ਜਲੰਧਰ ਨਗਰ ਨਿਗਮ ਕਮਿਸ਼ਨਰ ਨੇ ਕੱਢੇ ਅਨੋਖੇ ਆਰਡਰ
Saturday, Jan 04, 2025 - 12:39 PM (IST)
ਜਲੰਧਰ (ਖੁਰਾਣਾ)–ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਬੀਤੇ ਦਿਨ ਅਨੋਖੇ ਮੰਨੇ ਜਾਣ ਵਾਲੇ ਇਕ ਆਰਡਰ ਕੱਢੇ, ਜਿਸ ਤਹਿਤ ਨਗਰ ਨਿਗਮ ਦੇ ਡੀ. ਸੀ. ਐੱਫ਼. ਏ. ਪੰਕਜ ਕਪੂਰ ਤੋਂ ਸਾਰਾ ਕੰਮ ਵਾਪਸ ਲੈ ਕੇ ਦੂਜੇ ਡੀ. ਸੀ. ਐੱਫ਼. ਏ. ਸ਼੍ਰੀ ਵਿਨਾਇਕ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ਼੍ਰੀ ਵਿਨਾਇਕ ਸਿਰਫ਼ ਓ. ਐਂਡ ਐੱਮ. ਸੈੱਲ ਦਾ ਕੰਮਕਾਜ ਦੇਖ ਰਹੇ ਹਨ ਅਤੇ ਬਾਕੀ ਸਾਰਾ ਨਿਗਮ ਪੰਕਜ ਕਪੂਰ ਦੇ ਹਵਾਲੇ ਸੀ। ਹੁਣ ਸਾਰਾ ਕੰਮ ਸ਼੍ਰੀ ਵਿਨਾਇਕ ਨੂੰ ਦੇ ਕੇ ਪੰਕਜ ਕਪੂਰ ਨੂੰ ਵਹੀ-ਖਾਤਿਆਂ ਤੋਂ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਹੈ।
ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਕਜ ਕਪੂਰ ਡੀ. ਸੀ. ਐੱਫ਼. ਏ. ਲਈ ਬਣੇ ਕਮਰਾ ਨੰਬਰ 77 ਵਿਚ ਜਿਥੇ ਬੈਠਿਆ ਕਰਦੇ ਸਨ, ਉਥੇ ਹੁਣ ਸ਼੍ਰੀ ਵਿਨਾਇਕ ਬੈਠਿਆ ਕਰਨਗੇ ਅਤੇ ਡੀ. ਸੀ. ਐੱਫ਼. ਏ. ਪੰਕਜ ਕਪੂਰ ਨੂੰ ਕਮਰਾ ਨੰਬਰ 82 ਅਲਾਟ ਕੀਤਾ ਗਿਆ ਹੈ, ਜੋ ਕਾਫੀ ਛੋਟਾ ਜਿਹਾ ਹੈ। ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਡੀ. ਸੀ. ਐੱਫ਼. ਏ. ਪੰਕਜ ਕਪੂਰ ਸਵੇਰੇ 8 ਤੋਂ ਲੈ ਕੇ 11 ਵਜੇ ਤਕ ਪੰਜਾਬ ਐਗਰੋ ਦੇ ਪੈਟਰੋਲ ਪੰਪ ’ਤੇ ਡਿਊਟੀ ਦਿਆ ਕਰਨਗੇ। ਜ਼ਿਕਰਯੋਗ ਹੈ ਕਿ ਇਸ ਸਰਕਾਰੀ ਪੈਟਰੋਲ ਪੰਪ ’ਤੇ ਕੂੜਾ ਢੋਣ ਵਾਲੀਆਂ ਸਾਰੀਆਂ ਗੱਡੀਆਂ ਵਿਚ ਤੇਲ ਪਾਇਆ ਜਾਂਦਾ ਹੈ ਅਤੇ ਹੁਣ ਇਹ ਪ੍ਰਕਿਰਿਆ ਡੀ. ਸੀ. ਐੱਫ. ਏ. ਦੇ ਸਾਹਮਣੇ ਹੋਇਆ ਕਰੇਗੀ।
ਇਹ ਵੀ ਪੜ੍ਹੋ- ਜਲੰਧਰ ਦੀ ਸਿਆਸਤ 'ਚ ਵੱਡਾ ਧਮਾਕਾ ਹੋਣ ਦੇ ਆਸਾਰ ! ਵਧੀ ਹਲਚਲ
ਹੁਕਮਾਂ ਦੇ ਬਾਅਦ ਦੁਪਹਿਰ 12 ਵਜੇ ਡੀ. ਸੀ. ਐੱਫ਼. ਏ. ਪੰਕਜ ਕਪੂਰ ਨੂੰ ਬਸਤੀ ਬਾਵਾ ਖੇਲ੍ਹ ਜਾਣਾ ਹੋਵੇਗਾ, ਜਿੱਥੇ ਧਰਮ ਕੰਡੇ ’ਤੇ ਬੈਠ ਕੇ ਉਹ ਆਪਣੇ ਸਾਹਮਣੇ ਕੂੜੇ ਨਾਲ ਭਰੀਆਂ ਹੋਈਆਂ ਗੱਡੀਆਂ ਨੂੰ ਤੁਲਵਾਇਆ ਕਰਨਗੇ। ਧਰਮ ਕੰਡੇ ’ਤੇ ਸ਼੍ਰੀ ਕਪੂਰ ਦੀ ਡਿਊਟੀ ਸ਼ਾਮ 4 ਵਜੇ ਤਕ ਹੋਵੇਗੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਡੀ. ਸੀ. ਐੱਫ਼. ਏ. ਦੀ ਪੋਸਟ ਕਾਫ਼ੀ ਸ਼ਕਤੀਸ਼ਾਲੀ ਮੰਨੀ ਜਾਂਦੀ ਹੈ ਕਿਉਂਕਿ ਕਰੋੜਾਂ ਨਹੀਂ, ਸਗੋਂ ਅਰਬਾਂ ਰੁਪਏ ਦਾ ਹਿਸਾਬ-ਕਿਤਾਬ ਡੀ. ਸੀ. ਐੱਫ. ਏ. ਕੋਲ ਹੀ ਰਹਿੰਦਾ ਹੈ। ਨਿਗਮ ਦਾ ਛੋਟੇ ਤੋਂ ਛੋਟਾ ਖਰਚ ਵੀ ਉਨ੍ਹਾਂ ਦੀ ਜਾਣਕਾਰੀ ਵਿਚ ਆਉਂਦਾ ਹੈ ਅਤੇ ਹਰ ਬਿੱਲ ਤੇ ਚੈੱਕ ’ਤੇ ਡੀ. ਸੀ. ਐੱਫ਼. ਏ. ਦਾ ਦਖਲ ਰਹਿੰਦਾ ਹੀ ਹੈ। ਹੁਣ ਜਿਸ ਤਰ੍ਹਾਂ ਇਸ ਸ਼ਕਤੀਸ਼ਾਲੀ ਪੋਸਟ ਦੇ ਅਫ਼ਸਰ ਨੂੰ ਕੂੜਾ ਤੋਲਣ ਅਤੇ ਕੂੜੇ ਨਾਲ ਭਰੀਆਂ ਗੱਡੀਆਂ ਵਿਚ ਤੇਲ ਪੁਆਉਣ ਦਾ ਕੰਮ ਦਿੱਤਾ ਗਿਆ ਹੈ, ਉਹ ਕਾਫੀ ਨਾਮੋਸ਼ੀ ਭਰਿਆ ਲੱਗਦਾ ਹੈ।
