ਲਾਡੋਵਾਲੀ ਰੋਡ ’ਤੇ ਵੱਡੀਆਂ-ਵੱਡੀਆਂ ਪਾਈਪਾਂ ਪਾਉਣ ਲਈ ਜਲਦ ਖੋਦਾਈ ਸ਼ੁਰੂ ਕਰਨ ਦੇ ਨਿਰਦੇਸ਼

04/16/2021 1:49:46 PM

ਜਲੰਧਰ (ਖੁਰਾਣਾ)–ਸਤਲੁਜ ਦਰਿਆ ਦੇ ਪਾਣੀ ਨੂੰ ਟਰੀਟ ਕਰਕੇ ਪੀਣ ਯੋਗ ਬਣਾਉਣ ਤੋਂ ਬਾਅਦ ਉਸ ਨੂੰ ਜਲੰਧਰ ਦੇ ਘਰਾਂ ਵਿਚ ਸਪਲਾਈ ਕਰਨ ਵਾਲੇ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਪੂਰੇ ਸ਼ਹਿਰ ਦੀਆਂ ਸੜਕਾਂ ਨੂੰ ਖੋਦਿਆ ਜਾਣਾ ਹੈ ਤਾਂ ਕਿ ਅੰਡਰਗਰਾਊਂਡ ਪਾਈਪਲਾਈਨ ਪਾਈ ਜਾ ਸਕੇ। ਇਸ ਪ੍ਰਾਜੈਕਟ ਤਹਿਤ ਅੱਡਾ ਹੁਸ਼ਿਆਰਪੁਰ ਤੋਂ ਭਗਤ ਸਿੰਘ ਚੌਂਕ ਵੱਲ ਜਾਂਦੀ ਸੜਕ ਅਤੇ ਡੀ. ਏ. ਵੀ. ਫਲਾਈਓਵਰ ਤੋਂ ਵਰਕਸ਼ਾਪ ਚੌਕ ਵੱਲ ਜਾਂਦੀ ਮੇਨ ਸੜਕ ਦੀ ਖੋਦਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਹੁਣ ਨਿਗਮ ਪ੍ਰਸ਼ਾਸਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪਾਣੀ ਦੀਆਂ ਵੱਡੀਆਂ-ਵੱਡੀਆਂ ਪਾਈਪਾਂ ਪਾਉਣ ਲਈ ਲਾਡੋਵਾਲੀ ਰੋਡ ’ਤੇ ਜਲਦ ਖੋਦਾਈ ਸ਼ੁਰੂ ਕੀਤੀ ਜਾਵੇ।

ਇਹ ਖੋਦਾਈ ਅਲਾਸਕਾ ਚੌਂਕ ਤੋਂ ਬੀ. ਐੱਸ. ਐੱਫ. ਵਿਚਕਾਰ ਪੈਂਦੀ ਸੜਕ ’ਤੇ ਹੋਵੇਗੀ ਅਤੇ ਇਸ ਪ੍ਰਾਜੈਕਟ ਕਾਰਨ ਆਉਣ ਵਾਲੇ ਕਈ ਮਹੀਨਿਆਂ ਦੌਰਾਨ ਇਸ ਇਲਾਕੇ ਦੇ ਦੁਕਾਨਦਾਰਾਂ ਦਾ ਕੰਮਕਾਜ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਸ ਸੜਕ ’ਤੇ ਜਲਦ ਖੋਦਾਈ ਸ਼ੁਰੂ ਕਰਨ ਦਾ ਫੈਸਲਾ ਅੱਜ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੌਰਾਨ ਲਿਆ ਗਿਆ।
ਇਸ ਦੌਰਾਨ ਕਮਿਸ਼ਨਰ ਕਰਣੇਸ਼ ਸ਼ਰਮਾ ਤੋਂ ਇਲਾਵਾ ਬੀ. ਐਂਡ ਆਰ. ਮਹਿਕਮੇ ਦੇ ਸਾਰੇ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਨਵੀਆਂ ਸੜਕਾਂ ਦੇ ਨਿਰਮਾਣ ’ਤੇ ਚਰਚਾ ਹੋਈ, ਜਿਸ ਦੌਰਾਨ ਸਾਹਮਣੇ ਆਇਆ ਕਿ ਲਾਡੋਵਾਲੀ ਰੋਡ ’ਤੇ ਪਾਣੀ ਵਾਲੀਆਂ ਪਾਈਪਾਂ ਪਾਉਣ ਤੋਂ ਬਾਅਦ ਹੀ ਨਵੀਆਂ ਸੜਕਾਂ ਦਾ ਨਿਰਮਾਣ ਹੋ ਸਕੇਗਾ। ਇਸ ਲਈ ਪਹਿਲਾਂ ਖੋਦਾਈ ਦਾ ਕੰਮ ਸ਼ੁਰੂ ਕਰਵਾਇਆ ਜਾਵੇ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਰੋਡ-ਗਲੀਆਂ ਕਵਰ ਕੀਤੀਆਂ ਤਾਂ ਹੋਵੇਗੀ ਕਾਰਵਾਈ
ਮੀਟਿੰਗ ਦੌਰਾਨ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਮੋਤਾ ਸਿੰਘ ਨਗਰ ਵਿਚ ਸੜਕ ਦੇ ਨਿਰਮਾਣ ਕਾਰਜ ਦੌਰਾਨ ਕਈ ਘਰਾਂ ਨੇ ਆਪਣੇ ਅੱਗੇ ਪੈਂਦੀਆਂ ਰੋਡ-ਗਲੀਆਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹੇ ਘਰਾਂ ਦੇ ਮਾਲਕਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿਚ ਨਿਗਮ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਿਕਸੇ ਰੋਡ-ਗਲੀ ਨੂੰ ਬੰਦ ਨਾ ਕੀਤਾ ਜਾਵੇ ਤਾਂ ਕਿ ਬਰਸਾਤੀ ਪਾਣੀ ਨਿਕਲਣ ਵਿਚ ਕੋਈ ਸਮੱਸਿਆ ਨਾ ਆਵੇ।

