ਜਨਤਾ ਦੇ ਸਾਹ ਫੁੱਲੇ, ਅਧਿਕਾਰੀ ਦੌੜੇ : ਮੈਰਾਥਨ ਮੀਟਿੰਗ ’ਚ ਪਹੁੰਚੇ ਜੁਆਇੰਟ ਸਬ-ਰਜਿਸਟਰਾਰ
Saturday, Apr 26, 2025 - 04:30 PM (IST)

ਜਲੰਧਰ (ਚੋਪੜਾ)-ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਾਇਦਾਦ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪਾਰਦਰਸ਼ੀ, ਆਸਾਨ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਕੀਤੇ ਜਾ ਰਹੇ ਸੁਧਾਰਾਤਮਕ ਯਤਨ ਆਮ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦੇ ਜਾ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਬੀਤੇ ਦਿਨ ਉਦੋਂ ਵੇਖਣ ਨੂੰ ਮਿਲੀ, ਜਦੋਂ ਜਲੰਧਰ-1 ਅਤੇ ਜਲੰਧਰ-2 ਵਿਚ ਸਥਿਤ ਸਬ-ਰਜਿਸਟਰਾਰ ਦਫ਼ਤਰਾਂ ਵਿਚ ਤਾਇਨਾਤ ਜੁਆਇੰਟ ਸਬ-ਰਜਿਸਟਰਾਰ ਆਪਣੀ ਡਿਊਟੀ ਅਧੂਰੀ ਛੱਡ ਕੇ ਮੈਰਾਥਨ (ਦੌੜ) ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਦਫ਼ਤਰ ਤੋਂ ਰਵਾਨਾ ਹੋ ਗਏ। ਨਤੀਜੇ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਪਹੁੰਚੇ ਬਜ਼ੁਰਗਾਂ, ਔਰਤਾਂ ਅਤੇ ਦੂਰ-ਦੁਰਾਡਿਓਂ ਪੁੱਜੇ ਨਾਗਰਿਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 27 ਅਪ੍ਰੈਲ ਨੂੰ ਸ਼ਹਿਰ ਵਿਚ ਨਸ਼ਿਆਂ ਖ਼ਿਲਾਫ਼ ਜਨ-ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਇਕ ਵਿਸ਼ਾਲ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਬੀਤੇ ਕਈ ਦਿਨਾਂ ਤੋਂ ਇਸ ਦੀਆਂ ਤਿਆਰੀਆਂ ਵਿਚ ਜੁਟੇ ਹਨ। ਸ਼ੁੱਕਰਵਾਰ ਸ਼ਾਮ 4 ਵਜੇ ਇਸ ਆਯੋਜਨ ਦੀ ਸਮੀਖਿਆ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਵਿਚ ਇਕ ਉੱਚ ਪੱਧਰੀ ਮੀਟਿੰਗ ਰੱਖੀ ਗਈ ਸੀ।
ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਦੋਵਾਂ ਸਬ-ਰਜਿਸਟਰਾਰ ਦਫ਼ਤਰਾਂ ਵਿਚ ਤਾਇਨਾਤ ਜੁਆਇੰਟ ਸਬ-ਰਜਿਸਟਰਾਰ ਦਫ਼ਤਰ ਦਾ ਕੰਮਕਾਜ ਸਮੇਂ ਤੋਂ ਪਹਿਲਾਂ ਹੀ ਬੰਦ ਕਰਕੇ ਨਿਕਲ ਗਏ, ਜਦਕਿ ਜਨਤਾ ਲਾਈਨ ਵਿਚ ਖੜ੍ਹੀ ਸੀ। ਕਈ ਅਰਜ਼ੀ ਨਵੀਸ ਅਤੇ ਲੋਕ ਦਸਤਾਵੇਜ਼ ਲੈ ਕੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋ ਰਹੇ ਸਨ ਪਰ ਜੁਆਇੰਟ ਸਬ-ਰਜਿਸਟਰਾਰਾਂ ਨੇ 3.30 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਦਸਤਾਵੇਜ਼ ਨੂੰ ਵੇਖਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਲੋਕਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਹੁਣ ਸੋਮਵਾਰ ਨੂੰ ਹੀ ਆਉਣਾ ਪਵੇਗਾ। ਜਿਵੇਂ ਹੀ 3.50 ਮਿੰਟ ਹੋਏ ਸਾਰੇ ਜੁਆਇੰਟ ਸਬ-ਰਜਿਸਟਰਾਰ ਮੰਨੋ ਦੌੜ ਦੀ ਪ੍ਰੈਕਟਿਸ ਕਰਦੇ ਹੋਏ ਆਪਣੇ ਦਫਤਰਾਂ ਵਿਚੋਂ ਚਲੇ ਗਏ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, 3 ਦਿਨਾਂ ਲਈ ਬੰਦ ਰਹੇਗਾ ਇਹ ਰੇਲਵੇ ਫਾਟਕ
ਅਗਲੇ 2 ਦਿਨ ਸ਼ਨੀਵਾਰ-ਐਤਵਾਰ ਦੀ ਸਰਕਾਰੀ ਛੁੱਟੀ ਨੇ ਵਧਾਈ ਚਿੰਤਾ
ਸ਼ਨੀਵਾਰ ਅਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਕਰ ਕੇ ਸਬ-ਰਜਿਸਟਰਾਰ ਦਫ਼ਤਰ ਵੀ ਬੰਦ ਰਹਿਣਗੇ। ਅਜਿਹੀ ਸਥਿਤੀ ਵਿਚ ਜਿਹੜੇ ਲੋਕਾਂ ਨੇ ਜ਼ਰੂਰੀ ਕੰਮ ਨਿਪਟਾਉਣਾ ਸੀ, ਉਨ੍ਹਾਂ ਨੂੰ ਘੱਟ ਤੋਂ ਘੱਟ 3 ਦਿਨ ਹੋਰ ਉਡੀਕ ਕਰਨੀ ਪਵੇਗੀ। ਇਹੀ ਕਾਰਨ ਸੀ ਕਿ ਦਫਤਰਾਂ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਕਈ ਲੋਕਾਂ ਨੇ ਗੁੱਸੇ ਅਤੇ ਨਿਰਾਸ਼ਾ ਨਾਲ ਦੱਸਿਆ ਕਿ ਉਹ ਦੂਰ-ਦੁਰਾਡੇ ਇਲਾਕਿਆਂ ਤੋਂ ਆਏ ਸਨ ਅਤੇ ਕਈ ਘੰਟਿਆਂ ਤੋਂ ਉਡੀਕ ਕਰ ਰਹੇ ਸਨ। ਉਥੇ ਹਾਜ਼ਰ ਭੀੜ ਵਿਚ ਔਰਤਾਂ ਦੀ ਗਿਣਤੀ ਵੀ ਘੱਟ ਨਹੀਂ ਸੀ, ਜਿਨ੍ਹਾਂ ਵਿਚੋਂ ਕਈ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਆਈਆਂ ਸਨ। ਕੁਝ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਤੋਂ ਇਥੇ ਆਏ ਹੋਏ ਹਨ ਅਤੇ ਦਸਤਾਵੇਜ਼ ਤਿਆਰ ਤੇ ਹੋਰ ਪ੍ਰੀਕਿਰਿਆਵਾਂ ਪੂਰੀਆਂ ਕਰਕੇ ਇਥੇ ਪਹੁੰਚੇ ਹਨ ਪਰ ਘੰਟਿਆਂਬੱਧੀ ਉਡੀਕ ਕਰਨ ਦੇ ਬਾਅਦ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਜਾਣ ਨੂੰ ਕਿਹਾ ਜਾ ਰਿਹਾ ਹੈ ਕਿ ਅੱਜ ਰਜਿਸਟ੍ਰੇਸ਼ਨ ਨਹੀਂ ਹੋ ਪਾਵੇਗੀ। ਇਕ ਬਜ਼ੁਰਗ ਔਰਤ ਨੇ ਗੁੱਸੇ ਵਿਚ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਸਭ ਕੁਝ ਡਿਜੀਟਲ ਅਤੇ ਪਾਰਦਰਸ਼ੀ ਹੋ ਗਿਆ ਹੈ ਪਰ ਇਥੇ ਤਾਂ ਅਧਿਕਾਰੀ ਜਨਤਾ ਦੀ ਪ੍ਰਵਾਹ ਹੀ ਨਹੀਂ ਕਰਦੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ: ਹੋਮਗਾਰਡ ਦੇ ਜਵਾਨ ਤੇ ਉਸ ਦੇ ਭਰਾ ’ਤੇ ਕਾਤਲਾਨਾ ਹਮਲਾ
ਵ੍ਹਟਸਐਪ ਗਰੁੱਪਾਂ ’ਚ ਰਜਿਸਟ੍ਰੇਸ਼ਨ ਟਾਈਮ ਦੇ ਹੁਕਮ ਜਾਰੀ ਕਰਨ ਦੀ ਰਵਾਇਤ ਬਾ-ਦਸਤੂਰ ਜਾਰੀ
ਸਬ-ਰਜਿਸਟਰਾਰ ਦਫਤਰਾਂ ਵਿਚ ਤਾਇਨਾਤ ਅਧਿਕਾਰੀਆਂ ਨੇ ਜਦੋਂ ਵੀ ਕਿਸੇ ਵਿਆਹ, ਨਿੱਜੀ ਪ੍ਰੋਗਰਾਮ ਜਾਂ ਕਿਸੇ ਜ਼ਰੂਰੀ ਕੰਮ ਜਾਣਾ ਹੁੰਦਾ ਹੈ ਤਾਂ ਤਹਿਸੀਲ ਵਿਚ ਕੰਮ ਕਰ ਰਹੇ ਸਾਰੇ ਅਰਜ਼ੀ ਨਵੀਸਾਂ ਅਤੇ ਵਕੀਲਾਂ ਨੂੰ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਜਾਂਦੇ ਹਨ ਕਿ ਸ਼ੁੱਕਰਵਾਰ ਰਜਿਸਟ੍ਰੇਸ਼ਨ ਦਾ ਕੰਮ ਪਾਬੰਦ ਸਮੇਂ ਤਕ ਹੀ ਕੀਤਾ ਜਾਵੇਗਾ ਤਾਂ ਕਿ ਜਿਸ ਕਿਸੇ ਅਰਜ਼ੀ ਨਵੀਸ ਜਾਂ ਵਕੀਲ ਨੇ ਆਪਣੀ ਪਾਰਟੀ ਦੇ ਡਾਕਿਊਮੈਂਟ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇ ਤਾਂ ਉਹ ਤੈਅ ਸਮੇਂ ਤੋਂ ਪਹਿਲਾਂ ਹੀ ਦਫਤਰ ਵਿਚ ਅਧਿਕਾਰੀ ਦੇ ਸਾਹਮਣੇ ਦਸਤਾਵੇਜ਼ ਨੂੰ ਲੈ ਕੇ ਪੇਸ਼ ਹੋਵੇ।