ਇਹ ਵੀ ਪੜ੍ਹੋ- ਦਿਨ-ਚੜ੍ਹਦਿਆਂ ਹੀ ਦੋਹਰੇ ਕਤਲ ਨਾਲ ਕੰਬਿਆ ਪੰਜਾਬ, ਦੋਸਤ ਨੇ 2 ਨੌਜਵਾਨਾਂ ਨੂੰ ਮਾਰੀਆਂ ਗੋਲ਼ੀਆਂ
ਯੂਨੀਅਨ ਆਗੂਆਂ ਅਤੇ ਇੰਜੀਨੀਅਰਾਂ ਵਿਚ ਟਕਰਾਅ ਨਾਲ ਜੁੜਿਆ ਹੈ ਮਾਮਲਾ
ਜ਼ਿਕਰਯੋਗ ਹੈ ਕਿ 2-3 ਦਿਨ ਪਹਿਲਾਂ ਨਗਰ ਨਿਗਮ ਕੰਪਲੈਕਸ ਸਥਿਤ ਐੱਸ. ਈ. ਦੇ ਆਫਿਸ ਵਿਚ ਯੂਨੀਅਨ ਆਗੂਆਂ ਦੀ ਅਗਵਾਈ ਕਰ ਰਹੇ ਚੰਦਨ ਗਰੇਵਾਲ ਅਤੇ ਕੁਝ ਇੰਜੀਨੀਅਰਾਂ ਵਿਚਕਾਰ ਤਲਖਕਲਾਮੀ ਹੋਈ ਸੀ, ਜਿਸ ਤੋਂ ਬਾਅਦ ਕੁਝ ਯੂਨੀਅਨ ਆਗੂਆਂ ਨੇ ਇਕ ਇੰਜੀਨੀਅਰ ਗਗਨ ਲੂਥਰਾ ਨਾਲ ਹੱਥੋਪਾਈ ਤਕ ਕੀਤੀ ਸੀ। ਉਸ ਤੋਂ ਅਗਲੇ ਦਿਨ ਯੂਨੀਅਨ ਆਗੂਆਂ ਵੱਲੋਂ ਦੂਜੇ ਇੰਜੀਨੀਅਰ ਕਰਣ ਦੱਤਾ ਨਾਲ ਵੀ ਬੁਰਾ ਸਲੂਕ ਕੀਤਾ ਗਿਆ। ਦੋਸ਼ ਲਾਏ ਜਾ ਰਹੇ ਹਨ ਕਿ ਯੂਨੀਅਨ ਆਗੂਆਂ ਨੂੰ ਉਕਸਾਉਣ ਦੇ ਪਿੱਛੇ ਡੀ. ਸੀ. ਐੱਫ਼. ਏ. ਪੰਕਜ ਕਪੂਰ ਦੀ ਕਿਤੇ ਨਾ ਕਿਤੇ ਕੁਝ ਭੂਮਿਕਾ ਸੀ, ਜਿਸ ਕਾਰਨ ਉਨ੍ਹਾਂ ਦੀ ਸ਼ਿਕਾਇਤ ਨਿਗਮ ਕਮਿਸ਼ਨਰ ਨੂੰ ਲਾਈ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਨਿਗਮ ਕਮਿਸ਼ਨਰ ਵੱਲੋਂ ਅੱਜ ਕੱਢੇ ਗਏ ਆਰਡਰ ਇਸੇ ਪਿਛੋਕੜ ਨਾਲ ਜੁੜੇ ਹੋਏ ਹਨ ਅਤੇ ਅਫ਼ਸਰ ਨੂੰ ਇਕ ਤਰ੍ਹਾਂ ਦੀ ਸਜ਼ਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਖ਼ਤਰੇ ਦੀ ਘੰਟੀ, ਅਗਲੇ 48 ਘੰਟੇ ਭਾਰੀ, ਮੀਂਹ ਸਣੇ ਚੱਲਣਗੀਆਂ ਤੇਜ਼ ਹਵਾਵਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e