ਖ਼ੁਦ ਕੰਡਮ ਤੇ ਸਕ੍ਰੈਪ ਹੋ ਚੁੱਕੀਆਂ ਗੱਡੀਆਂ ਨਾਲ ਕੂੜਾ ਢੋਅ ਰਿਹੈ ਜਲੰਧਰ ਨਿਗਮ

Sunday, May 04, 2025 - 04:12 PM (IST)

ਖ਼ੁਦ ਕੰਡਮ ਤੇ ਸਕ੍ਰੈਪ ਹੋ ਚੁੱਕੀਆਂ ਗੱਡੀਆਂ ਨਾਲ ਕੂੜਾ ਢੋਅ ਰਿਹੈ ਜਲੰਧਰ ਨਿਗਮ

ਜਲੰਧਰ (ਖੁਰਾਣਾ)–ਪੰਜਾਬ ਦੇ ਪ੍ਰਮੁੱਖ ਸ਼ਹਿਰ ਜਲੰਧਰ ਵਿਚ ਸਾਲਿਡ ਵੇਸਟ ਮੈਨੇਜਮੈਂਟ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸ਼ਹਿਰ ਵਿਚੋਂ ਹਰ ਰੋਜ਼ ਲੱਗਭਗ 500 ਟਨ ਕੂੜਾ ਨਿਕਲਦਾ ਹੈ ਪਰ ਜਲੰਧਰ ਨਗਰ ਨਿਗਮ ਇਸ ਨੂੰ ਮੈਨੇਜ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਿਹਾ ਹੈ। ਕੂੜੇ ਨੂੰ ਇਧਰੋਂ-ਉਧਰ ਸੁੱਟਣ ਦੇ ਨਾਂ ’ਤੇ ਹਰ ਮਹੀਨੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਪਰ ਨਤੀਜਾ ਸਿਫਰ ਹੈ। ਹਾਲਾਤ ਇਹ ਹਨ ਕਿ ਨਗਰ ਨਿਗਮ ਕੋਲ ਸੈਨੀਟੇਸ਼ਨ ਵਿਭਾਗ ਵਿਚ ਲੋੜੀਂਦਾ ਸਟਾਫ ਹੋਣ ਦੇ ਬਾਵਜੂਦ ਕੂੜੇ ਦੀ ਲਿਫ਼ਟਿੰਗ ਲਈ ਨਿੱਜੀ ਠੇਕੇਦਾਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ, ਜਿਨ੍ਹਾਂ ’ਤੇ ਕਰੋੜਾਂ ਰੁਪਏ ਖ਼ਰਚ ਹੋ ਰਹੇ ਹਨ।

ਨਗਰ ਨਿਗਮ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕੂੜੇ ਦੀ ਲਿਫਟਿੰਗ ਅਤੇ ਸ਼ਹਿਰ ਦੀ ਸਾਫ਼-ਸਫ਼ਾਈ ਦਾ ਕੰਮ ਟੈਂਡਰ ਜ਼ਰੀਏ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਬਜਾਏ ਸੈਂਕਸ਼ਨ ਦੇ ਆਧਾਰ ’ਤੇ ਕੀਤਾ ਜਾ ਰਿਹਾ ਹੈ। ਟੈਂਡਰਾਂ ਵਿਚ ਤਾਂ ਠੇਕੇਦਾਰ ਕੰਪੀਟੀਸ਼ਨ ਕਾਰਨ ਕੁਝ ਡਿਸਕਾਊਂਟ ਦੇ ਦਿੰਦੇ ਹਨ ਪਰ ਸੈਂਕਸ਼ਨ ਆਧਾਰਿਤ ਕੰਮ ਵਿਚ ਨਿਗਮ ਨੂੰ ਕੋਈ ਛੋਟ ਨਹੀਂ ਮਿਲਦੀ। ਇਸ ਨਾਲ ਨਾ ਸਿਰਫ ਨਿਗਮ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ, ਸਗੋਂ ਧੋਖਾਧੜੀ ਅਤੇ ਜਾਅਲੀ ਬਿਲਡਿੰਗ ਦੀ ਸੰਭਾਵਨਾ ਵੀ ਵਧ ਰਹੀ ਹੈ। ਅਜਿਹੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਅਤੇ ਹਾਲ ਹੀ ਵਿਚ ਇਕ ਮਾਮਲੇ ਦੀ ਜਾਂਚ ਵੀ ਚੱਲ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਕਈ ਕਾਰੋਬਾਰੀ ਤੇ ਟਰਾਂਸਪੋਰਟਰ ਨਿਸ਼ਾਨੇ ’ਤੇ, ਹੋ ਸਕਦੀ ਹੈ ਵੱਡੀ ਕਾਰਵਾਈ