ਅਧਿਕਾਰੀਆਂ ਦੇ ਹੁਕਮ ਅਰਜ਼ੀ ਨਵੀਸ ਅਤੇ ਵਕੀਲ ਤਕ ਪਹੁੰਚਾਉਣ ਸਬੰਧੀ ਦਫਤਰ ਵਿਚ ਤਾਇਨਾਤ ਸਟਾਫ ਕਰਮਚਾਰੀਆਂ ਨੇ ਵ੍ਹਟਸਐਪ ਗਰੁੱਪ ਬਣਾਏ ਹੋਏ ਹਨ, ਜਿਨ੍ਹਾਂ ਜ਼ਰੀਏ ਸਵੇਰੇ ਜਾਂ ਇਕ ਦਿਨ ਪਹਿਲਾਂ ਹੀ ਸਾਰਿਆਂ ਨੂੰ ਅਧਿਕਾਰੀਆਂ ਦੇ ਹੁਕਮ ਤੋਂ ਜਾਣੂ ਕਰਵਾ ਦਿੱਤਾ ਜਾਂਦਾ ਹੈ ਪਰ ਸਰਕਾਰ ਵੱਲੋਂ ਕੰਮਕਾਜ ਨੂੰ ਪਾਰਦਰਸ਼ੀ ਅਤੇ ਆਸਾਨ ਬਣਾਉਣ ਸਬੰਧੀ ਚੁੱਕੇ ਕਦਮਾਂ ਦੇ ਬਾਵਜੂਦ ਨਵੇਂ ਜੁਆਇੰਟ ਸਬ-ਰਜਿਸਟਰਾਰ ਨੇ ਪੁਰਾਣੀ ਰਵਾਇਤ ਨੂੰ ਬਾ-ਦਸਤੂਰ ਜਾਰੀ ਰੱਖਿਆ ਅਤੇ ਉਨ੍ਹਾਂ ਦੇ ਦਫ਼ਤਰਾਂ ਵਿਚ 3 ਵਜੇ ਤਕ ਹੀ ਕੰਮ ਹੋਣ ਦਾ ਫਰਮਾਨ ਜਾਰੀ ਕਰ ਦਿੱਤਾ, ਹਾਲਾਂਕਿ ਜੇਕਰ ਕੋਈ ਬਿਨੈਕਾਰ 3.40 ਤਕ ਵੀ ਆਇਆ ਤਾਂ ਉਸ ਨੂੰ ਲੇਟ ਹੋਣ ਕਾਰਨ ਸੋਮਵਾਰ ਆਉਣ ਲਈ ਕਿਹਾ ਜਾਂਦਾ ਰਿਹਾ।
ਇਹ ਵੀ ਪੜ੍ਹੋ: ਲੁਧਿਆਣਾ ਜ਼ਿਮਨੀ ਚੋਣ ਲਈ ਭਾਜਪਾ ਨੇ ਖਿੱਚੀ ਤਿਆਰੀ, 8 ਸੰਭਾਵੀ ਉਮੀਦਵਾਰਾਂ ਦੀ ਸੂਚੀ ਕੀਤੀ ਤਿਆਰ
ਜੁਆਇੰਟ ਸਬ-ਰਜਿਸਟਰਾਰਾਂ ਦੇ ਘੱਟ ਤਜਰਬੇ ਕਾਰਨ ਰਜਿਸਟ੍ਰੇਸ਼ਨ ਪ੍ਰਕਿਰਿਆ ਪਹਿਲਾਂ ਹੀ ਸੁਸਤ
ਪੰਜਾਬ ਸਰਕਾਰ ਵੱਲੋਂ ਸਬ-ਰਜਿਸਟਰਾਰ ਦਫਤਰਾਂ ਵਿਚ ਤਾਇਨਾਤ ਕੀਤੇ ਗਏ ਜੁਆਇੰਟ ਸਬ-ਰਜਿਸਟਰਾਰ ਤਜਰਬੇ ਦੇ ਨਜ਼ਰੀਏ ਤੋਂ ਮੁਕਾਬਲਤਨ ਨਵੇਂ ਹਨ। ਨਤੀਜੇ ਵਜੋਂ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਸੁਸਤ ਚੱਲ ਰਹੀ ਹੈ। ਦਸਤਾਵੇਜ਼ਾਂ ਨੂੰ ਬਾਰੀਕੀ ਨਾਲ ਚੈੱਕ ਕਰਨਾ ਅਤੇ ਕਈ ਪਹਿਲੂਆਂ ’ਤੇ ਤਕਨੀਕੀ ਖਾਮੀਆਂ ਕੱਢਣ ਕਾਰਨ ਹਰੇਕ ਰਜਿਸਟ੍ਰੇਸ਼ਨ ਪ੍ਰਕਿਰਿਆ ਵਿਚ ਕਾਫੀ ਸਮਾਂ ਲੱਗ ਰਿਹਾ ਹੈ। ਹੁਣ ਜਦੋਂ ਅਧਿਕਾਰੀ ਸਮੇਂ ਤੋਂ ਪਹਿਲਾਂ ਦਫ਼ਤਰ ਛੱਡ ਕੇ ਚਲੇ ਜਾਂਦੇ ਹਨ ਤਾਂ ਜਨਤਾ ਦੀ ਪ੍ਰੇਸ਼ਾਨੀ ਹੋਰ ਵਧ ਜਾਂਦੀ ਹੈ।
ਜਨਤਾ ਦੀ ਨਾਰਾਜ਼ਗੀ ਸਾਫ, ‘ਆਮ ਆਦਮੀ ਦੀ ਕੋਈ ਸੁਣਵਾਈ ਨਹੀਂ’
