ਨਿਗਮ ਤੇ ਸਮਾਰਟ ਸਿਟੀ ’ਚ ਮਚੀ ਲੁੱਟ ਦਾ ਕੋਈ ਜਵਾਬ ਨਹੀਂ ਸੀ, ਇਸ ਲਈ ਹਾਊਸ ਛੱਡ ਕੇ ਭੱਜੇ ਮੇਅਰ

10/24/2021 1:18:14 PM

ਜਲੰਧਰ (ਖੁਰਾਣਾ)-ਅਕਾਲੀ-ਭਾਜਪਾ ਗਠਜੋੜ ਦੇ ਕਾਰਜਕਾਲ ਦੌਰਾਨ ਨਿਗਮ ਦੇ ਮੇਅਰ ਰਹਿ ਚੁੱਕੇ ਸੁਨੀਲ ਜੋਤੀ ਨੂੰ ਉਸ ਸਮੇਂ ਵਿਰੋਧੀ ਧਿਰ ਦੇ ਆਗੂ ਜਗਦੀਸ਼ ਰਾਜਾ ਨੇ ਹਰ ਰੋਜ਼ ਪ੍ਰੈੱਸ ਕਾਨਫ਼ਰੰਸ ਕਰਕੇ ਹਰ ਮੁੱਦੇ ’ਤੇ ਘੇਰਿਆ ਸੀ ਪਰ ਅੱਜ ਉਹੀ ਸੁਨੀਲ ਜੋਤੀ ਹੁਣ ਮੇਅਰ ਬਣੇ ਜਗਦੀਸ਼ ਰਾਜਾ ਤੋਂ ਗਿਣ-ਗਿਣ ਕੇ ਬਦਲੇ ਲੈ ਰਹੇ ਹਨ। ਸ਼ਨੀਵਾਰ ਪਾਰਟੀ ਦੇ ਮੁੱਖ ਦਫ਼ਤਰ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਬਕਾ ਮੇਅਰ ਸੁਨੀਲ ਜੋਤੀ ਨੇ ਦੋਸ਼ ਲਾਇਆ ਕਿ ਇਨ੍ਹੀਂ ਦਿਨੀਂ ਨਗਰ ਨਿਗਮ ਅਤੇ ਸਮਾਰਟ ਸਿਟੀ ਦੇ ਹਰ ਪ੍ਰਾਜੈਕਟ ਵਿਚ ਮਚੀ ਲੁੱਟ-ਖਸੁੱਟ ਦਾ ਮੇਅਰ ਕੋਲ ਕੋਈ ਜਵਾਬ ਨਹੀਂ ਸੀ, ਇਸ ਲਈ ਉਹ ਬੁਜ਼ਦਿਲਾਂ ਵਾਂਗ ਹਾਊਸ ਛੱਡ ਕੇ ਭੱਜ ਗਏ।

ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਆਪਣੀ ਪਾਰਟੀ ਅਤੇ ਵਿਰੋਧੀ ਧਿਰ ਦੇ ਕੌਂਸਲਰ ਸ਼ਹਿਰ ਦੀਆਂ ਸਾਰੀਆਂ ਟੁੱਟੀਆਂ ਸੜਕਾਂ, ਬੰਦ ਸੀਵਰੇਜ ਪ੍ਰਣਾਲੀ, ਗੰਦਾ ਪਾਣੀ ਜਗ੍ਹਾ-ਜਗ੍ਹਾ ਸਪਲਾਈ ਹੋਣ ਅਤੇ ਹਰ ਪ੍ਰਾਜੈਕਟ ਵਿਚ ਘਪਲੇਬਾਜ਼ੀ ਦੇ ਮੁੱਦੇ ਉਠਾਉਣਗੇ। ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਭਾਜਪਾ ਲੋਕਲ ਬਾਡੀਜ਼ ਸੈੱਲ ਦੇ ਜਨਰਲ ਸਕੱਤਰ ਅਸ਼ਵਨੀ ਭੰਡਾਰੀ ਅਤੇ ਸਾਬਕਾ ਕੌਂਸਲਰ ਕਮਲਜੀਤ ਸਿੰਘ ਬੇਦੀ ਤੋਂ ਇਲਾਵਾ ਮੰਡਲ ਪ੍ਰਧਾਨ ਜੀ. ਕੇ. ਸੋਨੀ ਵੀ ਸਨ।

ਇਹ ਵੀ ਪੜ੍ਹੋ: ਚਰਚਾ ਦਾ ਵਿਸ਼ਾ ਬਣੀ CM ਚੰਨੀ ਦੀ ਸਾਦਗੀ, ਬਜ਼ੁਰਗ ਔਰਤ ਨਾਲ ਸਾਂਝੇ ਕੀਤੇ ਵਿਚਾਰ ਤੇ ਖਾਧਾ ਸਾਦਾ ਭੋਜਨ