ਨਗਰ ਨਿਗਮ ਕੋਲ ਕੂੜਾ ਚੁੱਕਣ ਲਈ ਲੱਗਭਗ 100 ਗੱਡੀਆਂ ਦਾ ਫਲੀਟ ਹੈ ਪਰ ਇਨ੍ਹਾਂ ਵਿਚੋਂ 70 ਫੀਸਦੀ ਤੋਂ ਵੱਧ ਗੱਡੀਆਂ ਖਰਾਬ ਹਾਲਤ ਵਿਚ ਹਨ। ਕਈ ਗੱਡੀਆਂ ਆਪਣੀ ਉਮਰ ਪੂਰੀ ਕਰ ਚੁੱਕੀਆਂ ਹਨ ਅਤੇ ਕਈ ਤਾਂ ਸਕ੍ਰੈਪ ਵਿਚ ਵਿਕਣ ਦੀ ਸਥਿਤੀ ਵਿਚ ਹੈ, ਫਿਰ ਵੀ ਨਿਗਮ ਅਧਿਕਾਰੀ ਉਨ੍ਹਾਂ ਨੂੰ ਬਦਲਣ ਦੀ ਬਜਾਏ ਹਰ ਸਾਲ ਇਨ੍ਹਾਂ ਦੀ ਮੁਰੰਮਤ ਦੇ ਨਾਂ ’ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਨ ਜਾਂ ਕਿਰਾਏ ’ਤੇ ਮਸ਼ੀਨਰੀ ਲੈ ਕੇ ਕਰੋੜਾਂ ਦੇ ਬਿੱਲ ਅਦਾ ਕਰ ਰਹੇ ਹਨ।

ਵਧੇਰੇ ਗੱਡੀਆਂ ਵਿਚ ਪਿੱਛੇ ਵਾਲੇ ਢੱਕਣ ਯਾਨੀ ਡਾਲੇ ਤਕ ਨਹੀਂ ਹਨ, ਜਿਸ ਕਾਰਨ ਕੂੜਾ ਸੜਕਾਂ ’ਤੇ ਖਿੱਲਰਦਾ ਜਾਂਦਾ ਹੈ। ਹਾਲ ਹੀ ਵਿਚ ਮੇਅਰ ਨੇ ਇਕ ਨਿੱਜੀ ਠੇਕੇਦਾਰ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਲਾਉਣ ਦਾ ਹੁਕਮ ਦਿੱਤਾ ਕਿਉਂਕਿ ਉਸ ਦੀ ਗੱਡੀ ’ਤੇ ਪਿੱਛੇ ਦਾ ਢੱਕਣ (ਡਾਲਾ) ਨਹੀਂ ਸੀ ਅਤੇ ਕੂੜੇ ਦੇ ਉੱਪਰ ਤਰਪਾਲ ਨਹੀਂ ਸੀ ਪਰ ਸਵਾਲ ਇਹ ਹੈ ਕਿ ਨਿਗਮ ਦੀਆਂ ਖੁਦ ਦੀਆਂ ਗੱਡੀਆਂ ਵਿਚ ਵੀ ਤਰਪਾਲ ਨਹੀਂ ਹੁੰਦੀ ਅਤੇ ਅੱਧੀਆਂ ਤੋਂ ਵਧੇਰੇ ਗੱਡੀਆਂ ਦੇ ਡਾਲੇ ਤਕ ਨਹੀਂ ਹਨ। ਅਜਿਹੇ ਵਿਚ ਕੂੜਾ ਲਿਜਾਣ ਸਮੇਂ ਸੜਕਾਂ ’ਤੇ ਖਿੱਲਰਦਾ ਰਹਿੰਦਾ ਹੈ।

ਇਹ ਵੀ ਪੜ੍ਹੋ:  ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ, ਹਜ਼ੂਰ ਜਸਦੀਪ ਸਿੰਘ ਗਿੱਲ ਨੇ ਕੀਤਾ ਪਹਿਲਾ ਸਤਿਸੰਗ

ਸ਼ਹਿਰ ਦੇ ਇਕ ਜਾਗਰੂਕ ਨਾਗਰਿਕ ਨੇ ਅੱਜ ਫਿਰ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈ, ਜਿਸ ਵਿਚ ਨਿਗਮ ਦੀਆਂ ਗੱਡੀਆਂ ਦੀ ਬਦਹਾਲ ਸਥਿਤੀ ਅਤੇ ਕੂੜੇ ਦੇ ਸੜਕਾਂ ’ਤੇ ਖਿੱਲਰਨ ਦੀ ਸਮੱਸਿਆ ਨੂੰ ਉਜਾਗਰ ਕੀਤਾ ਗਿਆ। ਨਿਗਮ ਦੇ ਡਰਾਈਵਰਾਂ ਦਾ ਸਾਫ ਕਹਿਣਾ ਹੈ ਕਿ ਉਨ੍ਹਾਂ ਕੋਲ ਹੈਲਪਰ ਨਹੀਂ ਹਨ, ਜੋ ਤਰਪਾਲ ਪਾ ਸਕਣ, ਨਾਲ ਹੀ ਗੱਡੀਆਂ ਦੀ ਹਾਲਤ ਇੰਨੀ ਖਰਾਬ ਹੈ ਕਿ ਉਨ੍ਹਾਂ ਨੂੰ ਮਜਬੂਰੀ ਵਿਚ ਕੰਮ ਚਲਾਉਣਾ ਪੈਂਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਜਲੰਧਰ ਕੂੜੇ ਦੀ ਸਮੱਸਿਆ ਤੋਂ ਉਭਰ ਨਹੀਂ ਪਾ ਰਿਹਾ। ਹੁਣ ਦੇਖਣਾ ਇਹ ਹੈ ਕਿ ਨਿਗਮ ਅਧਿਕਾਰੀ ਆਪਣੀਆਂ ਗੱਡੀਆਂ ਅਤੇ ਡਰਾਈਵਰਾਂ ’ਤੇ ਕੀ ਕਾਰਵਾਈ ਕਰਦੇ ਹਨ, ਜੋ ਖੁੱਲ੍ਹੇ ਵਿਚ ਕੂੜਾ ਢੋਅ ਕੇ ਸ਼ਹਿਰ ਦੀ ਸਾਫ਼-ਸਫ਼ਾਈ ਨੂੰ ਹੋਰ ਵਿਗਾੜ ਰਹੇ ਹਨ। ਸਾਲਿਡ ਵੇਸਟ ਮੈਨੇਜਮੈਂਟ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ, ਨਹੀਂ ਤਾਂ ਜਲੰਧਰ ਦੀ ਹਾਲਤ ਹੋਰ ਖਰਾਬ ਹੋ ਸਕਦੀ ਹੈ।

ਇਹ ਵੀ ਪੜ੍ਹੋ: ਸਿੱਖਾਂ ਦੇ ਮਸਲਿਆਂ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News