ਜੋਸ਼ੋ-ਖਰੋਸ਼ ਨਾਲ ਮਨਾਇਆ ਖਾਲਸੇ ਦਾ ਸਾਜਨਾ ਦਿਹਾੜਾ, ਗੁਰ-ਅਸਥਾਨਾਂ ’ਤੇ ਸਜੇ ਭਾਰੀ ਦੀਵਾਨ

Saturday, Apr 15, 2023 - 01:24 PM (IST)

ਜੋਸ਼ੋ-ਖਰੋਸ਼ ਨਾਲ ਮਨਾਇਆ ਖਾਲਸੇ ਦਾ ਸਾਜਨਾ ਦਿਹਾੜਾ, ਗੁਰ-ਅਸਥਾਨਾਂ ’ਤੇ ਸਜੇ ਭਾਰੀ ਦੀਵਾਨ

ਜਲੰਧਰ (ਜੀ. ਐੱਸ. ਪਰੂਥੀ, ਰਾਜ ਕੁਮਾਰ ਅਰੋੜਾ)- ਖਾਲਸੇ ਦਾ ਸਾਜਨਾ ਦਿਹਾੜਾ ਵਿਸਾਖੀ ਬੀਤੇ ਦਿਨ ਸੰਸਾਰ ਪੱਧਰ ’ਤੇ ਸੰਗਤਾਂ ਵੱਲੋਂ ਬੜੇ ਜੋਸ਼ੋ-ਖਰੋਸ਼ ਅਤੇ ਉਤਸ਼ਾਹਪੂਰਵਕ ਮਨਾਇਆ ਗਿਆ। ਗੁਰ-ਅਸਥਾਨਾਂ ’ਤੇ ਭਾਰੀ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ, ਕਥਾਵਾਚਕਾਂ ਅਤੇ ਗੁਰਮਤਿ ਪ੍ਰਚਾਰਕਾਂ ਨੇ ਸੰਗਤਾਂ ਦੇ ਸਨਮੁੱਖ ਹਾਜ਼ਰੀ ਭਰਦਿਆਂ ਕੀਰਤਨ, ਕਥਾ ਅਤੇ ਗੁਰ-ਉਪਦੇਸ਼ਾਂ ਦੀ ਸਾਂਝ ਪਾਈ। ਗੁਰਦੁਆਰਿਆਂ ਵਿਚ ਸੰਗਤਾਂ ਦਾ ਹੜ੍ਹ ਜਿਹਾ ਆਇਆ ਹੋਇਆ ਸੀ ।

ਗੁਰਦੁਆਰਾ ਨੌਵੀਂ ਪਾਤਸ਼ਾਹੀ : ਗੁਰਦੁਆਰਾ ਨੌਵੀ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਵਿਖੇ ਖਾਲਸੇ ਦਾ ਸਾਜਨਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਬਾਅਦ ਦੁਪਹਿਰ ਅਤੇ ਮੁੜ ਰਾਤ ਨੂੰ ਸਜੇ ਦੀਵਾਨਾਂ ਵਿਚ ਭਾਈ ਗੁਰਦੇਵ ਸਿੰਘ ਖਾਲਸਾ ਅਤੇ ਭਾਈ ਸਤਨਾਮ ਸਿੰਘ ਬੈਕਾਂ ਦੋਵੇਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਹਰਪਾਲ ਸਿੰਘ, ਭਾਈ ਅਵਤਾਰ ਸਿੰਘ, ਭਾਈ ਸਤਬੀਰ ਸਿੰਘ ਦਮਦਮੀ ਟਕਸਾਲ ਅਤੇ ਭਾਈ ਸੁਖਵਿੰਦਰ ਸਿੰਘ ਨੇ ਕੀਰਤਨ ਅਤੇ ਭਾਈ ਸਰਬਜੀਤ ਸਿੰਘ ਨੇ ਕਥਾ ਦੁਆਰਾ ਹਾਜ਼ਰੀ ਭਰੀ, ਜਦਕਿ ਐਡਵੋਕੇਟ ਜਸਜੀਤ ਸਿੰਘ ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨਾਲ ਸਾਂਝ ਪਾਈ। ਪ੍ਰਬੰਧਕ ਕਮੇਟੀ ਦੇ ਮੁਖੀ ਜਥੇਦਾਰ ਜਗਜੀਤ ਸਿੰਘ ਗਾਬਾ ਨੇ ਸੰਗਤਾਂ ਨਾਲ ਗੁਰਮਤਿ ਵਿਚਾਰ ਕਰਦਿਆਂ ਗੁਰ-ਉਪਦੇਸ਼ਾਂ ਦੀ ਸਾਂਝ ਪਾਈ ਅਤੇ ਕੁਰਾਹੇ ਪੈ ਰਹੀ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਮੁੱਢ ਤੋਂ ਹੀ ਆਪਣੇ ਧਾਰਮਿਕ ਵਿਰਸੇ ਨਾਲ ਜੋੜਨ ਦੀ ਪ੍ਰੇਰਨਾ ਕੀਤੀ। ਇਸ ਦੌਰਾਨ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ, ਜਿਸ ਵਿਚ ਲਗਭਗ 40 