ਯੁੱਧ ਨਸ਼ਿਆਂ ਵਿਰੁੱਧ ਤਹਿਤ ਜਲੰਧਰ ''ਚ ਵੱਡੀ ਕਾਰਵਾਈ, ਘਰ ਦੇ ਹਿੱਸੇ ਨੂੰ ਤੋੜਨ ਮਗਰੋਂ ਛਿੜਿਆ ਨਵਾਂ ਵਿਵਾਦ

Monday, Sep 01, 2025 - 05:33 PM (IST)

ਯੁੱਧ ਨਸ਼ਿਆਂ ਵਿਰੁੱਧ ਤਹਿਤ ਜਲੰਧਰ ''ਚ ਵੱਡੀ ਕਾਰਵਾਈ, ਘਰ ਦੇ ਹਿੱਸੇ ਨੂੰ ਤੋੜਨ ਮਗਰੋਂ ਛਿੜਿਆ ਨਵਾਂ ਵਿਵਾਦ

ਜਲੰਧਰ (ਵਰੁਣ)-ਗੜ੍ਹਾ ਦੇ ਫੱਗੂ ਮੁਹੱਲੇ ਵਿਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੌਰਾਨ ਨਸ਼ਾ ਸਮੱਗਲਰ ਰਾਹੁਲ ਉਰਫ਼ ਚਿੜੀ ਅਤੇ ਉਸ ਦੇ ਭਰਾ ਸੌਰਵ ਦੇ ਘਰ ਦੇ ਹਿੱਸੇ ਨੂੰ ਤੋੜਨ ਤੋਂ ਬਾਅਦ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ। ਪੁਲਸ ਵੱਲੋਂ ਘਰ ਦਾ ਜੋ ਹਿੱਸਾ ਤੋੜਿਆ ਗਿਆ ਸੀ, ਉਹ ਨਸ਼ਾ ਸਮੱਗਲਰ ਭਰਾਵਾਂ ਦੇ ਤਾਏ ਦੇ ਬੇਟੇ ਦਾ ਨਿਕਲਿਆ ਜਦੋਂ ਕਿ ਉਸ ਹਿੱਸੇ ਦੀ ਇਕ ਵੀ ਇੱਟ ਨਹੀਂ ਤੋੜੀ ਗਈ, ਜੋ ਨਸ਼ਾ ਸਮੱਗਲਰਾਂ ਦਾ ਸੀ। ਇਸ ਗੱਲ ਦਾ ਖ਼ੁਲਾਸਾ ਖ਼ੁਦ ਘਰ ਵਿਚ ਰਹਿਣ ਵਾਲੇ ਨਸ਼ਾ ਸਮੱਗਲਰਾਂ ਦੇ ਤਾਏ ਦੇ ਬੇਟੇ ਸਾਗਰ ਨੇ ਕੀਤਾ।

ਇਹ ਵੀ ਪੜ੍ਹੋ: ਜਲੰਧਰ 'ਚ ਹੜ੍ਹ ਵਰਗੇ ਹਾਲਾਤ! ਕੈਂਟ ਡੁੱਬਾ, ਭੁੱਲ ਕੇ ਵੀ ਨਾ ਜਾਣਾ ਇਨ੍ਹਾਂ ਰਾਹਾਂ 'ਤੇ

