾਲ ਉਸ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਨੌਜਵਾਨ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਹੁਣ ਇੱਥੇ ਇਹ ਵੀ ਸਵਾਲ ਖੜ੍ਹਾ ਹੁੰਦਾ ਹੈ ਕਿ ਜੇਕਰ ਲੋਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਣ ਲਈ ਤਿਆਰ ਸਨ ਤਾਂ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕਿਉਂ ਰੋਕਿਆ ਗਿਆ ਤੇ ਨੌਜਵਾਨ ਦੀ ਮੌਤ ਦਾ ਜਿੰਮੇਵਾਰ ਕੌਣ ਹੈ?
ਇਸ ਸੰਬੰਧੀ ਜਦ ਐੱਸ.ਆਈ. ਜਗਦੀਸ਼ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਐਕਸੀਡੈਂਟ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਪੁਲਸ ’ਤੇ ਲਾਏ ਦੋਸ਼ਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਕਿਹਾ ਕਿ ਕਿਸੇ ਨੂੰ ਕੋਈ ਦਬਕਾ ਨਹੀਂ ਮਾਰਿਆ ਗਿਆ ਸਗੋਂ ਉਨ੍ਹਾਂ ਦੀ ਦਾਰੂ ਪੀਤੀ ਹੋਣ ਕਰ ਕੇ ਉਨ੍ਹਾਂ ਨੂੰ ਮਨ੍ਹਾ ਕੀਤਾ ਗਿਆ ਸੀ। ਬਾਅਦ ’ਚ ਸਰਕਾਰੀ ਗੱਡੀ ਮੰਗਵਾ ਕੇ ਮ੍ਰਿਤਕ ਦੀ ਲਾਸ਼ ਫਗਵਾੜਾ ਸਿਵਲ ਹਸਪਤਾਲ ਵਿਖੇ ਭੇਜੀ ਗਈ, ਜਿਸ ਤੋਂ ਬਾਅਦ ਅੱਜ ਫਿਲੌਰ ਲਿਜਾ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਦਿੱਤਾ ਰਾਜਪਾਲ ਨੂੰ ਆਦੇਸ਼, ਕਿਹਾ- 'ਅਜਿਹੇ ਮਾਮਲੇ ਸੁਪਰੀਮ ਕੋਰਟ ਆਉਣ ਤੋਂ ਪਹਿਲਾਂ ਹੀ ਸੁਲਝਾਓ'
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8