ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਤੇ ਜਥੇਦਾਰ ਰਘਬੀਰ ਸਿੰਘ ਦਾ ਬਿਆਨ ਆਇਆ ਸਾਹਮਣੇ

03/22/2023 6:18:14 PM

ਸ੍ਰੀ ਕੇਸਗੜ੍ਹ ਸਾਹਿਬ (ਚੋਵੇਸ਼ ਲਟਾਵਾ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿਚ ਅਹਿਮ ਬਿਆਨ ਦਿੱਤਾ ਹੈ। ਅੰਮ੍ਰਿਤਪਾਲ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਤੋਂ ਐੱਨ. ਐੱਸ. ਏ. ਹਟਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸਰਕਾਰ ਨੂੰ ਬੇਕਸੂਰ ਨੌਜਵਾਨਾਂ ਨੂੰ ਜਲਦੀ ਹੀ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ। 

ਉਨ੍ਹਾਂ ਕਿਹਾ ਜਾਣ-ਬੁੱਝ ਕੇ ਸਰਕਾਰਾਂ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰ ਰਹੀਆਂ ਹਨ। ਅੰਮ੍ਰਿਤਪਾਲ ਸਿੰਘ ਦੇ ਨਾਲ ਫੋਟੋ ਖਿੱਚਵਾਉਣ ਵਾਲੇ ਨੌਜਵਾਨਾਂ ਨੂੰ ਵੀ ਫੜ ਕੇ ਐੱਨ. ਐੱਸ. ਏ. ਲਗਾ ਕੇ ਸੂਬੇ ਤੋਂ ਬਾਹਰਲੀਆਂ ਜੇਲ੍ਹਾਂ ਦੇ ਵਿਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰਾਂ ਨੂੰ ਕਿਹਾ ਕਿ ਇਨ੍ਹਾਂ ਨੌਜਵਾਨਾਂ ਨਾਲ ਇਨਸਾਫ਼ ਕੀਤਾ ਜਾਵੇ ਅਤੇ ਤਰੁੰਤ ਐੱਨ. ਐੱਸ. ਏ. ਹਟਾਇਆ ਜਾਵੇ, ਇਨ੍ਹਾਂ ਨੌਜਵਾਨਾਂ ਨੂੰ ਪੰਜਾਬ ਵਾਪਸ ਲਿਆਂਦਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬਾਹਰਲੇ ਸੂਬਿਆਂ ਵਿਚ ਨੌਜਵਾਨਾਂ ਨੂੰ ਜੇਲ੍ਹ ਕੱਟਣ ਦੀ ਬਜਾਏ ਆਪਣੇ ਸੂਬੇ ਵਿਚ ਹੀ ਉਨ੍ਹਾਂ ਨੂੰ ਲਿਆਂਦਾ ਜਾਵੇ ਅਤੇ ਜੇਕਰ ਕੋਈ ਬੇਕਸੂਰ ਨੌਜਵਾਨ ਪੁਲਸ ਨੇ ਫੜੇ ਹੋਏ ਹਨ ਤਾਂ ਉਨ੍ਹਾਂ ਨੂੰ ਜਲਦ ਰਿਹਾਅ ਕੀਤਾ ਜਾਵੇ ਤਾਂ ਕਿ ਉਹ ਆਪਣੀ ਕਿਰਤ ਕਮਾਈ ਨਾਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ, ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ

ਜ਼ਿਕਰਯੋਗ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਗ੍ਰਹਿ ਮੰਤਰਾਲਾ ਪੂਰੀ ਤਰ੍ਹਾਂ ਚੌਕਸ ਹੈ। ਇਸ ਲਈ ਰਾਸ਼ਟਰੀ ਜਾਂਚ ਏਜੰਸੀ (NIA) ਜਾਂਚ 'ਚ ਸ਼ਾਮਲ ਹੋ ਗਈ ਹੈ। ਐੱਨ. ਆਈ. ਏ. ਦੀਆਂ 8 ਟੀਮਾਂ ਨੇ ਪੰਜਾਬ ਪਹੁੰਚ ਕੇ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਗੁਰਦਾਸਪੁਰ ਜ਼ਿਲ੍ਹਿਆਂ 'ਚ ਹਥਿਆਰਾਂ, ਵਿਦੇਸ਼ੀ ਸਬੰਧਾਂ, ਫੰਡਿੰਗ ਤੇ ਆਈਐੱਸਆਈ ਦੇ ਸਬੰਧਾਂ ਦੀ ਜਾਂਚ ਕਰ ਦਿੱਤਾ ਹੈ। ਪੰਜਾਬ ਪੁਲਸ ਨੇ ਅੰਮ੍ਰਿਤਪਾਲ ਸਿੰਘ ਦੇ 458 ਨਜ਼ਦੀਕੀ ਸਾਥੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਸੂਚੀ ਐੱਨ. ਆਈ. ਏ. ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਨੂੰ ਏ, ਬੀ ਅਤੇ ਸੀ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਏ ਕੈਟਾਗਿਰੀ ਦੇ 142 ਲੋਕ ਅਜਿਹੇ ਹਨ, ਜੋ 24 ਘੰਟੇ ਅੰਮ੍ਰਿਤਪਾਲ ਨਾਲ ਰਹਿੰਦੇ ਸਨ। ਬੀ ਸ਼੍ਰੇਣੀ 'ਚ 213 ਲੋਕ ਅਜਿਹੇ ਸਨ, ਜੋ ਵਿੱਤ ਅਤੇ ਸੰਸਥਾ ਦਾ ਕੰਮ ਵੇਖਦੇ ਸਨ। ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੀਆਂ 6 ਫਾਈਨਾਂਸ ਕੰਪਨੀਆਂ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ 'ਚ ਪਿਛਲੇ ਸਾਲ 20 ਅਗਸਤ ਤੋਂ ਹੁਣ ਤੱਕ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ। ਜਲੰਧਰ ਦੇ 2 ਹਵਾਲਾ ਕਾਰੋਬਾਰੀਆਂ ਦੀ ਵੀ ਸ਼ਨਾਖਤ ਹੋਈ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ।

ਖ਼ਰੀਦੀਆਂ ਸਨ 33 ਬੁਲੇਟ ਪਰੂਫ਼ ਜੈਕਟਾਂ
ਪੰਜਾਬ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ, ਐਂਟੀ-ਗੈਂਗਸਟਰ ਟਾਸਕ ਫੋਰਸ ਦੀਆਂ 28 ਟੀਮਾਂ ਵੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਨੇ ਆਪਣੀ ਬਣਾਈ ਗਈ ਅਨੰਦਪੁਰ ਖ਼ਾਲਸਾ ਫ਼ੌਜ (ਏ. ਕੇ. ਐੱਫ਼) ਲਈ 33 ਬੁਲੇਟਪਰੂਫ ਜੈਕਟਾਂ ਖ਼ਰੀਦੀਆਂ ਸਨ। ਇਹ ਦਿੱਲੀ ਤੋਂ ਲਿਆਂਦੀਆਂ ਗਈਆਂ ਸਨ। ਇਨ੍ਹਾਂ ਜੈਕਟਾਂ 'ਤੇ AKF ਦਾ ਨਿਸ਼ਾਨ ਵੀ ਬਣਿਆ ਹੋਇਆ ਸੀ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲਾ ਦੇਸ਼ ਭਰ 'ਚ ਫੈਲੇ ਅੰਮ੍ਰਿਤਪਾਲ ਦੇ ਨੈੱਟਵਰਕ 'ਤੇ ਇਕੋ ਸਮੇਂ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਦੇ ਸਮਰਥਕ 9 ਰਾਜਾਂ ਵਿੱਚ ਹਨ। ਇਸ ਲਈ ਇਨ੍ਹਾਂ ਰਾਜਾਂ ਦੀ ਪੁਲਸ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਮੋਬਾਇਲ ਲੋਕੇਸ਼ਨ ਟ੍ਰੇਸ ਕਰ ਲਈ ਗਈ ਹੈ।

ਇਹ ਵੀ ਪੜ੍ਹੋ : ਕੈਨੇਡਾ 'ਚ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਜਲੰਧਰ ਦੇ ਡੀ. ਸੀ. ਦਾ ਸਖ਼ਤ ਐਕਸ਼ਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News