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਇਸ ਸਮਾਗਮ ਦੌਰਾਨ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਵਿਜੈ ਰੁਪਾਨੀ ਗੁਰੂ ਚਰਨਾਂ ਵਿਚ ਨਤਮਸਤਕ ਹੋਣ ਲਈ ਪਹੁੰਚੇ, ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਪੰਜਾਬ ਦੇ ਸਾਬਕਾ ਮੰਤਰੀ ਕੇਵਲ ਸਿੰਘ ਢਿੱਲੋਂ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਦਵਿੰਦਰ ਸਿੰਘ ਰਹੇਜਾ, ਜੀ. ਐੱਸ. ਗੋਲਡੀ, ਹਰਪ੍ਰੀਤ ਸਿੰਘ ਕੀਵੀ ਆਦਿ ਵੀ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਅਤੇ ਜਲੰਧਰ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਵੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਕੀਰਤਨ ਸਰਵਣ ਕੀਤਾ। ਸਟੇਜ ਸੰਚਾਲਨ ਦੀ ਸੇਵਾ ਮਨਪ੍ਰੀਤ ਸਿੰਘ ਗਾਬਾ ਵੱਲੋਂ ਨਿਭਾਈ ਗਈ। ਸਮਾਗਮ ਦੀ ਸਫ਼ਲਤਾ ਲਈ ਸਮੁੱਚੀ ਪ੍ਰਬੰਧਕੀ ਟੀਮ ਕਾਰਜਸ਼ੀਲ ਸੀ, ਜਿਨ੍ਹਾਂ ਵਿਚ ਕੰਵਲਜੀਤ ਸਿੰਘ ਟੋਨੀ, ਕਵਲਜੀਤ ਸਿੰਘ, ਪਰਜੀਤ ਸਿੰਘ ਕਾਨਪੁਰੀ, ਜੋਗਿੰਦਰ ਸਿੰਘ ਲਾਇਲਪੁਰੀ, ਪਰਜੀਤ ਸਿੰਘ ਭਲਵਾਨ, ਮਲਕੀਤ ਸਿੰਘ ਮੁਲਤਾਨੀ, ਹਰਜਿੰਦਰ ਸਿੰਘ ਲੈਂਡਲਾਰਡ, ਦਰਸ਼ਨ ਸਿੰਘ ਲੈਂਡਲਾਰਡ, ਗਗਨਦੀਪ ਸਿੰਘ ਗੱਗੀ, ਮਨਜੀਤ ਸਿੰਘ ਠੁਕਰਾਲ, ਰਵਿੰਦਰ ਸਿੰਘ ਖੁਰਾਣਾ, ਤੇਰਿੰਦਰ ਸਿੰਘ ਭਾਟੀਆ, ਸੁਰਜੀਤ ਸਿੰਘ ਮੈਨੇਜਰ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ : ਹੁਣ ਅੰਮ੍ਰਿਤਪਾਲ ਦੇ ਮਾਮਲੇ 'ਚ NIA ਤੇ ਪੰਜਾਬ ਪੁਲਸ ਨੇ ਕਪੂਰਥਲਾ ਤੋਂ ਵਕੀਲ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

ਗੁ. ਛੇਵੀਂ ਪਾਤਸ਼ਾਹੀ ਬਸਤੀ ਸ਼ੇਖ : ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਸਜਾਏ ਗਏ ਦੀਵਾਨ ਵਿਚ ਪੰਜ ਬਾਣੀਆਂ ਦੇ ਨਿੱਤਨੇਮ ਉਪਰੰਤ ਹਜ਼ੂਰੀ ਰਾਗੀ ਭਾਈ ਸੀਤਲ ਸਿੰਘ ਅਤੇ ਭਾਈ ਜੈਦੇਵ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਹੈੱਡ ਗ੍ਰੰਥੀ ਗਿਆਨੀ ਰਣਧੀਰ ਸਿੰਘ ਨੇ ਕਥਾ ਦੁਆਰਾ ਸੰਗਤਾਂ ਨੂੰ ਗੁਰ-ਇਤਿਹਾਸ ਤੋਂ ਜਾਣੂ ਕਰਵਾਇਆ। ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੇ ਬੱਚਿਆਂ ਨੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਵਿਤਾਵਾਂ ਪੜ੍ਹੀਆਂ। ਉਪਰੰਤ ਅਖੰਡ ਕੀਰਤਨੀ ਜਥਾ ਲੁਧਿਆਣਾ ਤੋਂ ਭਾਈ ਜਗਜੀਤ ਸਿੰਘ ਦੇ ਜਥੇ ਨੇ ਰਸਭਿੰਨੇ ਕੀਰਤਨ ਦੀ ਹਾਜ਼ਰੀ ਲਗਵਾਈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਸੰਗਤਾਂ ਨੂੰ ਖਾਲਸਾ ਪੰਥ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਆਏ ਹੋਏ ਰਾਗੀ ਜਥਿਆਂ ਅਤੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ। ਸੰਗਤਾਂ ਵਿਚ ਹੋਰਨਾਂ ਤੋਂ ਇਲਾਵਾ ਚੇਅਰਮੈਨ ਕੋਰ ਕਮੇਟੀ ਹਰਜੀਤ ਸਿੰਘ ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਕੁਲਵੰਤਬੀਰ ਸਿੰਘ ਕਾਲੜਾ, ਦਵਿੰਦਰ ਸਿੰਘ ਰਹੇਜਾ, ਅਮਰੀਕ ਸਿੰਘ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਸਰਾਫ, ਇੰਦਰਪਾਲ ਸਿੰਘ ਅਰੋੜਾ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਪੋਪਲੀ, ਸੁਰਿੰਦਰ ਸਿੰਘ ਸਿਆਲ, ਡਾ. ਸਤਨਾਮ ਸਿੰਘ, ਹਰਬੰਸ ਸਿੰਘ ਫੋਨ ਵਿਭਾਗ, ਪਰਵਿੰਦਰ ਸਿੰਘ ਖਾਸਰੀਆ, ਸਤਪਾਲ ਸਿੰਘ ਅਲਗ ਆਦਿ ਪਤਵੰਤੇ ਹਾਜ਼ਰ ਸਨ।

ਗੁ. ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ : ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਵੈਸਾਖ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਪ੍ਰਧਾਨ ਅਜੀਤ ਸਿੰਘ ਸੇਠੀ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ ਸਬੰਧੀ ਸਵੇਰ ਅਤੇ ਸ਼ਾਮ ਸਮੇਂ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਫ਼ਤਿਹ ਸਿੰਘ ਤੇ ਭਾਈ
ਤਜਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਮਾਡਲ ਟਾਊਨ ਜਲੰਧਰ ਅਤੇ ਬੀਬੀ ਗੁਰਜੀਤ ਕੌਰ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਕਥਾਵਾਚਕ ਬੀਬੀ ਜਸਜੀਤ ਕੌਰ ਨੇ ਖਾਲਸਾ ਸਾਜਨਾ ਦਿਵਸ ਅਤੇ ਵੈਸਾਖ ਮਹੀਨੇ ਦੀ ਸੰਗਰਾਂਦ ਦੀ ਵਿਆਖਿਆ ਕਰਦੇ ਹੋਏ ਸੰਗਤਾਂ ਨੂੰ ਨਾਮ ਸਿਮਰਨ ਅਤੇ ਗੁਰੂ ਸਾਹਿਬਾਨ ਦੇ ਦੱਸੇ ਮਾਰਚ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲੋਕਲ ਬਾਡੀਜ਼ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ, ਡੀ. ਸੀ. ਪੀ. ਜਗਮੋਹਨ ਸਿੰਘ, ਏ. ਡੀ. ਸੀ. ਪੀ. ਅਦਿੱਤਿਆ, ਡੀ. ਐੱਸ. ਪੀ. ਗੁਰਜੀਤ ਸਿੰਘ, ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਸੰਨੀ ਅੰਗੁਰਾਲ, ਸਰਬਜੀਤ ਸਿੰਘ ਮੱਕੜ ਅਤੇ ਹਰਿੰਦਰ ਸਿੰਘ ਮਨੋਚਾ ਗੁਰੂਘਰ ਵਿਖੇ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋਏੇ। ਇਸ ਸਮੇਂ ਪ੍ਰਧਾਨ ਅਜੀਤ ਸਿੰਘ ਸੇਠੀ, ਮੁਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਡਾ. ਐੱਚ. ਐੱਮ. ਹੁਰੀਆ, ਕੁਲਤਾਰਨ ਸਿੰਘ ਆਨੰਦ, ਐੱਚ. ਐੱਸ. ਭਸੀਨ, ਮਨਮੀਤ ਸਿੰਘ ਸੋਢੀ, ਗਗਨਦੀਪ ਸਿੰਘ ਸੇਠੀ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਸਵੇਰ ਦੇ ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੇ ਸ਼ਾਮ ਦੇ ਦੀਵਾਨ ਮੌਕੇ ਦੁੱਧ ਅਤੇ ਮਠਿਆਈਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ : ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਦੋਆਬੇ ਦੇ ਕੇਂਦਰੀ ਅਸਥਾਨ ਵਿਖ਼ੇ ਵਿਸ਼ੇਸ਼ ਸਮਾਗਮ ਕਰਵਾਏ ਗਏ l ਅੰਮ੍ਰਿਤ ਵੇਲੇ ਤੋਂ ਕਰੀਬ 11 ਵਜੇ ਤੱਕ ਚੱਲੇ ਇਸ ਸਮਾਗਮ ’ਚ ਭਾਈ ਰਣਵੀਰ ਸਿੰਘ, ਭਾਈ ਗੁਰਮੇਲ ਸਿੰਘ ਅਤੇ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਲਖਵਿੰਦਰ ਸਿੰਘ ਜੀ ਨੇ ਗੁਰ-ਇਤਿਹਾਸ ਅਤੇ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ ਨਿਮਾਣਾ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ l ਪ੍ਰਬੰਧਕਾਂ ਵੱਲੋਂ ਹਰ ਤਿੰਨ ਮਹੀਨੇ ਬਾਅਦ ਅੰਮ੍ਰਿਤ ਸੰਚਾਰ ਕਰਵਾਉਣ ਦਾ ਐਲਾਨ ਕੀਤਾ ਗਿਆ। ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਉਚੇਚੇ ਤੌਰ ’ਤੇ ਸੰਗਤ ’ਚ ਹਾਜ਼ਰੀ ਭਰੀ l ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਸੰਗਤਾਂ ਨੂੰ ਗੁਰੂ ਘਰ ਵਿਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ ਅਤੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ। ਪ੍ਰਬੰਧਕ ਕਮੇਟੀ ਵੱਲੋਂ ਸੇਵਾਵਾਂ ਨਿਭਾਉਣ ਵਾਲੇ ਪਰਿਵਾਰਾਂ, ਰਾਗੀ ਸਿੰਘਾਂ ਅਤੇ ਗ੍ਰੰਥੀ ਸਿੰਘਾਂ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸੁਰਿੰਦਰ ਸਿੰਘ, ਮਨਿੰਦਰ ਸਿੰਘ, ਸਮਾਜ-ਸੇਵਕ ਕਮਲਜੀਤ ਸਿੰਘ ਭਾਟੀਆ, ਸਰਬਜੀਤ ਸਿੰਘ ਬੇਦੀ, ਬਾਵਾ ਗਾਬਾ, ਨਿਤਿਸ਼ ਮਹਿਤਾ, ਜਸਕੀਰਤ ਸਿੰਘ ਜੱਸੀ, ਜਸਵਿੰਦਰ ਸਿੰਘ, ਕਾਰਤਿਕ ਸ਼ਰਮਾ, ਸਾਹਿਬਪ੍ਰੀਤ ਸਿੰਘ, ਹਰਮਨ ਸਿੰਘ, ਅਨਮੋਲਪ੍ਰੀਤ ਸਿੰਘ ਅਤੇ ਸੰਗਤਾਂ ਹਾਜ਼ਰ ਸਨ l

ਇਹ ਵੀ ਪੜ੍ਹੋ : ਸਾਬਕਾ CM ਚੰਨੀ ਦਾ ਵੱਡਾ ਖ਼ੁਲਾਸਾ, ਜੱਦੀ ਘਰ ਦੀ ਕੁਰਕੀ ਦੇ ਦਿੱਤੇ ਗਏ ਹੁਕਮ

ਗੁ. ਗੁਰੂ ਤੇਗ ਬਹਾਦਰ ਸੈਂਟਰਲ ਟਾਊਨ : ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਪੁਰਬ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ (ਰਜਿ.) ਸੈਂਟਰਲ ਟਾਊਨ ਜਲੰਧਰ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਸਬੰਧੀ ਸਵੇਰ ਤੇ ਸ਼ਾਮ ਦੋਵੇਂ ਸਮੇਂ ਦੀਵਾਨ ਸਜਾਏ ਗਏ, ਜਿਸ ਦੌਰਾਨ ਭਾਈ ਸਤਿੰਦਰਪਾਲ ਸਿੰਘ ਲੁਧਿਆਣਾ ਵਾਲੇ, ਭਾਈ ਸੁਖਦੇਵ ਸਿੰਘ ਗੁ. ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਾਲੇ, ਭਾਈ ਪਰਮਜੀਤ ਸਿੰਘ ਪੰਛੀ ਪੱਤੜ ਕਲਾਂ ਦੇ ਢਾਡੀ ਜਥੇ, ਭਾਈ ਸ਼ਮਸ਼ੇਰ ਸਿੰਘ, ਭਾਈ ਸ਼ਨਬੀਰ ਸਿੰਘ, ਭਾਈ ਆਤਮਾ ਸਿੰਘ, ਗਿਆਨੀ ਖੜਕ ਸਿੰਘ, ਗਿਆਨੀ ਕੇਹਰ ਸਿੰਘ ਅਤੇ ਗਿਆਨੀ ਮਨਜੀਤ ਸਿੰਘ ਸੇਵਕ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ, ਢਾਡੀ ਵਾਰਾਂ ਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਸਟੇਜ ਦਾ ਸੰਚਾਲਨ ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪੀ ਨੇ ਕੀਤਾ। ਇਸ ਮੌਕੇ ਚੇਅਰਮੈਨ ਗੁਰਚਰਨ ਸਿੰਘ ਬਾਗਾਂਵਾਲੇ, ਪ੍ਰਧਾਨ ਚਰਨਜੀਤ (ਡੀ. ਸੀ. ਟਾਇਰ), ਜਤਿੰਦਰ ਸਿੰਘ ਖ਼ਾਲਸਾ, ਬਲਜੀਤ ਸਿੰਘ ਸੇਠੀ, ਰਾਜਿੰਦਰ ਸਿੰਘ ਬੇਦੀ, ਦਵਿੰਦਰ ਸਿੰਘ, ਸਰਬਜੀਤ ਸਿੰਘ, ਗੁਰਮਿੰਦਰ ਸਿੰਘ ਗੋਮਾ, ਬਲਵੀਰ ਸਿੰਘ, ਹਰਜਿੰਦਰ ਸਿੰਘ, ਮਨਵਿੰਦਰ ਸਿੰਘ ਸਹਿਗਲ, ਰਵਿੰਦਰ ਸਿੰਘ ਰੀਹਲ, ਸੁਖਦੇਵ ਸਿੰਘ ਸਹਿਗਲ, ਸਰਦੂਲ ਸਿੰਘ, ਹਰਵਿੰਦਰ ਸਿੰਘ ਸੱਗੂ, ਚਰਨਜੀਤ ਸਿੰਘ ਮੱਕੜ, ਅਮਰਜੀਤ ਸਿੰਘ ਬੰਟੀ ਹਾਜ਼ਰ ਸਨ।