ਸਾਗਰ ਨੇ ਨਗਰ ਨਿਗਮ ਵੱਲੋਂ ਭੇਜਿਆ ਨੋਟਿਸ ਵਿਖਾਇਆ ਅਤੇ ਦੱਸਿਆ ਕਿ ਉਕਤ ਨੋਟਿਸ ਰਾਹੁਲ ਉਰਫ਼ ਚਿੜੀ ਅਤੇ ਸੌਰਵ ਦੇ ਨਾਂ ’ਤੇ ਹੈ ਜੋ ਨਸ਼ੇ ਵੇਚਦੇ ਸਨ ਅਤੇ ਹੁਣ ਜੇਲ੍ਹ ਵਿਚ ਹਨ। ਉਨ੍ਹਾਂ ਕਿਹਾ ਕਿ ਕਾਰਵਾਈ ਤੋਂ ਪਹਿਲਾਂ ਥਾਣਾ 7 ਦੀ ਪੁਲਸ ਟੀਮ ਆਈ ਸੀ, ਜਿਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਰਾਹੁਲ ਅਤੇ ਸੌਰਵ ਦੇ ਘਰ ਦਾ ਹਿੱਸਾ ਉਨ੍ਹਾਂ ਦੇ ਪਿੱਛੇ ਹੈ। ਪੁਲਸ ਮੰਨ ਗਈ ਪਰ ਜਦੋਂ ਪੁਲਸ ਫੋਰਸ ਕਾਰਵਾਈ ਦੌਰਾਨ ਪਹੁੰਚੀ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਹਿੱਸੇ ’ਚ ਆਉਣ ਵਾਲੇ ਮਕਾਨ ਦਾ ਫਰੰਟ ਤੋੜਨਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਪੁਲਸ ਟੀਮਾਂ ਰਾਹੁਲ ਅਤੇ ਸੌਰਵ ਦੇ ਘਰ ਵਿਚ ਵੀ ਗਈਆਂ ਪਰ ਉੱਥੇ ਇਕ ਵੀ ਇੱਟ ਨਹੀਂ ਤੋੜੀ ਪਰ ਜੋ ਮਕਾਨ ਉਸਦੇ ਪਿਤਾ ਨੇ ਬਣਾਇਆ ਸੀ, ਉਸ ਦਾ ਫਰੰਟ ਤੋੜ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ: BDPO ਤੇ ਸਾਬਕਾ ਸਰਪੰਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਕਾਰਾ ਜਾਣ ਹੋਵੋਗੇ ਹੈਰਾਨ

ਸਾਗਰ ਨੇ ਕਿਹਾ ਕਿ ਜੇਕਰ ਇਹ ਗੈਰ-ਕਾਨੂੰਨੀ ਕਬਜ਼ਾ ਹੈ ਤਾਂ ਅਜਿਹਾ ਕਬਜ਼ਾ ਉਨ੍ਹਾਂ ਦੇ ਆਂਢ-ਗੁਆਂਢ ਤੋਂ ਸ਼ੁਰੂ ਹੁੰਦਾ ਹੈ, ਫਿਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਸਾਗਰ ਨੇ ਕਿਹਾ ਕਿ ਉਸ ਵਿਰੁੱਧ ਇਕ ਲੜਾਈ-ਝਗੜੇ ਦਾ ਮਾਮਲਾ ਵੀ ਦਰਜ ਨਹੀਂ ਹੈ। ਦੋਸ਼ ਹੈ ਕਿ ਜਦੋਂ ਉਸ ਦੇ ਹਿੱਸੇ ਵਾਲੇ ਘਰ ਦਾ ਅਗਲਾ ਹਿੱਸਾ ਤੋੜਿਆ ਗਿਆ ਤਾਂ ਉਸ ਨੇ ਅਤੇ ਉਸ ਦੀ ਪਤਨੀ ਨੇ ਵਿਰੋਧ ਕੀਤਾ, ਜਿਸ ਤੋਂ ਬਾਅਦ ਕੁਝ ਪੁਲਸ ਮੁਲਾਜ਼ਮਾਂ ਨੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਗੁਆਂਢੀ ਦੇ ਘਰ ਵਿਚ ਬੰਦ ਕਰ ਦਿੱਤਾ ਅਤੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਬੁਲਾਇਆ ਜਾਂ ਵਿਰੋਧ ਕੀਤਾ ਤਾਂ ਪੂਰਾ ਘਰ ਢਾਹ ਦਿੱਤਾ ਜਾਵੇਗਾ।

