ਕਪੂਰਥਲਾ : 3 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਅੰਕੜਾ ਹੋਇਆ 109

07/05/2020 2:11:02 AM

ਕਪੂਰਥਲਾ,(ਮਹਾਜਨ)- ਜਿੱਥੇ ਜ਼ਿਲੇ 'ਚ ਕੋਰੋਨਾ ਇਨਫੈਕਸ਼ਨ ਦੇ ਵੱਧਦੇ ਪ੍ਰਕੋਪ ਨਾਲ ਮਰੀਜ਼ਾਂ ਦਾ ਅੰਕੜਾ ਵੱਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਜ਼ਿਲੇ ਦੇ ਕਈ ਖੇਤਰਾਂ ਨੂੰ ਕੰਟੋਨਮੈਂਟ ਅਤੇ ਮਾਈਕ੍ਰੋ ਕੰਟੋਨਮੈਂਟ ਜ਼ੋਨ ਐਲਾਨਣ ਨਾਲ ਲੋਕਾਂ 'ਚ ਇਸ ਬੀਮਾਰੀ ਪ੍ਰਤੀ ਖੌਫ ਹੋਰ ਵੱਧਦਾ ਜਾ ਰਿਹਾ ਹੈ। ਲੋਕ ਤਾਂ ਪਹਿਲਾਂ ਹੀ ਡਰ-ਡਰ ਕੇ ਘਰੋਂ ਬਾਹਰ ਨਿਕਲਦੇ ਹਨ, ਅਜਿਹੇ 'ਚ ਸਿਹਤ ਵਿਭਾਗ ਵੱਲੋਂ ਜਿਨ੍ਹਾਂ ਖੇਤਰਾਂ ਅਤੇ ਮੁਹੱਲਿਆਂ ਨੂੰ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ, ਲੋਕ ਉਨ੍ਹਾਂ ਖੇਤਰਾਂ ਅਤੇ ਮੁਹੱਲਿਆਂ ਤੋਂ ਦੂਰੀ ਬਣਾਉਣ ਲੱਗ ਪਏ ਹਨ।

ਉੱਧਰ ਸ਼ਨੀਵਾਰ ਦੀ ਸ਼ਾਮ 3 ਕੋਰੋਨਾ ਪੀੜਤ ਮਰੀਜ਼ ਸਾਹਮਣੇ ਆਉਣ ਨਾਲ ਕੁੱਲ ਮਰੀਜ਼ਾਂ ਦਾ ਅੰਕੜਾ 109 ਤੱਕ ਪਹੁੰਚ ਗਿਆ, ਜਿਸ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 26 ਹੈ। ਹਾਲਾਂਕਿ 78 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੋ 3 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਇਕ 65 ਸਾਲਾ ਔਰਤ ਸ਼ੇਖੂਪੁਰ ਨਾਲ ਸਬੰਧਤ ਹੈ, ਜੋ ਕਿ ਬੀਤੇ ਦਿਨੀਂ ਇਸੇ ਖੇਤਰ 'ਚ ਪਾਜ਼ੇਟਿਵ ਪਾਈ ਗਈ ਔਰਤ ਦੇ ਸੰਪਰਕ 'ਚ ਆਈ ਸੀ। ਇਸੇ ਤਰ੍ਹਾਂ 44 ਸਾਲਾ ਪੁਰਸ਼ ਪਿੰਡ ਗੋਸਲ ਕਪੂਰਥਲਾ ਦੇ ਨਾਲ ਸਬੰਧਤ ਹੈ। ਜਦਕਿ ਤੀਜਾ ਮਰੀਜ਼ 60 ਸਾਲਾ ਔਰਤ ਫਗਵਾੜਾ ਤੋਂ ਸਬੰਧਤ ਹੈ। ਇਨ੍ਹਾਂ ਤਿੰਨਾਂ ਮਰੀਜ਼ਾਂ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਸਮੇਤ ਉਨ੍ਹਾਂ ਦੇ ਪਰਿਵਾਰ ਦੀ ਵੀ ਸੈਂਪਲਿੰਗ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ।

ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਬੀਤੇ ਦਿਨੀਂ ਜਲੰਧਰ ਰੋਡ 'ਤੇ ਸਥਿਤ ਪੰਜਾਬ ਗ੍ਰਾਮੀਣ ਬੈਂਕ 'ਚ ਕੰਮ ਕਰਦੇ ਬੈਂਕ ਕਰਮਚਾਰੀ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਉਕਤ ਬੈਂਕ ਕਰਮਚਾਰੀਆਂ ਸਮੇਤ ਸੰਪਰਕ 'ਚ ਆਉਣ ਵਾਲੇ ਕਰੀਬ 35 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਫਿਲਹਾਲ ਇਹਤਿਆਤ ਦੇ ਤੌਰ 'ਤੇ ਸ਼ਨੀਵਾਰ ਨੂੰ ਵੀ ਬੈਂਕ ਬੰਦ ਰੱਖਿਆ ਗਿਆ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਕਰੀਬ 573 ਸੈਂਪਲਾਂ ਦੀ ਰਿਪੋਰਟ ਹਾਸਲ ਹੋਈ, ਜਿਨ੍ਹਾਂ 'ਚੋਂ 555 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ, ਉੱਥੇ ਹੀ 15 ਸੈਂਪਲ ਅੰਡਰ ਪ੍ਰਾਸੈਸਿੰਗ ਹਨ ਅਤੇ 3 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਜ਼ਿਲਾ ਕਪੂਰਥਲਾ ਨਾਲ ਸਬੰਧਤ 240 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ 'ਚ ਫਗਵਾੜਾ ਦੇ 76, ਪਾਂਛਟਾ ਤੋਂ 14, ਸੁਲਤਾਨਪੁਰ ਲੋਧੀ ਤੋਂ 24, ਕਪੂਰਥਲਾ ਤੋਂ 100 ਅਤੇ ਜੇਲ ਤੋਂ 26 ਲੋਕਾਂ ਦੀ ਸੈਂਪਲਿੰਗ ਕੀਤੀ ਗਈ।

 


Deepak Kumar

Content Editor

Related News