ਗੁ. ਸ੍ਰੀ ਗੁਰੂ ਅਮਰਦਾਸ ਜੀ ਡਿਫੈਂਸ ਕਾਲੋਨੀ : ਗੁ. ਸ੍ਰੀ ਗੁਰੂ ਅਮਰਦਾਸ ਜੀ (ਰਜਿ.) ਡਿਫੈਂਸ ਕਾਲੋਨੀ ਜਲੰਧਰ ਵਿਖੇ ਖਾਲਸੇ ਦਾ ਸਾਜਨਾ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧੀ ਸਜਾਏ ਗਏ ਦੀਵਾਨ ਵਿਚ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਸੰਗਤੀ ਰੂਪ ਵਿਚ ਕਰਨ ਉਪਰੰਤ ਆਰੰਭ ਖਾਲਸੇ ਦੇ ਸਾਜਨਾ ਦਿਵਸ ਸਬੰਧੀ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸਜਾਏ ਗਏ ਦੀਵਾਨ ਵਿਚ ਭਾਈ ਰਮਨਦੀਪ ਸਿੰਘ ਹਜ਼ੂਰੀ ਰਾਗੀ ਅਤੇ ਭਾਈ ਸੁਖਦੇਵ ਸਿੰਘ ਲੁਧਿਆਣਾ ਵਾਲਿਆਂ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਭਾਈ ਗੁਰਦਿੱਤ ਸਿੰਘ ਅਤੇ ਬੀਬੀ ਜਸਜੀਤ ਕੌਰ ਨੇ ਖਾਲਸਾ ਸਾਜਨਾ ਦਿਵਸ ਅਤੇ ਵੈਸਾਖ ਮਹੀਨੇ ਦੀ ਸੰਗਰਾਂਦ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਸਟੇਜ ਸਕੱਤਰ ਦੀ ਸੇਵਾ ਜਨਰਲ ਸਕੱਤਰ ਜਸਬੀਰ ਸਿੰਘ ਰੰਧਾਵਾ ਨੇ ਬਾਖੂਬੀ ਨਿਭਾਈ। ਪ੍ਰਧਾਨ ਗੁਰਨਾਮ ਸਿੰਘ ਪੇਲੀਆ ਅਤੇ ਜਨਰਲ ਸਕੱਤਰ ਸ. ਰੰਧਾਵਾ ਨੇ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀ ਵਧਾਈ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਅਤੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦੂਲ ਸਿੰਘ ਰੰਧਾਵਾ, ਸੁਖਵਿੰਦਰ ਸਿੰਘ, ਉਂਕਾਰ ਸਿੰਘ, ਅਵਤਾਰ ਸਿੰਘ ਵਾਲੀਆ, ਚਰਨਜੀਤ ਸਿੰਘ ਬੇਦੀ, ਹਰਵਿੰਦਰ ਸਿੰਘ ਸੰਧੂ, ਹਰਬਲਬੀਰ ਸਿੰਘ ਨਿੱਝਰ, ਇੰਦਰਮੋਹਨ ਸਿੰਘ, ਬੰਤ ਸਿੰਘ, ਭਗਵੰਤ ਸਿੰ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ ਸੈਣੀ, ਨਰਿੰਦਰ ਪਾਲ ਸਿੰਘ, ਮਹੀਪਾਲ ਸਿੰਘ, ਜਸਵਿੰਦਰ ਸਿੰਘ, ਸਤਿੰਦਰਪਾਲ ਸਿੰਘ, ਤਰਲੋਕ ਸਿੰਘ ਰੰਧਾਵਾ, ਬੀਬੀ ਪ੍ਰਕਾਸ਼ ਕੌਰ ਪੇਲੀਆ ਆਦਿ ਹਾਜ਼ਰ ਸਨ।

ਆਦਰਸ਼ ਨਗਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਦਰਸ਼ ਨਗਰ ਵਿਖੇ ਵਿਸਾਖੀ ਦਾ ਪੁਰਬ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਸਮਾਪਤੀ ਉਪਰੰਤ ਦੁਪਹਿਰ ਤੱਕ ਸਜਾਏ ਗਏ ਦੀਵਾਨਾਂ ਵਿਚ ਭਾਈ ਰਵਿੰਦਰ ਸਿੰਘ ਦਿੱਲੀ ਵਾਲੇ, ਭਾਈ ਚਰਨਜੀਤ ਸਿੰਘ ਹਜ਼ੂਰੀ ਰਾਗੀ, ਸਾਹਿਬਜ਼ਾਦਾ ਸੋਸਾਇਟੀ ਆਦਰਸ਼ ਨਗਰ, ਭਾਈ ਦਰਸ਼ਨ ਸਿੰਘ ਕੋਮਲ ਨੇ ਕੀਰਤਨ ਅਤੇ ਭਾਈ ਜਸਪਾਲ ਸਿੰਘ ਤੇ ਭਾਈ ਗੁਰਮੀਤ ਸਿੰਘ ਨੇ ਕਥਾ ਦੁਆਰਾ ਗੁਰੂ ਚਰਨਾਂ ਵਿਚ ਹਾਜ਼ਰੀ ਭਰੀ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਥਿਆੜਾ ਪ੍ਰਧਾਨ, ਗੁਰਮੀਤ ਸਿੰਘ ਜਨਰਲ ਸਕੱਤਰ, ਖਜ਼ਾਨਚੀ ਹਰਜਿੰਦਰ ਸਿੰਘ ਲਾਡਾ, ਸਾਬਕਾ ਪ੍ਰਧਾਨ ਐਡਵੋਕੇਟ ਸਰਬਜੀਤ ਸਿੰਘ ਰਾਜਪਾਲ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹਾਦਸੇ 'ਚ ਮ੍ਰਿਤਕ ਸ਼ਰਧਾਲੂਆਂ ਦੇ ਪਰਿਵਾਰਾਂ ਲਈ ਕੇਂਦਰ ਸਰਕਾਰ ਦਾ ਅਹਿਮ ਐਲਾਨ

ਗੁਰੂ ਨਾਨਕ ਮਿਸ਼ਨ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਵੀ ਖਾਲਸੇ ਦਾ ਸਾਜਨਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਵੇਰ ਤੋਂ ਦੁਪਹਿਰ ਅਤੇ ਮੁੜ ਰਾਤ ਨੂੰ ਸਜਾਏ ਗਏ ਦੀਵਾਨਾਂ ਵਿਚ ਭਾਈ ਗੁਰਦੇਵ ਸਿੰਘ ਖਾਲਸਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਸੁੱਚਾ ਸਿੰਘ ਪਾਲ, ਭਾਈ ਹਰਮਨਪ੍ਰੀਤ ਸਿੰਘ, ਗੁਰਮਨਪ੍ਰੀਤ ਸਿੰਘ, ਇਸਤਰੀ ਸਤਿਸੰਗ ਸਭਾ, ਭਾਈ ਬੇਅੰਤ ਸਿੰਘ ਅਤੇ ਭਾਈ ਸੁਰਿੰਦਰ ਸਿੰਘ ਨੇ ਕੀਰਤਨ ਤੇ ਕਥਾ ਦੁਆਰਾ ਗੁਰੂ ਦਰਬਾਰ ਵਿਚ ਹਾਜ਼ਰੀਆਂ ਭਰੀਆਂ। ਇਸ ਮੌਕੇ ਕੇਸਰੀ ਨਿਸ਼ਾਨ ਸਾਹਿਬ ਵੀ ਚੜ੍ਹਾਏ ਗਏ। ਸਮਾਗਮ ਦੌਰਾਨ ਗੁਰਬਖਸ਼ ਸਿੰਘ ਜੁਨੇਜਾ, ਤਜਿੰਦਰ ਸਿੰਘ ਚੁੱਘ, ਸੁਖਦੇਵ ਸਿੰਘ ਗਾਂਧੀ, ਚਰਨਜੀਵ ਸਿੰਘ ਲਾਲੀ, ਅਮਰਜੀਤ ਸਿੰਘ ਬਜਾਜ, ਮਨਦੀਪ ਸਿੰਘ ਚਾਵਲਾ, ਸਤਿੰਦਰਪਾਲ ਸਿੰਘ, ਇੰਦਰਮੋਹਨ ਸਿੰਘ, ਹਰਨੂਰ ਸਿੰਘ, ਸੁਰਿੰਦਰ ਸਿੰਘ, ਦਵਿੰਦਰਪਾਲ ਸਿੰਘ ਮੈਣੀ, ਕਰਮਜੀਤ ਸਿੰਘ, ਬੀਬੀ ਅਮਰਜੀਤ ਕੌਰ, ਪਰਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

