ਨਾਜਾਇਜ਼ ਸ਼ਰਾਬ ਨਾਲ ਫੜਿਆ ਸੈਂਟਰਲ ਵਿਧਾਨ ਸਭਾ ਹਲਕੇ ਦੇ ਆਗੂ ਬਾਰੇ ਸਾਹਮਣੇ ਆਈ ਇਹ ਗੱਲ
Wednesday, Jun 14, 2023 - 02:15 PM (IST)
ਜਲੰਧਰ (ਮਹੇਸ਼)- ਥਾਣਾ ਮਾਡਲ ਟਾਊਨ ਦੀ ਪੁਲਸ ਵੱਲੋਂ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਨਾਲ ਕਾਬੂ ਕੀਤਾ ਗਿਆ ਮੁਲਜ਼ਮ ‘ਆਪ’ ਨੇਤਾ ਸੈਂਟਰਲ ਵਿਧਾਨ ਸਭਾ ਹਲਕਾ ਜਲੰਧਰ ਦੇ ਵਾਰਡ ਨੰ. 8 ਤੋਂ ਆ ਰਹੇ ਨਗਰ ਨਿਗਮ ਚੋਣਾਂ ’ਚ ਕੌਂਸਲਰ ਦੀ ਟਿਕਟ ਦਾ ਪ੍ਰਮੁੱਖ ਦਾਅਵੇਦਾਰ ਸੀ ਅਤੇ ਕਾਫ਼ੀ ਸਮੇਂ ਤੋਂ ਲਗਾਤਾਰ ਉਹ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਉਸ ਖ਼ਿਲਾਫ਼ ਥਾਣਾ ਡਿਵੀਜ਼ਨ ਨੰ. 6 ’ਚ ਮਾਮਲਾ ਦਰਜ ਕੀਤੇ ਜਾਣੇ ਨਾਲ ਸੈਂਟਰਲ ਹਲਕੇ ’ਚ ਪਾਰਟੀ ਹੋਰ ਕਮਜ਼ੋਰ ਪੈ ਸਕਦੀ ਹੈ, ਕਿਉਂਕਿ ਲੋਕ ਸਭਾ ਜ਼ਿਮਨੀ ਚੋਣ ’ਚ ਪਹਿਲਾਂ ਹੀ ਇਸ ਹਲਕੇ ਤੋਂ ਆਮ ਆਦਮ ਪਾਰਟੀ ਨੂੰ ਦੂਜਾ ਸਥਾਨ ਮਿਲਿਆ ਸੀ ਅਤੇ ਪੂਰੇ ਜ਼ਿਲ੍ਹੇ ’ਚ ਸਾਰੇ ਵਿਧਾਨ ਸਭਾ ਹਲਕਿਆਂ ਦੇ ਮੁਕਾਬਲੇ ਪਾਰਟੀ ਨੂੰ ਸਭ ਤੋਂ ਘੱਟ ਵੋਟਾਂ ਇਸ ਹਲਕੇ ’ਚ ਮਿਲੀਆਂ ਸਨ, ਜਿਸ ਨਾਲ ਸਬਕ ਲੈਂਦੇ ਹੋਏ ਹਲਕੇ ਦੇ ਵਿਧਾਇਕ ਨੇ ਆਪਣੀ ਰਾਜਨੀਤਕ ਗਤੀਵਿਧੀਆਂ ਨੂੰ ਹਲਕੇ ’ਚ ਵਧਾ ਦਿੱਤਾ ਸੀ ਅਤੇ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਤਾਲਮੇਲ ਕਰਨ ’ਚ ਜੁੱਟ ਗਿਆ ਸੀ।
