ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ''ਚ ਮਿਲੀ ਸਾਈਕਲ ਦਾ ਨਹੀਂ ਮਿਲਿਆ ਕੋਈ ਰਿਕਾਰਡ

03/04/2020 5:39:54 PM

ਜਲੰਧਰ (ਵਰੁਣ)— ਟਰਾਂਸਪੋਰਟ ਨਗਰ ਚੌਕ ਤੋਂ ਕੁਝ ਦੂਰੀ 'ਤੇ ਬੋਰੀ 'ਚੋਂ ਮਿਲੀ ਸਿਰ ਕਟੀ ਲਾਸ਼ ਦੇ ਮਾਮਲੇ 'ਚ ਹੁਣੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਦੇ ਨਾਲ ਮਿਲੀ ਸਾਈਕਲ ਦਾ ਰਿਕਾਰਡ ਲੈਣ ਲਈ ਜਲੰਧਰ ਪੁਲਸ ਨੇ ਲੁਧਿਆਣਾ ਸਥਿਤ ਸਾਈਕਲਾਂ ਦੀ ਫੈਕਟਰੀ ਵਿਚ ਜਾ ਕੇ ਵੀ ਜਾਂਚ ਕੀਤੀ ਪਰ ਕੋਈ ਰਿਕਾਰਡ ਨਹੀਂ ਮਿਲਿਆ। ਥਾਣਾ-8 ਦੇ ਇੰਚਾਰਜ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਸਾਈਕਲਾਂ ਦੇ ਨੰਬਰ ਨੋਟ ਕੀਤੇ ਜਾਂਦੇ ਸਨ ਪਰ ਹੁਣ ਸਾਈਕਲ ਦੇ ਮਾਲਕ ਦਾ ਪਤਾ ਲੱਗਣਾ ਨਾਮੁਮਕਿਨ ਹੈ। ਉਨ੍ਹਾਂ ਕਿਹਾ ਕਿ ਸਾਈਕਲ ਤੋਂ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।

PunjabKesari

ਪੁਲਸ ਨੇ ਘਟਨਾ ਸਥਾਨ ਦੇ ਆਸ-ਪਾਸ ਲੱਗੇ ਕੈਮਰਿਆਂ ਦੀ ਚੈਕਿੰਗ ਕੀਤੀ ਹੈ ਪਰ ਉਨ੍ਹਾਂ ਵਿਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲਸ ਨੇ ਧੜ ਦਾ ਪੋਸਟਮਾਰਟਮ ਕਰਵਾ ਕੇ ਸਸਕਾਰ ਵੀ ਕਰਵਾ ਦਿੱਤਾ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਦੀ ਰਾਤ ਨੂੰ ਟਰਾਂਸਪੋਰਟ ਨਗਰ ਚੌਕ ਦੇ ਕੋਲ ਇਕ ਬੋਰੀ ਵਿਚੋਂ ਸਿਰ ਕਟੀ ਲਾਸ਼ ਮਿਲੀ ਸੀ। ਲਾਸ਼ ਦੇ ਕੋਲ ਹੀ ਸਾਈਕਲ ਡਿੱਗਿਆ ਹੋਇਆ ਸੀ।

ਪੁਲਸ ਨੂੰ ਸ਼ੱਕ ਸੀ ਕਿ ਸਾਈਕਲ ਉੱਤੇ ਹੀ ਲਾਸ਼ ਨੂੰ ਉੱਥੇ ਸੁੱਟਿਆ ਗਿਆ ਸੀ ਪਰ ਸੀ. ਸੀ. ਟੀ. ਵੀ. ਫੁਟੇਜ ਵਿਚ ਅਜਿਹਾ ਕੋਈ ਵੀ ਸਾਈਕਲ ਨਹੀਂ ਮਿਲਿਆ, ਜਿਸ ਦੇ ਪਿੱਛੇ ਬੋਰੀ ਪਈ ਹੋਵੇ। ਅਜਿਹੇ ਵਿਚ ਲਾਸ਼ ਨੂੰ ਕਿਸੇ ਗੱਡੀ ਵਿਚ ਪਾ ਕੇ ਸੁੱਟਣ ਦਾ ਸ਼ੱਕ ਸੀ, ਜਦੋਂਕਿ ਸਾਈਕਲ ਵੀ ਲਾਸ਼ ਦੇ ਨਾਲ ਹੀ ਸੁੱਟਿਆ ਗਿਆ। ਪੁਲਸ ਨੇ ਲਾਸ਼ ਦੇ ਨਾਲ ਮਿਲੀਆਂ ਬੋਰੀਆਂ ਦੀ ਵੀ ਜਾਂਚ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਕਪੂਰਥਲਾ ਰਾਈਸ ਮਿੱਲ 'ਤੇ ਇਹ ਜਾਂਚ ਵੀ ਆ ਕੇ ਰੁਕ ਗਈ ਪਰ ਬੋਰੀਆਂ ਅੱਗੇ ਵੇਚਣ ਦਾ ਰਿਕਾਰਡ ਨਹੀਂ ਮਿਲਿਆ ਸੀ। ਥਾਣਾ-8 ਦੀ ਪੁਲਸ ਨੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਸੀ। ਮ੍ਰਿਤਕ ਦੇ ਹੱਥ-ਪੈਰ ਬੰਨ੍ਹ ਕੇ ਉਸ ਦਾ ਸਿਰ ਧੜ ਨਾਲੋਂ ਵੱਖ ਕੀਤਾ ਗਿਆ ਸੀ।


ਇਹ ਵੀ ਪੜ੍ਹੋ: ਜਲੰਧਰ: ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ


shivani attri

Content Editor

Related News