ਨਸ਼ੇ ਦੀ ਸਮੱਗਲਿੰਗ ਕਰਨ ਵਾਲੇ 6 ਸਮੱਗਲਰ ਜਲੰਧਰ ਪੁਲਸ ਨੇ ਕੀਤੇ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
Thursday, Sep 07, 2023 - 10:53 AM (IST)

ਜਲੰਧਰ (ਰਮਨ, ਸੁਧੀਰ)–ਥਾਣਾ ਰਾਮਾ ਮੰਡੀ ਦੀ ਪੁਲਸ ਨੇ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਇਕ ਹੀ ਗਿਰੋਹ ਦੇ 6 ਸਮੱਗਲਰਾਂ ਨੂੰ ਵੱਖ-ਵੱਖ ਮੁਕੱਦਮਿਆਂ ਵਿਚ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ਵਿਚੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਸਮੱਗਲਰਾਂ ਦੀ ਪਛਾਣ ਰਾਜੇਸ਼ ਕੁਮਾਰ ਉਰਫ਼ ਰਾਜਾ ਪੁੱਤਰ ਕਸ਼ਮੀਰ ਲਾਲ ਵਾਸੀ ਕਾਕੀ ਪਿੰਡ ਜਲੰਧਰ, ਹਰਜਿੰਦਰ ਕੁਮਾਰ ਉਰਫ਼ ਗੰਜੀ ਪੁੱਤਰ ਰਾਮਪਾਲ ਵਾਸੀ ਪਿੰਡ ਚਾਂਦਪੁਰ ਜਲੰਧਰ, ਅਨੁਜ ਕੁਮਾਰ ਉਰਫ਼ ਮੋਹਿਤ ਪੁੱਤਰ ਰਾਜਿੰਦਰ ਕੁਮਾਰ ਵਾਸੀ ਰੇਲਵੇ ਕਾਲੋਨੀ ਦਕੋਹਾ ਜਲੰਧਰ, ਯੋਗੇਸ਼ ਚਾਹਲ ਉਰਫ਼ ਬਿੱਲਾ ਪੁੱਤਰ ਭੁਪਿੰਦਰ ਕੁਮਾਰ ਪਿੰਡ ਤੱਲ੍ਹਣ ਜਲੰਧਰ, ਇੰਦਰਜੀਤ ਉਰਫ਼ ਇੰਦਰ ਪੁੱਤਰ ਜੋਗ ਸਿੰਘ ਵਾਸੀ ਚਾਂਦਪੁਰ ਜਲੰਧਰ ਅਤੇ ਸ਼ਿਵਮ ਉਰਫ਼ ਸ਼ਿਵਾ ਪੁੱਤਰ ਸੁਰੇਸ਼ ਕੁਮਾਰ ਵਾਸੀ ਤੱਲ੍ਹਣ ਰੋਡ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਬਗਾਵਤ ਦੇ ਖ਼ਤਰੇ ਪਿੱਛੋਂ ਪੰਜਾਬ ਕਾਂਗਰਸ ਨੇ ‘ਆਪ’ ਨਾਲ ਕੀਤਾ ਗਠਜੋੜ ਦਾ ਖੁੱਲ੍ਹਾ ਵਿਰੋਧ
ਡੀ. ਸੀ. ਪੀ. ਹਰਵਿੰਦਰ ਸਿੰਘ ਵਿਰਕ, ਏ. ਡੀ. ਸੀ. ਪੀ.-1 ਬਲਵਿੰਦਰ ਸਿੰਘ ਰੰਧਾਵਾ ਪੀ. ਪੀ. ਐੱਸ., ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ’ਤੇ ਚਲਾਈ ਮੁਹਿੰਮ ਤਹਿਤ ਰਾਮਾ ਮੰਡੀ ਦੇ ਮੁਖੀ ਰਾਜੇਸ਼ ਕੁਮਾਰ ਅਰੋੜਾ ਦੇ ਨਿਰਦੇਸ਼ਾਂ ’ਤੇ ਏ. ਐੱਸ. ਆਈ. ਰੋਸ਼ਨ ਲਾਲ ਪੁਲਸ ਪਾਰਟੀ ਨਾਲ ਸੰਤੋਸ਼ੀ ਨਗਰ ਟੀ-ਪੁਆਇੰਟ ’ਤੇ ਮੌਜੂਦ ਸਨ। ਇਸ ਦੌਰਾਨ ਸਾਹਮਣਿਓਂ ਪੈਦਲ ਆ ਰਿਹਾ ਇਕ ਨੌਜਵਾਨ ਪੁਲਸ ਨੂੰ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਮੁੜ ਕੇ ਭੱਜਣ ਲੱਗਾ, ਜਿਸ ਨੂੰ ਏ. ਐੱਸ. ਆਈ. ਰੋਸ਼ਨ ਲਾਲ ਨੇ ਪੁਲਸ ਪਾਰਟੀ ਨਾਲ ਕਾਬੂ ਕਰ ਲਿਆ। ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਉਸ ਤੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਮੌਕੇ ’ਤੇ ਮੁਲਜ਼ਮ ਰਾਜੇਸ਼ ਕੁਮਾਰ ਉਰਫ਼ ਰਾਜਾ ਨੂੰ ਗ੍ਰਿਫ਼ਤਾਰ ਕਰਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ।
ਇਸ ਤੋਂ ਬਾਅਦ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਹਰਜਿੰਦਰ ਕੁਮਾਰ ਉਰਫ਼ ਗੰਜੀ ਅਤੇ ਅਨੁਜ ਕੁਮਾਰ ਉਰਫ਼ ਮੋਹਿਤ ਨਾਲ ਮਿਲ ਕੇ ਨਸ਼ੇ ਦੀ ਸਮੱਗਲਿੰਗ ਕਰਦਾ ਹੈ। ਪੁਲਸ ਨੇ ਜਾਂਚ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਮਾਮਲੇ ਵਿਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਹਰਜਿੰਦਰ ਕੁਮਾਰ ਤੋਂ 50 ਗ੍ਰਾਮ ਅਤੇ ਅਨੁਜ ਕੁਮਾਰ ਉਰਫ਼ ਮੋਹਿਤ ਤੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਜਾਂਚ ਦੌਰਾਨ ਪਤਾ ਲੱਗਾ ਕਿ ਰਾਜੇਸ਼ ’ਤੇ ਵੱਖ-ਵੱਖ ਥਾਣਿਆਂ ਵਿਚ ਆਰਮਜ਼ ਐਕਟ ਤਹਿਤ ਮੁਕੱਦਮੇ ਦਰਜ ਹਨ। ਗੰਜੀ ’ਤੇ ਆਦਮਪੁਰ ਥਾਣੇ ਵਿਚ ਮੁਕੱਦਮਾ ਦਰਜ ਹੈ। ਮੋਹਿਤ ’ਤੇ 2 ਵੱਖ-ਵੱਖ ਸ਼ਹਿਰਾਂ ਵਿਚ ਮੁਕੱਦਮੇ ਦਰਜ ਹਨ।
ਡੀ. ਸੀ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਰਾਮਾ ਮੰਡੀ ਦੇ ਮੁਖੀ ਰਾਜੇਸ਼ ਕੁਮਾਰ ਦੇ ਨਿਰਦੇਸ਼ਾਂ ’ਤੇ ਦਕੋਹਾ ਚੌਕੀ ਇੰਚਾਰਜ ਐੱਸ. ਆਈ. ਮਦਨ ਸਿੰਘ ਨੇ ਪੁਲਸ ਪਾਰਟੀ ਨਾਲ ਨਿਊ ਦਸਮੇਸ਼ ਨਗਰ ਦੇ ਮੋੜ ਕੋਲ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਇਕ ਮੋਟਰਸਾਈਕਲ ’ਤੇ 3 ਨੌਜਵਾਨ ਨੰਗਲਸ਼ਾਮਾ ਚੌਂਕ ਵੱਲੋਂ ਆ ਰਹੇ ਸਨ, ਜੋ ਪੁਲਸ ਨੂੰ ਵੇਖ ਕੇ ਘਬਰਾ ਗਏ ਅਤੇ ਪਿੱਛੇ ਭੱਜਣ ਲੱਗੇ। ਪੁਲਸ ਨੇ ਮੌਕੇ ’ਤੇ ਯੋਗੇਸ਼ ਚਾਹਲ ਉਰਫ਼ ਬਿੱਲਾ, ਇੰਦਰਜੀਤ ਉਰਫ ਇੰਦਰ ਅਤੇ ਸ਼ਿਵਮ ਉਰਫ ਸ਼ਿਵਾ ਨੂੰ ਕਾਬੂ ਕਰ ਲਿਆ। ਸ਼ੱਕ ਦੇ ਆਧਾਰ ’ਤੇ ਪੁਲਸ ਨੇ ਤਿੰਨਾਂ ਦੀ ਤਲਾਸ਼ੀ ਲਈ ਤਾਂ ਯੋਗੇਸ਼ ਤੋਂ 50 ਗ੍ਰਾਮ, ਇੰਦਰਜੀਤ ਤੋਂ 25 ਗ੍ਰਾਮ ਅਤੇ ਸ਼ਿਵਮ ਤੋਂ 55 ਗ੍ਰਾਮ ਹੈਰੋਇਨ ਬਰਾਮਦ ਹੋਈ। ਮੌਕੇ ’ਤੇ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਪੁਲਸ ਨੇ ਦੱਸਿਆ ਕਿ ਯੋਗੇਸ਼ ’ਤੇ ਵੱਖ-ਵੱਖ ਸ਼ਹਿਰਾਂ ਵਿਚ ਲਗਭਗ 6 ਮੁਕੱਦਮੇ, ਇੰਦਰਜੀਤ ’ਤੇ ਨਕੋਦਰ ਵਿਚ ਇਕ ਮੁਕੱਦਮਾ ਅਤੇ ਸ਼ਿਵਮ ’ਤੇ ਜਲੰਧਰ ਦੇ ਵੱਖ-ਵੱਖ ਥਾਣਿਆਂ ’ਚ ਲਗਭਗ 6 ਮੁਕੱਦਮੇ ਦਰਜ ਹਨ।
