ਮੰਗਾਂ ਦੀ ਪ੍ਰਾਪਤੀ ਲਈ 3 ਜਨਵਰੀ ਤੋਂ ਭੁੱਖ ਹਡ਼ਤਾਲ ਸ਼ੁਰੂ ਕਰੇਗੀ ਕੰਢੀ ਸੰਘਰਸ਼ ਕਮੇਟੀ
Monday, Nov 26, 2018 - 02:09 AM (IST)

ਕਾਠਗਡ਼੍ਹ, (ਰਾਜੇਸ਼)- ਕੰਢੀ ਸੰਘਰਸ਼ ਕਮੇਟੀ ਦੇ ਸਨਅਤੀ ਖੇਤਰ ਯੂਨਿਟ ਦੀ ਇਕ ਕਨਵੈਨਸ਼ਨ ਸਾਥੀ ਬਲਵਿੰਦਰ ਸਿੰਘ ਰੈਲ ਅਤੇ ਕਰਨੈਲ ਸਿੰਘ ਭੱਲਾ ਦੀ ਪ੍ਰਧਾਨਗੀ ਮੰਡਲ ਹੇਠ ਪਿੰਡ ਬਨ੍ਹਾਂ ਵਿਖੇ ਹੋਈ, ਜਿਸ ਵਿਚ ਹਵਾ-ਪਾਣੀ ਦੇ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਸਖ਼ਤ ਰੋਸ ਜਤਾਇਆ ਗਿਆ। ਇਸ ਕਨਵੈਨਸ਼ਨ ਦੌਰਾਨ ਸੰਘਰਸ਼ ਕਮੇਟੀ ਦੀਆਂ ਮੁੱਖ ਮੰਗਾਂ ਵਿਚ ਵਧ ਰਹੇ ਹਵਾ-ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ, ਪੀਣ ਲਈ ਸ਼ੁੱਧ ਪਾਣੀ ਤੇ ਬਿੱਲਾਂ ਦੀ ਮੁਆਫੀ, ਰੇਤ ਅਤੇ ਨਸ਼ਾ ਮਾਫੀਆ ਨੂੰ ਨਕੇਲ ਪਾਉਣ, ਕਿਸਾਨਾਂ-ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਆਫੀ ਅਤੇ ਨੌਜਵਾਨਾਂ ਲਈ ਰੋਜ਼ਗਾਰ ਆਦਿ ਸ਼ਾਮਲ ਹਨ। ਇਨ੍ਹਾਂ ਜਾਇਜ਼ ਮੰਗਾਂ ’ਤੇ ਲਗਭਗ ਦੋ ਦਰਜਨ ਸਾਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਹਿਮਤੀ ਪ੍ਰਗਟਾਈ।
®ਇਸ ਮੌਕੇ ਸਾਥੀ ਕਰਨ ਸਿੰਘ ਰਾਣਾ ਸੂਬਾਈ ਜਨਰਲ ਸਕੱਤਰ ਨੇ ਕਿਹਾ ਕਿ ਹਵਾ-ਪਾਣੀ ਵਿਚ ਜ਼ਹਿਰ ਘੋਲਣ ਲਈ ਖੇਤਰ ਵਿਚ ਸਥਾਪਿਤ ਸਨਅਤੀ ਇਕਾਈਆਂ ਹੀ ਜ਼ਿੰਮੇਵਾਰ ਹਨ, ਜਿਨ੍ਹਾਂ ਕਰ ਕੇ ਪੀਣ ਵਾਲੇ ਪਾਣੀ ਦੇ ਸਾਰੇ ਸਰੋਤ ਦੂਸ਼ਿਤ ਹੋ ਚੁੱਕੇ ਹਨ ਅਤੇ ਹਵਾ ਜ਼ਹਿਰ ਦੇ ਚੈਂਬਰ ਵਿਚ ਤਬਦੀਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਸਮੇਂ ਦੀਆਂ ਸਰਕਾਰਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਦਾ ਨਤੀਜਾ ਹੈ ਅਤੇ ਇਸ ਦਾ ਸਿੱਟਾ ਭਿਅੰਕਰ ਬੀਮਾਰੀਆਂ ਦੇ ਰੂਪ ਵਿਚ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਕੀ ਮੰਗਾਂ ’ਤੇ ਵੀ ਸਰਕਾਰ ਵਲੋਂ ਕੋਈ ਆਸ ਨਹੀਂ ਹੈ। ਉਨ੍ਹਾਂ ਕਿਹਾ ਕਿ ਚਾਰਟਰ ਵਿਚ ਦਰਜ ਸਾਰੀਆਂ ਮੰਗਾਂ ਦੀ ਪ੍ਰਾਪਤੀ ਲੋਕ ਏਕਤਾ ਅਤੇ ਜ਼ਬਰਦਸਤ ਸੰਘਰਸ਼ਾਂ ਰਾਹੀਂ ਕੀਤੀ ਜਾਵੇਗੀ ਅਤੇ ਸਾਰੇ ਪਿੰਡਾਂ ਵਿਚ ਤਿਆਰੀ ਸ਼ੁਰੂ ਕੀਤੀ ਜਾਵੇਗੀ।
ਅੰਤ ਵਿਚ ਤਾਰਾ ਸਿੰਘ ਮਾਨ ਨੇ ਮਤਾ ਪੇਸ਼ ਕੀਤਾ ਕਿ ਲੋਕ ਪੱਖੀ ਮੰਗਾਂ ਦੀ ਪ੍ਰਾਪਤੀ ਲਈ 3 ਜਨਵਰੀ ਤੋਂ ਸਮੂਹਿਕ ਭੁੱਖ ਹਡ਼ਤਾਲ ਸ਼ੁਰੂ ਕੀਤੀ ਜਾਵੇ, ਜਿਸ ਨੂੰ ਕਨਵੈਨਸ਼ਨ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਕਨਵੈਨਸ਼ਨ ਵਿਚ ਸਾਥੀ ਦੇਵ ਰਾਜ ਟੌਂਸਾ, ਤੁਲਸੀ ਰਾਮ ਚੇਅਰਮੈਨ, ਚਰਨ ਸਿੰਘ ਭੇਡੀਆਂ, ਪ੍ਰਵਿੰਦਰ ਬਾਂਠ, ਹਨੀ ਚੌਧਰੀ ਟੌਂਸਾ, ਸਵਰਨ ਸਿੰਘ ਨੰਗਲ, ਮੋਹਨ ਸਿੰਘ ਟੌਂਸਾ, ਸਾਥੀ ਦਰਸ਼ਨ ਸਿੰਘ ਭੱਲਾ ਬੇਟ, ਸੋਨੂੰ ਬਨ੍ਹਾਂ ਆਦਿ ਮੁੱਖ ਰੂਪ ਵਿਚ ਮੌਜੂਦ ਸਨ।