PunjabKesari

ਸਾਗਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਬਿਜਲੀ ਦੇ ਮੀਟਰ ਵੀ ਵੱਖਰੇ ਹਨ। ਦੂਜੇ ਪਾਸੇ, ਸਥਾਨਕ ਲੋਕਾਂ ਨੇ ਵੀ ਸਾਗਰ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ ਇਹ ਗਲਤ ਕਾਰਵਾਈ ਕੀਤੀ ਗਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪੁਲਸ ਟੀਮ ਬਾਥਰੂਮ ਵੀ ਢਾਹ ਰਹੀ ਸੀ ਪਰ ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਵਿਰੋਧ ਕੀਤਾ ਤਾਂ ਉਸ ਨੂੰ ਛੱਡ ਦਿੱਤਾ ਗਿਆ। ਸਾਗਰ ਨੇ ਸੀ. ਐੱਮ. ਮਾਨ ਨੂੰ ਕਿਹਾ ਕਿ ਕੁਝ ਅਧਿਕਾਰੀ ਬਿਨਾਂ ਜਾਂਚ ਦੇ ਬੇਕਸੂਰ ਲੋਕਾਂ ਵਿਰੁੱਧ ਕਾਰਵਾਈ ਕਰ ਰਹੇ ਹਨ। ਉਹ ਨਸ਼ਿਆਂ ਵਿਰੁੱਧ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ ਹਨ ਪਰ ਉਨ੍ਹਾਂ ਦਾ ਘਰ ਬਿਨਾਂ ਕਿਸੇ ਅਪਰਾਧਿਕ ਰਿਕਾਰਡ ਦੇ ਢਾਹ ਦਿੱਤਾ ਗਿਆ। ਸਾਗਰ ਨੇ ਸੀ. ਐੱਮ. ਮਾਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਨਹੀਂ ਰੁਕ ਰਿਹਾ ਕੁਦਰਤ ਦਾ ਕਹਿਰ! ਪੰਜਾਬ 'ਚ ਹੜ੍ਹਾਂ ਨਾਲ ਭਾਰੀ ਤਬਾਹੀ, ਹੁਣ ਤੱਕ 14936 ਲੋਕਾਂ ਦਾ ਰੈਸਕਿਊ

ਨੋਟਿਸ ਨਿਗਮ ਨੇ ਭੇਜਿਆ, ਸਾਡਾ ਕੰਮ ਸੁਰੱਖਿਆ ਦੇਣਾ ਸੀ: ਏ. ਸੀ. ਪੀ. ਮਾਡਲ ਟਾਊਨ
ਜਦੋਂ ਇਸ ਸਬੰਧ ਵਿਚ ਏ. ਸੀ. ਪੀ. ਮਾਡਲ ਟਾਊਨ ਰੂਪਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਨੋਟਿਸ ਭੇਜੇ ਗਏ ਸਨ। ਉਹ ਮੌਕੇ ’ਤੇ ਮੌਜੂਦ ਸੀ ਪਰ ਪੁਲਸ ਦਾ ਕੰਮ ਸੁਰੱਖਿਆ ਪ੍ਰਦਾਨ ਕਰਨਾ ਸੀ ਤਾਂ ਜੋ ਸਾਰੀ ਕਾਰਵਾਈ ਸ਼ਾਂਤੀਪੂਰਵਕ ਹੋ ​​ਸਕੇ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਉਨ੍ਹਾਂ ਨੂੰ ਪਤਾ ਹੈ, ਘਰ ਦੀ ਰਜਿਸਟਰੀ ਇਕ ਹੀ ਹੈ। ਇਸ ਨੂੰ ਉਸ ਜਗ੍ਹਾ ਤੋਂ ਢਾਹ ਦਿੱਤਾ ਗਿਆ ਹੈ ਜਿੱਥੇ ਕਬਜ਼ਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ: CM ਭਗਵੰਤ ਮਾਨ ਵੱਲੋਂ ਟਾਂਡਾ ਵਿਖੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ, ਕੀਤਾ ਵੱਡਾ ਐਲਾਨ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News