ਇਹ ਵੀ ਪੜ੍ਹੋ- SHO ਨਵਦੀਪ ਸਿੰਘ ਨੂੰ ਡਿਸਮਿਸ ਕਰਨ ਮਗਰੋਂ ਜਸ਼ਨਬੀਰ ਦਾ ਕੀਤਾ ਗਿਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ
ਬੇਪ੍ਰਵਾਹ ਸਮੱਗਲਰਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਚਿੱਟੇ ਦੀ ਪਾਈ ਸੀ ਵੀਡੀਓ
ਬੇਪ੍ਰਵਾਹ ਇਨ੍ਹਾਂ ਬਦਨਾਮ ਸਮੱਗਲਰਾਂ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਚਿੱਟੇ ਦੀ ਵੀਡੀਓ ਪਾਈ ਸੀ ਅਤੇ ਉਹ ਇਸ ਵਿਚ ਨਸ਼ੀਲੇ ਪਦਾਰਥਾਂ ਦੀਆਂ ਪੁੜੀਆਂ ਬਣਾਉਂਦੇ ਹੋਏ ਵੀ ਵਿਖਾਈ ਦਿੱਤੇ ਸਨ। ਰਾਮਾ ਮੰਡੀ ਦੀ ਪੁਲਸ ਨੇ ਇਨ੍ਹਾਂ ’ਤੇ ਮਾਮਲਾ ਦਰਜ ਕਰ ਲਿਆ ਸੀ, ਜਿਸ ਦੇ ਆਧਾਰ ’ਤੇ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਵੀਡੀਓ ਵਿਚ ਇਕ ਸਮੱਗਲਰ ਦੀ ਪਛਾਣ ਕਰ ਕੇ ਉਸਨੂੰ ਕੁਝ ਹੀ ਦਿਨਾਂ ਵਿਚ ਟਰੇਸ ਕਰ ਕੇ ਕਾਬੂ ਕਰ ਲਿਆ। ਗ੍ਰਿਫ਼ਤਾਰ 6 ਸਮੱਗਲਰਾਂ ਤੋਂ ਕੁੱਲ 280 ਗ੍ਰਾਮ ਹੈਰੋਇਨ ਬਰਾਮਦ ਹੋਈ।
ਹੈਰੋਇਨ ਵੇਚ ਕੇ ਘੁੰਮਣ ਜਾਂਦੇ ਸਨ ਪਹਾੜੀ ਇਲਾਕੇ ’ਚ
ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ 6 ਸਮੱਗਲਰ ਜਿਨ੍ਹਾਂ ਦੀ ਜੇਲ੍ਹ ਵਿਚ ਮੁਲਾਕਾਤ ਹੋਈ ਸੀ, ਇਨ੍ਹਾਂ ਨੇ ਆਪਣਾ ਇਕ ਗਰੁੱਪ ਬਣਾ ਲਿਆ। ਇਸ ਤੋਂ ਬਾਅਦ ਇਹ ਸਾਰੇ ਮਿਲ ਕੇ ਹੈਰੋਇਨ ਦੀ ਸਮੱਗਲਿੰਗ ਕਰਕੇ ਕਮਾਈ ਕਰਦੇ ਅਤੇ ਪਹਾੜੀ ਇਲਾਕਿਆਂ ਵਿਚ ਮੌਜ-ਮਸਤੀ ਕਰਨ ਲਈ ਨਿਕਲ ਜਾਂਦੇ ਸਨ। ਪੈਸੇ ਖ਼ਤਮ ਹੋਣ ਤੋਂ ਬਾਅਦ ਫਿਰ ਜਲੰਧਰ ਆ ਜਾਂਦੇ ਸਨ ਅਤੇ ਵੱਖ-ਵੱਖ ਇਲਾਕਿਆਂ ਵਿਚ ਨਸ਼ੇ ਦੀ ਸਪਲਾਈ ਦੇਣ ਲੱਗ ਜਾਂਦੇ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਆ ਰਹੇ ਬਿਜਲੀ ਦੇ ਜ਼ੀਰੋ ਬਿੱਲਾਂ ਸਬੰਧੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