ਜਨਤਾ ਵਿਚ ਨਾਰਾਜ਼ਗੀ ਦਾ ਪੱਧਰ ਇੰਨਾ ਸੀ ਕਿ ਕਈ ਲੋਕਾਂ ਨੇ ਅਧਿਕਾਰੀਆਂ ਦੇ ਮੋੜਨ ਦੇ ਬਾਅਦ ਵੀ ਰਜਿਸਟ੍ਰੇਸ਼ਨ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਸਰਕਾਰ ਆਮ ਆਦਮੀ ਦੀ ਸਹੂਲਤ ਦੀਆਂ ਗੱਲਾਂ ਕਰਦੀ ਹੈ ਪਰ ਜਦੋਂ ਗੱਲ ਅਮਲ ਵਿਚ ਲਿਆਉਣ ਦੀ ਆਉਂਦੀ ਹੈ ਤਾਂ ਅਧਿਕਾਰੀ ਆਪਣੇ ਸਿਆਸੀ ਅਤੇ ਸ਼ੋਅਪੀਸ ਈਵੈਂਟਸ ਨੂੰ ਪਹਿਲ ਦਿੰਦੇ ਹਨ।
ਇਕ ਨੌਜਵਾਨ ਨੇ ਕਿਹਾ ਕਿ ਅਸੀਂ ਆਪਣਾ ਕੰਮਕਾਜ ਛੱਡ ਕੇ ਰਜਿਸਟ੍ਰੇਸ਼ਨ ਕਰਵਾਉਣ ਆਏ ਸੀ ਪਰ ਇਥੇ ਸਾਨੂੰ ਅਹਿਸਾਸ ਹੋਇਆ ਕਿ ਸਰਕਾਰੀ ਦਫਤਰਾਂ ਵਿਚ ਆਮ ਆਦਮੀ ਦੀ ਕੋਈ ਅਹਿਮੀਅਤ ਹੀ ਨਹੀਂ ਹੈ। ਇਕ ਔਰਤ ਨੇ ਕਿਹਾ ਕਿ ਜੇਕਰ ਮੀਟਿੰਗ ਜ਼ਰੂਰੀ ਸੀ ਤਾਂ ਕੰਮਕਾਜ ਲਈ ਬਦਲਵਾਂ ਪ੍ਰਬੰਧ ਹੋਣਾ ਚਾਹੀਦਾ ਸੀ। ਅਜਿਹਾ ਨਹੀਂ ਕਿ ਜਨਤਾ ਨੂੰ ਉਂਝ ਹੀ ਛੱਡ ਦਿੱਤਾ ਜਾਵੇ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ, ਪੱਕੇ ਤੌਰ 'ਤੇ ਬੰਦ ਹੋਇਆ ਰੇਲਵੇ ਕਰਾਸਿੰਗ ਦਾ ਇਹ ਰਸਤਾ
ਡਿਪਟੀ ਕਮਿਸ਼ਨਰ ਦੇ ਦਖ਼ਲ ਨਾਲ ਦੋਬਾਰਾ ਸ਼ੁਰੂ ਹੋਇਆ ਕੰਮ
ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਉਦੋਂ ਹੋਇਆ, ਜਦੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਨੋਟਿਸ ਵਿਚ ਆਇਆ। ਉਨ੍ਹਾਂ ਤੁਰੰਤ ਨਿਰਦੇਸ਼ ਜਾਰੀ ਕੀਤੇ ਕਿ ਸਬ-ਰਜਿਸਟਰਾਰ ਦਫਤਰਾਂ ਵਿਚ ਜਨਤਾ ਦੀ ਭੀੜ ਲੱਗੀ ਹੋਣ ਕਾਰਨ ਜੁਆਇੰਟ ਸਬ-ਰਜਿਸਟਰਾਰ ਤੁਰੰਤ ਵਾਪਸ ਮੁੜ ਕੇ ਰਜਿਸਟ੍ਰੇਸ਼ਨ ਦੇ ਕੰਮ ਨਿਪਟਾਉਣ। ਡਿਪਟੀ ਕਮਿਸ਼ਨਰ ਦੀ ਇਸ ਤੁਰੰਤ ਕਾਰਵਾਈ ਤੋਂ ਬਾਅਦ ਲਗਭਗ 4.45 ਵਜੇ ਦੋਵਾਂ ਦਫ਼ਤਰਾਂ ਵਿਚ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੀ।
ਇਹ ਵੀ ਪੜ੍ਹੋ: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਹਾਈ ਅਲਰਟ ’ਤੇ ਪੰਜਾਬ, DGP ਵੱਲੋਂ ਚੁੱਕੇ ਜਾ ਰਹੇ ਵੱਡੇ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e