ਰਾਮਾ ਮੰਡੀ ਦੇ ਹੀ ਇਕ ਇਲਾਕੇ ’ਚ ਰਹਿਣ ਵਾਲੇ ਪੁਲਸ ਰਿਮਾਂਡ ’ਤੇ ਲਏ ਇਸ ‘ਆਪ’ ਨੇਤਾ ਨੇ ਕੁਝ ਦਿਨ ਪਹਿਲਾਂ ਹੀ ਵਿਧਾਇਕ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਪਣੇ ਵਾਰਡ ਅਧੀਨ ਆਉਂਦੇ ਇਲਾਕਿਆਂ ’ਚ ਨਵੀਂ ਬਣ ਰਹੀ ਸੜਕ ਦਾ ਉਦਘਾਟਨ ਵੀ ਆਪਣੇ ਕਰ ਕਮਲਾਂ ਨਾਲ ਕੀਤਾ ਸੀ। ਇਸ ਤੋਂ ਇਲਾਵਾ ਉਸ ਨੂੰ ਵਿਧਾਇਕ ਰਮਨ ਅਰੋੜਾ ਨਾਲ ਕਈ ਉਦਘਾਟਨ ਸਮਾਰੋਹਾਂ ’ਚ ਅਕਸਰ ਵੇਖਿਆ ਜਾਂਦਾ ਰਿਹਾ ਹੈ। ਉਸ ਨੂੰ ਵਿਧਾਇਕ ਦਾ ਕਾਫ਼ੀ ਭਰੋਸੇ ਵਾਲਾ ਪੜ੍ਹਿਆ ਲਿਖਿਆ ਅਤੇ ਸੂਝਵਾਨ ਨੌਜਵਾਨ ਨੇਤਾ ਮੰਨਿਆ ਜਾਂਦਾ ਸੀ। ਨਾਜਾਇਜ਼ ਸ਼ਰਾਬ ਨਾਲ ਕਾਬੂ ਕੀਤਾ ਗਿਆ ਇਹ ‘ਆਪ’ ਨੇਤਾ ਕਾਂਗਰਸ ’ਚ ਹੁੰਦੇ ਹੋਏ ਵੀ ਜ਼ਿਲ੍ਹਾ ਕਾਂਗਰਸ ਦੇ ਓ. ਬੀ. ਸੀ. ਸੈੱਲ ਦਾ ਲੰਬੇ ਅਰਸੇ ਤੱਕ ਚੇਅਰਮੈਨ ਰਿਹਾ ਅਤੇ ਇਸ ਤੋਂ ਇਲਾਵਾ ਕਾਂਗਰਸ ’ਚ ਕਈ ਅਹਿਮ ਅਹੁਦਿਆਂ ’ਤੇ ਇਸ ਨੇ ਕੰਮ ਕੀਤਾ।
ਇਹ ਵੀ ਪੜ੍ਹੋ- CM ਮਾਨ ਨੇ ‘ਆਪ’ ਦੇ ਨਵੇਂ ਅਹੁਦੇਦਾਰਾਂ ਨੂੰ ਦਿੱਤਾ ਚੋਣਾਂ ਲਈ ਡਟਣ ਦਾ ਸੱਦਾ, ਲਾਈ ਇਹ ਜ਼ਿੰਮੇਵਾਰੀ
'ਆਪ' ਨੇ ਆਉਣ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਵੀ ਇਸ ਦੀ ਜਲੰਧਰ ’ਚ ਬੜੀ ਭੂਮਿਕਾ ਸਾਹਮਣੇ ਆਈ ਸੀ। ਕਾਂਗਰਸ ’ਚ ਰਹਿੰਦੇ ਹੋਏ ਵੀ ਤ੍ਰਿਲੋਕ ਸਿੰਘ ਨਾਮਕ ਇਹ ਨੇਤਾ ਕੌਂਸਲਰ ਦੀ ਟਿਕਟ ਦੀ ਮੰਗ ਕਰ ਰਿਹਾ ਸੀ ਪਰ ਜਦੋਂ ਇਸ ਨੂੰ ਟਿਕਟ ਮਿਲਦੀ ਨਜ਼ਰ ਨਹੀਂ ਆਈ ਤਾਂ ਇਸ ਨੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਾ ਵੀ ਠੀਕ ਸਮਝਿਆ। ਇਹ ਨੇਤਾ ਜੀ ਰਾਜਨੀਤੀ ਦੇ ਇਲਾਵਾ ਖੇਡਾਂ ਤੇ ਹੋਰ ਭਲਾਈ ਦੇ ਕੰਮਾਂ ਨੂੰ ਵੀ ਸਪਾਂਸਰ ਕਰਦੇ ਦਿਖਾਈ ਦਿੰਦੇ ਰਹੇ ਹਨ, ਜਿਸ ਕਾਰਨ ਉਹ ਉੱਚ ਪੁਲਸ ਅਧਿਕਾਰੀਆਂ ਦੇ ਸੰਪਰਕ ’ਚ ਵੀ ਰਹਿੰਦਾ ਸੀ। ਸੋਮਵਾਰ ਸਵੇਰ ਤੋਂ ਜਦੋਂ ਉਸ ਦੇ ਫੜੇ ਜਾਣ ਦੀ ਚਰਚਾ ਰਾਮਾ ਮੰਡੀ ਬਾਜ਼ਾਰ ’ਚ ਹੋਣ ਲੱਗੀ ਤਾਂ ਹਰ ਕੋਈ ਸੁਣ ਕੇ ਹੈਰਾਨ ਰਹਿ ਗਿਆ।
ਦੁਪਹਿਰ ਤੱਕ ਤਾਂ ਅਜਿਹਾ ਲੱਗ ਰਿਹਾ ਸੀ ਕਿ ਪੁਲਸ ਵੱਲੋਂ ਬਰਾਮਦ ਕੀਤੀ ਗਈ ਨਾਜਾਇਜ਼ ਸ਼ਰਾਬ ਨਾਲ ਉਸ ਦਾ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ ਪਰ ਦੇਰ ਸ਼ਾਮ ਨੂੰ ਪੁਲਸ ਨੇ ਉਸ ਨੂੰ ਐੱਫ਼. ਆਈ. ਆਰ. ’ਚ ਨਾਮਜ਼ਦ ਕਰਦਿਆਂ ਉਸ ਦੀ ਗ੍ਰਿਫ਼ਤਾਰੀ ਵੀ ਪਾ ਦਿੱਤੀ ਅਤੇ ਉਸ ਨੂੰ ਆਪਣੇ ਅੱਗੇ ਜ਼ਮੀਨ ’ਤੇ ਬਿਠਾ ਕੇ ਉਸ ਦੀ ਫੋਟੋ ਵੀ ਖਿੱਚਵਾ ਦਿੱਤੀ। ਇਸ ਨੇਤਾ ਖ਼ਿਲਾਫ਼ ਪਹਿਲਾਂ ਕੋਈ ਵੀ ਕ੍ਰਿਮੀਨਲ ਮਾਮਲਾ ਦਰਜ ਸਾਹਮਣੇ ਨਹੀਂ ਆਇਆ ਹੈ ਪਰ ਇਸ ਦੇ ਫੜੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਦੀਆਂ ਪ੍ਰੇਸ਼ਾਨੀਆਂ ਵੀ ਕਾਫ਼ੀ ਵਧ ਗਈਆਂ ਹਨ। ਹਲਕਾ ਵਿਧਾਇਕ ਨੂੰ ਮਹਿਸੂਸ ਹੋਣ ਲੱਗਾ ਸੀ ਕਿ ਕਿਤੇ ਲੋਕ ਸਭਾ ਉੱਪ ਚੋਣ ਦੀ ਤਰ੍ਹਾਂ ਨਿਗਮ ਚੋਣਾਂ ’ਚ ਵੀ ਉਨ੍ਹਾਂ ਦੇ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਹਾਰ ਨਾ ਹੋ ਜਾਵੇ ਤੇ ਅਜਿਹੇ ’ਚ ਪਾਰਟੀ ’ਚ ਉਨ੍ਹਾਂ ਦਾ ਅਕਸ ਵੀ ਖ਼ਰਾਬ ਹੋ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਇਨ੍ਹਾਂ ਲੋਕਾਂ ਨੂੰ 2 ਰੁਪਏ ਕਿਲੋ ਦੀ ਬਜਾਏ ਮੁਫ਼ਤ ਮਿਲੇਗੀ ਕਣਕ, ਸਰਕਾਰ ਵੱਲੋਂ ਕੋਟਾ ਜਾਰੀ
ਇਸ ਕਾਰਨ ਉਨ੍ਹਾਂ ਨੇ ਨਵੇਂ ਸਿਰੇ ਤੋਂ ਨਗਰ ਨਿਗਮ ਚੋਣਾਂ ’ਚ ਕੌਂਸਲਰ ਦਾ ਚੋਣ ਲੜਣ ਦੇ ਲਈ ਨਵੇਂ ਤੇ ਮਜ਼ਬੂਤ ਉਮੀਦਵਾਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਵਾਰਡ ਨੰ. 8 ਤੋਂ ਕੌਂਸਲਰ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਦੇ ਫੜੇ ਜਾਣ ਤੋਂ ਬਾਅਦ ਹੁਣ ਵਿਧਾਇਕ ਨੂੰ ਇਸ ਵਾਰਡ ’ਚ ਵੀ ਨਵਾਂ ਉਮੀਦਵਾਰ ਤਲਾਸ਼ਣਾ ਹੋਵੇਗਾ ਤੇ ਇਹ ਉਨ੍ਹਾਂ ਲਈ ਕਾਫੀ ਕਠਿਨ ਹੋ ਸਕਦਾ ਹੈ ਕਿਉਂਕਿ ਇਸ ਵਾਰਡ ’ਚ ਕਾਂਗਰਸ ਵੱਲੋਂ ਵੀ ਕਾਫ਼ੀ ਮਜ਼ਬੂਤ ਮੌਜੂਦਾ ਕੌਂਸਲਰ ਹੈ, ਜੋਕਿ ਇਲਾਕੇ ’ਚ ਆਪਣੀ ਚੰਗੀ ਪਕੜ ਰੱਖਦਾ ਹੈ। ਉਸ ਨੂੰ ਚੁਣਾਵੀ ਟੱਕਰ ਫੜਿਆ ਗਿਆ ‘ਆਪ’ ਨੇਤਾ ਹੀ ਦੇ ਸਕਦਾ ਹੈ।
ਆਪ ਨੇਤਾ ਨੂੰ ਅਜੇ ਤੱਕ ਨਹੀਂ ਕੀਤਾ ਗਿਆ ਪਾਰਟੀ ਤੋਂ ਬਰਖ਼ਾਸਤ
ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਨੇਤਾ ਤ੍ਰਿਲੋਕ ਸਿੰਘ ਨੂੰ ਪਾਰਟੀ ਤੋਂ ਅਜੇ ਤੱਕ ਬਰਖਾਸਤ ਨਹੀਂ ਕੀਤਾ ਗਿਆ ਹੈ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਪਾਰਟੀ ਨੇ ਭਾਰੀ ਮਾਤਰਾ ’ਚ ਬਰਾਮਦ ਹੋਈ ਸ਼ਰਾਬ ਅਤੇ ਪੁਲਸ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸ਼ਾਇਦ ਪਾਰਟੀ ਦੇ ਵੱਡੇ ਨੇਤਾ ਅਜਿਹਾ ਸਮਝ ਰਹੇ ਹਨ ਕਿ ਜੇਕਰ ਉਹ ਉਸ ਨੂੰ ਪਾਰਟੀ ਤੋਂ ਕੱਢਦੇ ਹਨ ਤਾਂ ਇਸ ਨਾਲ ਪਾਰਟੀ ਦੀ ਬਦਨਾਮੀ ਹੋਰ ਜ਼ਿਆਦਾ ਹੋ ਸਕਦੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani