ਸਮਾਰਟ ਸਿਟੀ ਦੀ ਮਲਾਈ-ਮਲਾਈ ਤਾਂ ਖਾ ਗਏ ਪਿਛਲੇ ਅਫ਼ਸਰ, ਹੁਣ ਸਪਰੇਟਾ ਦੁੱਧ ਪੀਣ ਨੂੰ ਕੋਈ ਤਿਆਰ ਨਹੀਂ
Saturday, Oct 08, 2022 - 02:44 PM (IST)

ਜਲੰਧਰ (ਖੁਰਾਣਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਰਟ ਸਿਟੀ ਮਿਸ਼ਨ ਤਹਿਤ ਬਣੀ ਜਲੰਧਰ ਸਮਾਰਟ ਸਿਟੀ ਨੇ ਪਿਛਲੇ ਸਮੇਂ ਦੌਰਾਨ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਲਗਭਗ 64 ਪ੍ਰਾਜੈਕਟ ਤਿਆਰ ਕੀਤੇ, ਜਿਨ੍ਹਾਂ ਵਿਚੋਂ ਲਗਭਗ 30 ਤਾਂ ਪੂਰੇ ਕੀਤੇ ਜਾ ਚੁੱਕੇ ਹਨ ਪਰ 34 ਪ੍ਰਾਜੈਕਟ ਅਜਿਹੇ ਹਨ, ਜਿਹੜੇ ਅਜੇ ਵੀ ਲਟਕ ਰਹੇ ਹਨ ਅਤੇ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਖ਼ਾਸ ਗੱਲ ਇਹ ਹੈ ਕਿ ਜਿਹੜੇ 34 ਪ੍ਰਾਜੈਕਟ ਇਸ ਸਮੇਂ ਵਿਚਾਲੇ ਲਟਕੇ ਹੋਏ ਹਨ, ਉਨ੍ਹਾਂ ਦਾ ਵੀ ਵਧੇਰੇ ਕੰਮ ਕਰਵਾਇਆ ਜਾ ਚੁੱਕਾ ਹੈ ਅਤੇ ਕਈ ਪ੍ਰਾਜੈਕਟ ਤਾਂ ਆਖਰੀ ਪੜਾਅ ਵਿਚ ਆ ਕੇ ਹੀ ਰੁਕ ਗਏ ਹਨ। ਪਿਛਲੇ ਦਿਨੀਂ ਕੇਂਦਰ ਸਰਕਾਰ ਤੋਂ ਦਬਾਅ ਪੈਣ ਤੋਂ ਬਾਅਦ ਜਦੋਂ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੇ ਨਿਗਮ ਕਮਿਸ਼ਨਰ ਨੂੰ ਸਮਾਰਟ ਸਿਟੀ ਦੇ ਪ੍ਰਾਜੈਕਟ ਤੇਜ਼ ਕਰਨ ਅਤੇ ਪੂਰਾ ਕਰਨ ਨੂੰ ਕਿਹਾ ਸੀ, ਉਦੋਂ ਕਮਿਸ਼ਨਰ ਨੇ ਜਲੰਧਰ ਨਿਗਮ ਦੇ ਕਈ ਅਧਿਕਾਰੀਆਂ ਦੀ ਡਿਊਟੀ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਵਿਚ ਬਤੌਰ ਨੋਡਲ ਅਫ਼ਸਰ ਲਾ ਦਿੱਤੀ।
ਇਹ ਵੀ ਪੜ੍ਹੋ: ਇੰਗਲੈਂਡ ਰਹਿੰਦੇ ਟਾਂਡਾ ਦੇ ਵਸਨੀਕ ਦਾ ਚੋਰੀ ਹੋਇਆ ਸਾਈਕਲ, DGP ਨੂੰ ਲਿਖਿਆ ਪੱਤਰ ਤਾਂ ਹਰਕਤ 'ਚ ਆਈ ਪੁਲਸ
ਹੈਰਾਨੀਜਨਕ ਤੱਥ ਇਹ ਹੈ ਕਿ ਕਮਿਸ਼ਨਰ ਵੱਲੋਂ ਲਿਖਤੀ ਹੁਕਮ ਜਾਰੀ ਕੀਤੇ ਜਾਣ ਦੇ ਬਾਅਦ ਵੀ ਨਿਗਮ ਦਾ ਕੋਈ ਅਧਿਕਾਰੀ ਸਮਾਰਟ ਸਿਟੀ ਆਫਿਸ ਵਿਚ ਜਾਣ ਨੂੰ ਤਿਆਰ ਨਹੀਂ ਅਤੇ ਨਾ ਹੀ ਕਿਸੇ ਵੱਲੋਂ ਕਿਸੇ ਪ੍ਰਾਜੈਕਟ ਵਿਚ ਦਿਲਚਸਪੀ ਹੀ ਦਿਖਾਈ ਜਾ ਰਹੀ ਹੈ। ਇਕ ਨਿਗਮ ਅਧਿਕਾਰੀ ਨੇ ਆਪਣਾ ਨਾਂ ਨਾ ਛਾਪੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਸਮਾਰਟ ਸਿਟੀ ਦੀ ਮਲਾਈ-ਮਲਾਈ ਤਾਂ ਪਿਛਲੇ ਅਫ਼ਸਰ ਖਾ ਗਏ ਪਰ ਹੁਣ ਸਪਰੇਟਾ ਦੁੱਧ ਪੀਣ ਨੂੰ ਕਿਹਾ ਜਾ ਰਿਹਾ ਹੈ, ਜਿਸ ਦੇ ਲਈ ਕੋਈ ਭਲਾ ਕਿਉਂ ਜਾਵੇਗਾ। ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਦੇ ਪਿਛਲੇ 2-3 ਸਾਲਾਂ ਦੇ ਕਾਰਜਕਾਲ ਦੌਰਾਨ ਜਿੱਥੇ ਕਾਂਗਰਸੀ ਆਗੂਆਂ ਤੱਕ ਨੂੰ ਸਮਾਰਟ ਸਿਟੀ ਦੇ ਕਿਸੇ ਪ੍ਰਾਜੈਕਟ ਦੀ ਜਾਣਕਾਰੀ ਨਹੀਂ ਦਿੱਤੀ ਗਈ, ਉਥੇ ਹੀ ਠੇਕੇਦਾਰਾਂ ਨੇ ਵੀ ਖੂਬ ਮੌਜਾਂ ਕੀਤੀਆਂ, ਸਮਾਰਟ ਸਿਟੀ ਦੇ ਕਿਸੇ ਠੇਕੇਦਾਰ ਦੇ ਕੰਮ ਦੀ ਜਾਂਚ ਨਹੀਂ ਹੋਈ ਅਤੇ ਜਿਸ ਦਿਨ ਠੇਕੇਦਾਰ ਨੇ ਆਪਣਾ ਬਿੱਲ ਸਬਮਿਟ ਕੀਤਾ, ਉਸ ਦੇ ਅਗਲੇ ਹੀ ਦਿਨ ਉਸ ਦਾ ਚੈੱਕ ਵੀ ਬਣ ਕੇ ਤਿਆਰ ਹੋ ਗਿਆ। ਕਈ ਚਹੇਤੇ ਠੇਕੇਦਾਰ ਤਾਂ ਅਜਿਹੇ ਸਨ, ਜਿਨ੍ਹਾਂ ਨੇ ਉਸ ਕੰਮ ਦੀ ਪੇਮੈਂਟ ਤੱਕ ਵੀ ਲੈ ਲਈ, ਜਿਹੜੇ ਕੰਮ ਉਨ੍ਹਾਂ ਨੇ ਕੀਤੇ ਤੱਕ ਨਹੀਂ ਸਨ। ਸਿਰਫ਼ ਸਾਮਾਨ ਦੀ ਖ਼ਰੀਦ ਵਿਖਾ ਕੇ ਹੀ ਕਰੋੜਾਂ ਰੁਪਏ ਦੇ ਚੈੱਕ ਆਪਣੇ ਕਬਜ਼ੇ ਵਿਚ ਕਰਕੇ ਕੈਸ਼ ਵੀ ਕਰਵਾ ਲਏ ਗਏ।
ਸਮਾਰਟ ਸਿਟੀ ’ਚ ਚਰਚਿਤ ਅਧਿਕਾਰੀਆਂ ’ਤੇ ਲੱਗੇ ਸਨ ਕਈ ਦੋਸ਼
ਜਲੰਧਰ ਸਮਾਰਟ ਸਿਟੀ ਦੀ ਗੱਲ ਕਰੀਏ ਤਾਂ ਇਥੇ ਨਗਰ ਨਿਗਮ ਦੇ ਰਿਟਾ. ਐੱਸ. ਈ. ਕੁਲਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਲੰਮੇ ਸਮੇਂ ਤੱਕ ਬਤੌਰ ਟੀਮ ਲੀਡਰ ਅਤੇ ਪ੍ਰਾਜੈਕਟ ਐਕਸਪਰਟ ਵਜੋਂ ਕੰਮ ਕਰਦੇ ਰਹੇ। ਦੋਵਾਂ ’ਤੇ ਇਹ ਦੋਸ਼ ਲੱਗਦੇ ਰਹੇ ਕਿ ਉਨ੍ਹਾਂ ਸਮਾਰਟ ਸਿਟੀ ਤਹਿਤ ਹੋਏ ਕੰਮਾਂ ਦੀ ਵਧੀਆ ਢੰਗ ਨਾਲ ਦੇਖ-ਰੇਖ ਨਹੀਂ ਕੀਤੀ, ਜਿਸ ਕਾਰਨ ਠੇਕੇਦਾਰਾਂ ਨੇ ਖੂਬ ਮਨਮਰਜ਼ੀ ਕੀਤੀ, ਖੂਬ ਘਟੀਆ ਮਟੀਰੀਅਲ ਲਾਇਆ ਅਤੇ ਕਈ ਮਾਇਨਿਆਂ ਵਿਚ ਸਿਰਫ਼ ਖਾਨਾਪੂਰਤੀ ਹੀ ਕੀਤੀ। ਹੁਣ ਦੋਵੇਂ ਹੀ ਅਧਿਕਾਰੀ ਸਮਾਰਟ ਸਿਟੀ ਦਾ ਪੱਲਾ ਛੱਡ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਚੱਲ ਰਹੀ ਜਾਂਚ ਦੌਰਾਨ ਦੋਵਾਂ ਨੂੰ ਵੀ ਜਵਾਬਦੇਹ ਵੀ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਲੰਧਰ ਸਮਾਰਟ ਸਿਟੀ ਵਿਚ ਰਹੇ ਹੋਰ ਉੱਚ ਅਧਿਕਾਰੀ ਵੀ ਕਾਫ਼ੀ ਚਰਚਿਤ ਰਹੇ।
ਇਹ ਵੀ ਪੜ੍ਹੋ: ਦੀਵਾਲੀ, ਗੁਰਪੁਰਬ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਸਬੰਧੀ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
ਹੁਣ ਵਿਜੀਲੈਂਸ ਦੇ ਡਰ ਕਾਰਨ ਕੋਈ ਸਮਾਰਟ ਸਿਟੀ ’ਚ ਹੱਥ ਪਾਉਣ ਨੂੰ ਨਹੀਂ ਤਿਆਰ
ਪਿਛਲੇ 2-3 ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਵਿਚ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਚੁੱਕੇ ਹਨ ਅਤੇ ਕੰਮ ਇੰਨਾ ਖ਼ਰਾਬ ਹੈ ਕਿ ਹੁਣ ਸਮਾਰਟ ਸਿਟੀ ਦੇ ਕੰਮ ਨੂੰ ਕੋਈ ਹੱਥ ਤੱਕ ਪਾਉਣ ਲਈ ਤਿਆਰ ਨਹੀਂ ਹੈ। ਕਿਉਂਕਿ ਜਲੰਧਰ ਸਮਾਰਟ ਸਿਟੀ ਦੇ ਕੰਮਾਂ ਦੀ ਜਾਂਚ ਇਸ ਸਮੇਂ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਹੈ। ਇਸ ਲਈ ਨਿਗਮ ਦਾ ਕੋਈ ਅਧਿਕਾਰੀ ਸਮਾਰਟ ਸਿਟੀ ਵੱਲ ਦੇਖਦਾ ਤੱਕ ਨਹੀਂ ਕਿਉਂਕਿ ਉਸਦਾ ਮੰਨਣਾ ਹੈ ਕਿ ਅਜਿਹਾ ਕਰਨ ’ਤੇ ਉਨ੍ਹਾਂ ਨੂੰ ਵਾਰ-ਵਾਰ ਵਿਜੀਲੈਂਸ ਕੋਲ ਬਿਆਨ ਦੇਣ ਜਾਣਾ ਪਵੇਗਾ।
ਦੀਵਾਲੀ ਤੋਂ ਪਹਿਲਾਂ ਸ਼ੁਰੂ ਹੋਵੇਗਾ ਸਪੋਰਟਸ ਹੱਬ ਪ੍ਰਾਜੈਕਟ, ਸਪੋਰਟਸ ਹੱਬ ਦੇ ਠੇਕੇਦਾਰ ’ਤੇ ਬਣਿਆ ਦਬਾਅ
ਪਿਛਲੇ ਦਿਨੀਂ ਸਪੋਰਟਸ ਹੱਬ ਦੇ ਠੇਕੇਦਾਰ ਨੇ ਅਧਿਕਾਰੀਆਂ ’ਤੇ ਸਹਿਯੋਗ ਨਾ ਦੇਣ ਦਾ ਦੋਸ਼ ਲਾ ਕੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਸੀ ਪਰ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਨੇ ਬੀਤੇ ਦਿਨੀਂ ਸਪੋਰਟਸ ਹੱਬ ਦੇ ਠੇਕੇਦਾਰ ਅਤੇ ਆਰਕੀਟੈਕਟ ਨੂੰ ਬੁਲਾ ਕੇ ਇਕ ਮੀਟਿੰਗ ਕੀਤੀ ਅਤੇ ਉਨ੍ਹਾਂ ’ਤੇ ਦਬਾਅ ਬਣਾਇਆ ਕਿ ਪ੍ਰਾਜੈਕਟ ਜਲਦ ਸ਼ੁਰੂ ਕੀਤਾ ਜਾਵੇ। ਕਮਿਸ਼ਨਰ ਨੇ ਦੱਸਿਆ ਕਿ ਸਪੋਰਟਸ ਹੱਬ ਦੀ ਡੀ. ਪੀ. ਆਰ., ਐੱਨ. ਓ. ਸੀ., ਡਰਾਇੰਗ ਅਤੇ ਡਿਜ਼ਾਈਨ ਆਦਿ ’ਤੇ 57 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਹੁਣ ਠੇਕੇਦਾਰ ਨੂੰ ਕਿਹਾ ਗਿਆ ਹੈ ਕਿ ਉਹ ਕੰਮ ਕਰਕੇ ਦਿਖਾਵੇ, ਉਸ ਨੂੰ ਨਾਲ-ਨਾਲ ਪੇਮੈਂਟ ਕਰ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਹੈੱਡਕੁਆਰਟਰ ਤੋਂ ਆਏ ਆਬਜੈਕਸ਼ਨ ਐੱਸ. ਟੀ. ਪੀ. ਵੱਲੋਂ ਮੌਕੇ ’ਤੇ ਹੀ ਦੂਰ ਕਰ ਦਿੱਤੇ ਗਏ ਅਤੇ ਠੇਕੇਦਾਰ ਕੋਲੋਂ ਭਰੋਸਾ ਲਿਆ ਗਿਆ ਕਿ ਮੰਗਲਵਾਰ ਤੱਕ ਡਰਾਇੰਗ ਫਾਈਨਲ ਕਰ ਲਈ ਜਾਵੇ। ਕਮਿਸ਼ਨਰ ਨੇ ਦਾਅਵਾ ਕੀਤਾ ਕਿ ਦੀਵਾਲੀ ਤੋਂ ਪਹਿਲਾਂ-ਪਹਿਲਾਂ ਬਰਲਟਨ ਪਾਰਕ ਸਪੋਰਟਸ ਹੱਬ ਦਾ ਕੰਮ ਦੋਬਾਰਾ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ DGP ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ, ਕਿਹਾ-ਗਤੀਵਿਧੀਆਂ ਦੀ ਹੋਵੇ ਜਾਂਚ
ਬਰਲਟਨ ਪਾਰਕ 'ਚ ਬਣੇਗਾ ਹਾਕੀ ਦਾ ਨਵਾਂ ਸਟੇਡੀਅਮ
ਬਰਲਟਨ ਪਾਰਕ ਦੀ 62 ਏਕੜ ਜ਼ਮੀਨ ਦੇ ਇਕ ਹਿੱਸੇ 'ਤੇ ਤਿਆਰ ਕੀਤੇ ਜਾ ਰਹੇ ਮਲਟੀਪਰਪਜ਼ ਸਪੋਰਟਸ ਸਟੇਡੀਅਮ ਦੇ ਤਹਿਤ ਹਾਕੀ ਦੇ ਇਕ ਨਵੇਂ ਸਟੇਡੀਅਮ ਦਾ ਨਿਰਮਾਣ ਹੋਵੇਗਾ। ਪ੍ਰੈਕਟਿਸ ਲਈ ਇਕ ਫੁੱਟਬਾਲ ਗਰਾਊਂਡ ਤਿਆਰ ਹੋਵੇਗੀ। 77 ਕਰੋੜ ਦੇ ਪ੍ਰਾਜੈਕਟ ਵਿਚ ਮਲਟੀਪਰਪਜ਼ ਸਪੋਰਟਸ ਸਟੇਡੀਅਮ ਵਿਚ ਇਨਡੋਰ ਗੇਮਜ਼ ਅਤੇ ਆਊਟਡੋਰ ਗੇਮਜ਼ ਦਾ ਇੰਫ੍ਰਾਸਟਰਕਚਰ ਹੋਵੇਗਾ। ਸਾਈਕਲ ਟਰੇਕ ਅਤੇ ਸਿੰਥੇਟਿਕ ਜੋਗਿੰਗ ਟ੍ਰੈਕ ਵੀ ਤਿਆਰ ਹੋਵੇਗੀ। ਆਊਟਡੋਰ ਸਟੇਡੀਅਮ ਦੇ ਤਹਿਤ ਹਾਕੀ ਸਟੇਡੀਅਮ, ਕ੍ਰਿਕਟ ਸਟੇਡੀਅਮ, ਫੁੱਟਬਾਲ ਗਰਾਊਂਡ ਅਤੇ ਸਕੇਟਿੰਗ ਰਿੰਗ ਵੀ ਹੋਵੇਗੀ। ਉਥੇ ਹੀ ਇਨਡੋਰ ਗੇਮਜ਼ ਲਈ ਹੈਂਡਬਾਲ, ਬਾਸਕਟਬਾਲ, ਬਾਕਸਿੰਗ, ਵਾਲੀਵਾਲ, ਜੂਡੋ, ਕਬੱਡੀ, ਬੈਡਮਿੰਟਨ ਕੁਸ਼ਤੀ ਅਤੇ ਵੇਟ ਲਿਫਟਿੰਗ ਲਈ ਇੰਤਜ਼ਾਮ ਹੋਵੇਗਾ।
ਇਹ ਵੀ ਪੜ੍ਹੋ: ਕਪੂਰਥਲਾ 'ਚ ਵਾਪਰੇ ਭਿਆਨਕ ਹਾਦਸੇ ਨੇ ਖੋਹੀਆਂ ਘਰ ਦੀਆਂ ਖ਼ੁਸ਼ੀਆਂ, 11ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