PunjabKesari

ਚੋਣਾਂ ਤੋਂ ਪਹਿਲਾਂ ਤੇਜ਼ ਕੀਤਾ ਜਾਵੇਗਾ ਸੜਕ ਦਾ ਨਿਰਮਾਣ ਕਾਰਜ
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ ਕੁਝ ਹੀ ਮਹੀਨੇ ਦਾ ਸਮਾਂ ਬਾਕੀ ਹੈ। ਇਸੇ ਮਿਆਦ ਦੌਰਾਨ ਬਰਸਾਤੀ ਸੀਜ਼ਨ ਅਤੇ ਸਰਦੀਆਂ ਦਾ ਸੀਜ਼ਨ ਵੀ ਆਉਣ ਵਾਲਾ ਹੈ, ਜਿਸ ਦੌਰਾਨ ਨਵੀਆਂ ਸੜਕਾਂ ਦਾ ਨਿਰਮਾਣ ਨਹੀਂ ਹੋ ਸਕੇਗਾ। ਇਸ ਲਈ ਚੋਣਾਂ ਤੋਂ ਪਹਿਲਾਂ ਨਿਗਮ ਕੋਲ 2-3 ਮਹੀਨੇ ਦਾ ਸਮਾਂ ਹੀ ਬਾਕੀ ਬਚਿਆ ਹੈ, ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਦਾ ਨਿਰਮਾਣ ਤੇਜ਼ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਰੁੜਕਾ ਕਲਾਂ ਪਿੰਡ ਦੀ ਪਹਿਲ, ਬਰਸਾਤੀ ਪਾਣੀ ਨੂੰ ਬਚਾਉਣ ਲਈ ਛੱਤ ’ਤੇ ਲਾਇਆ ‘ਵਾਟਰ ਰਿਚਾਰਜ ਪਲਾਂਟ’

ਨਿਗਮ ਅਧਿਕਾਰੀਆਂ ਨੇ ਮੇਅਰ ਨੂੰ ਦੱਸਿਆ ਕਿ ਬਾਬਾ ਮੋਹਨ ਦਾਸ ਨਗਰ ਵਾਲੀ ਮੇਨ ਰੋਡ ਅਤੇ ਅੰਮ੍ਰਿਤ ਵਿਹਾਰ ਵਾਲੀ ਸੜਕ ਦਾ ਕੰਮ ਪੂਰਾ ਹੋ ਗਿਆ ਹੈ। ਸੋਢਲ ਰੇਲਵੇ ਫਾਟਕ ਤੋਂ ਸਰਕੂਲਰ ਰੋਡ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ। ਬੀ. ਐੱਮ. ਸੀ. ਫਲਾਈਓਵਰ ’ਤੇ ਵੈਲਡਿੰਗ ਦਾ ਕੰਮ ਖਤਮ ਹੋਣ ਵਾਲਾ ਹੈ ਅਤੇ ਉਥੇ ਸੜਕ ਦਾ ਨਿਰਮਾਣ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਲਈ 2-4 ਦਿਨਾਂ ਬਾਅਦ ਫਲਾਈਓਵਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਸ਼ਾਸਤਰੀ ਮਾਰਕੀਟ ਤੋਂ ਮਦਨ ਫਲੋਰ ਵੱਲ ਜਾਣ ਵਾਲੀ ਸੜਕ ਨੂੰ ਵੀ ਜਲਦ ਬਣਾਇਆ ਜਾਵੇਗਾ। ਬੀ. ਐੱਮ. ਸੀ. ਚੌਕ ਤੋਂ ਜਿਹੜੀ ਸੜਕ ਲਾਡੋਵਾਲੀ ਵੱਲ ਜਾਂਦੀ ਹੈ, ਉਥੇ ਰੋਡ-ਗਲੀਆਂ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ ਅਤੇ 15 ਦਿਨਾਂ ਬਾਅਦ ਉਥੇ ਸੜਕ ਬਣਾ ਦਿੱਤੀ ਜਾਵੇਗੀ। ਸ਼ਾਸਤਰੀ ਮਾਰਕੀਟ ਤੋਂ ਕਮਲ ਪੈਲੇਸ ਵੱਲ ਜਾਂਦੀ ਸੜਕ ਦਾ ਕੰਮ ਕਿਸੇ ਠੇਕੇਦਾਰ ਵੱਲੋਂ ਨਹੀਂ ਭਰਿਆ ਜਾ ਰਿਹਾ, ਜਿਸ ਕਾਰਨ ਇਸ ਕੰਮ ਵਿਚ ਦੇਰੀ ਹੋ ਰਹੀ ਹੈ।


shivani attri

Content Editor

Related News