ਗੁ. ਦੋਆਬਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ : ਗੁ. ਦੋਆਬਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ ਵਿਖੇ ਖਾਲਸਾ ਪੰਥ ਦਾ ਸਾਜਨਾ ਦਿਵਸ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਭਾਈ ਦਲਜੀਤ ਸਿੰਘ ਨਿਰਮਾਣ, ਭਾਈ ਪਵਨੀਤ ਸਿੰਘ, ਭਾਈ ਗੁਰਪਾਲ ਸਿੰਘ ਅਤੇ ਬੀਬੀ ਭਾਨੀ ਜੀ ਗੁਰਮਤਿ ਸੰਗੀਤ ਅਕੈਡਮੀ ਦੇ ਬੱਚਿਆਂ ਨੇ ਕੀਰਤਨ ਅਤੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਹੁੰਮ-ਹੁਮਾ ਕੇ ਹਾਜ਼ਰੀਆਂ ਭਰੀਆਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਹੀਰਾ ਭਾਟੀਆ, ਪ੍ਰਧਾਨ ਅੰਮ੍ਰਿਤਪਾਲ ਸਿੰਘ ਭਾਟੀਆ, ਜਨਰਲ ਸਕੱਤਰ ਮੱਖਣ ਸਿੰਘ, ਸਰਦਾਰਾ ਸਿੰਘ ਮੱਕੜ, ਦੀਦਾਰ ਸਿੰਘ ਵਿਰਦੀ, ਸਤਬੀਰ ਸਿੰਘ ਬਾਬਾ, ਬੂਟਾ ਸਿੰਘ ਭਾਟੀਆ, ਮਨਮਹਿੰਦਰ ਸਿੰਘ ਸੰਦਲ ਆਦਿ ਸ਼ਾਮਲ ਸਨ।
ਗੁ. ਬੁੰਗਾ ਅਕਾਲਜੋਤ ਚਹੇੜੂ : ਗੁਰਦੁਆਰਾ ਬੁੰਗਾ ਅਕਾਲਜੋਤ ਚਹੇੜੂ ਬ੍ਰਾਂਚ ਦਮਦਮੀ ਟਕਸਾਲ ਵਿਖੇ ਖਾਲਸੇ ਦਾ ਸਾਜਨਾ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਗੁਰਬਾਣੀ ਦਾ ਪ੍ਰਵਾਹ ਚੱਲਿਆ, ਜਿਸ ਵਿਚ ਉੱਚ-ਕੋਟੀ ਦੇ ਕੀਰਤਨੀ ਜਥੇ ਅਤੇ ਕਥਾਵਾਚਕਾਂ ਨੇ ਹਾਜ਼ਰੀਆਂ ਭਰੀਆਂ ਅਤੇ ਗੁਰ-ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਮਦਮੀ ਟਕਸਾਲ ਨੇ ਉੱਚ-ਕੋਟੀ ਦੇ ਵਿਦਵਾਨ ਪੈਦਾ ਕੀਤੇ ਹਨ ਜੋ ਪੰਥ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਭਾਈ ਗੁਰਲਾਲ ਸਿੰਘ ਨੇ ਰਾਗਾਂ ’ਤੇ ਆਧਾਰਿਤ ਕੀਰਤਨ ਕੀਤਾ। ਉਕਤ ਸਮਾਗਮ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ ਦੀ ਦੇਖ-ਰੇਖ ਅਧੀਨ ਕੀਤਾ ਗਿਆ। ਉਨ੍ਹਾਂ ਐਡਵੋਕੇਟ ਢੀਂਗਰਾ ਤੇ ਉਨ੍ਹਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਗਤਾਂ ਵਿਚ ਸ਼ਿੰਗਾਰਾ ਸਿੰਘ ਸੋਢੀ, ਗੁਰਨਾਮ ਸਿੰਘ, ਜੈਤੇਗ ਸਿੰਘ, ਗੁਰਮੀਤ ਸਿੰਘ, ਕੰਵਲ ਚਰਨਜੀਤ ਸਿੰਘ, ਪਰਵਿੰਦਰ ਸਿੰਘ, ਅਮਰਜੀਤ ਸਿੰਘ ਚਹੇੜੂ, ਮੇਜਰ ਸਿੰਘ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।

ਇਹ ਵੀ ਪੜ੍ਹੋ : ਰਾਹੋਂ 'ਚ ਰੂਹ ਕੰਬਾਊ ਹਾਦਸਾ, 35 ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ ਨੂੰ ਲੱਗੀ ਅੱਗ, 8 ਸਾਲਾ ਬੱਚੀ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News