ਭਾਜਪਾ ਆਗੂਆਂ ਨੇ ਕਿਹਾ ਕਿ ਮੇਅਰ ਰਾਜਾ ਦੇ ਕਾਰਜਕਾਲ ਵਿਚ ਕੌਂਸਲਰ ਹਾਊਸ ਨੇ ਕਈ ਇਤਿਹਾਸ ਰਚੇ। ਪਹਿਲੀ ਵਾਰ ਹੋਇਆ ਕਿ ਅਫ਼ਸਰਾਂ ਨੇ ਹੀ ਹਾਊਸ ਦੀ ਮੀਟਿੰਗ ਦਾ ਬਾਈਕਾਟ ਕੀਤਾ ਪਰ ਸਰਕਾਰ ਨੇ ਉਸ ਨੂੰ ਪਾਸ ਹੀ ਨਹੀਂ ਕੀਤਾ। ਅਜਿਹਾ ਨਜ਼ਾਰਾ ਵੀ ਪਹਿਲੀ ਵਾਰ ਦਿਸਿਆ ਕਿ ਸੱਤਾ ਧਿਰ ਦੇ ਕੌਂਸਲਰਾਂ ਨੇ ਹੀ ਡੰਮੀ ਹਾਊਸ ਚਲਾਇਆ ਅਤੇ ਮੇਅਰ ਨੂੰ ਬਦਲਣ ਦੀ ਮੰਗ ਕਰ ਦਿੱਤੀ। ਅਜਿਹਾ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਐੱਫ. ਐਂਡ ਸੀ. ਸੀ. ਦੀਆਂ ਮੀਟਿੰਗਾਂ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਕੌਂਸਲਰ ਤਾਂ ਜਾਂਦੇ ਹਨ ਪਰ ਕਮਿਸ਼ਨਰ ਕਦੀ ਉਨ੍ਹਾਂ ਮੀਟਿੰਗਾਂ ਵਿਚ ਸ਼ਾਮਲ ਨਹੀਂ ਹੋਏ ਅਤੇ ਕੋਰੋਨਾ ਦੇ ਡਰ ਕਾਰਨ ਆਨਲਾਈਨ ਹੀ ਹਿੱਸਾ ਲੈਂਦੇ ਹਨ।

ਇਹ ਵੀ ਪੜ੍ਹੋ: ਨੂਰਮਿਹਲ: ਕਰਵਾਚੌਥ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਪਤਨੀ ਤੋਂ ਦੁਖ਼ੀ ਪਤੀ ਨੇ ਕੀਤੀ ਖ਼ੁਦਕੁਸ਼ੀ

ਵਿਧਾਇਕਾਂ ਕੋਲ ਵੀ ਨਹੀਂ ਹੈ ਵਿਜ਼ਨ
ਸੁਨੀਲ ਜੋਤੀ ਅਤੇ ਅਸ਼ਵਨੀ ਭੰਡਾਰੀ ਨੇ ਕਿਹਾ ਕਿ ਸ਼ਹਿਰ ਦੇ ਵਿਧਾਇਕ ਕੌਂਸਲਰ ਹਾਊਸ ਦੇ ਵੀ ਮੈਂਬਰ ਹੁੰਦੇ ਹਨ ਪਰ ਉਨ੍ਹਾਂ ਕਦੀ ਵੀ ਨਿਗਮ ਦੀ ਲੱਚਰ ਕਾਰਜਪ੍ਰਣਾਲੀ ਨੂੰ ਸੁਧਾਰਨ ਦਾ ਯਤਨ ਨਹੀਂ ਕੀਤਾ। ਸ਼ਹਿਰ ਦੀ ਬਰਬਾਦੀ ਲਈ ਕਾਂਗਰਸੀ ਵਿਧਾਇਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਵਿਜ਼ਨ ਨਹੀਂ ਹੈ, ਇਸ ਲਈ ਸਮਾਰਟ ਸਿਟੀ ਦੇ ਸਾਰੇ ਕੰਮ ਖਾਨਾਪੂਰਤੀ ਅਤੇ ਗ੍ਰਾਂਟ ਖਰਚ ਕਰਨ ਲਈ ਕਰਵਾਏ ਜਾ ਰਹੇ ਹਨ। ਪਹਿਲੀ ਵਾਰ ਹੈ ਕਿ ਸ਼ਹਿਰ ਵਿਚ ਸੜਕਾਂ ਦਾ ਨਿਰਮਾਣ ਸਿਰਫ ਖਾਨਾਪੂਰਤੀ ਲਈ ਕੀਤਾ ਜਾ ਰਿਹਾ ਹੈ, ਕੋਈ ਅਧਿਕਾਰੀ ਅਤੇ ਜਨਪ੍ਰਤੀਨਿਧੀ ਕਦੀ ਸਾਈਟ ’ਤੇ ਨਹੀਂ ਗਿਆ ਅਤੇ ਠੇਕੇਦਾਰ ਮੌਜ ਕਰ ਰਹੇ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਘਟੀਆ ਢੰਗ ਨਾਲ ਬਣ ਰਹੀਆਂ ਸੜਕਾਂ ਤੋਂ ਇਲਾਵਾ ਚੌਕਾਂ ਦੇ ਸੁੰਦਰੀਕਰਨ, ਐੱਲ. ਈ. ਡੀ. ਸਟਰੀਟ ਲਾਈਟ, ਸੋਲਰ ਸਿਸਟਮ, ਕੰਟਰੋਲ ਐਂਡ ਕਮਾਂਡ ਸੈਂਟਰ, ਗ੍ਰੀਨ ਬੈਲਟ ਅਤੇ ਸਵੀਪਿੰਗ ਮਸ਼ੀਨ ਆਦਿ ਦੇ ਨਾਂ ’ਤੇ ਜੋ ਵੀ ਸਕੈਂਡਲ ਹੋਏ, ਉਨ੍ਹਾਂ ਦਾ ਹਿਸਾਬ ਕਾਂਗਰਸੀਆਂ ਨੂੰ ਅਗਲੀਆਂ ਚੋਣਾਂ ਵਿਚ ਦੇਣਾ ਪਵੇਗਾ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 2 IAS ਸਣੇ 37 PCS ਅਧਿਕਾਰੀਆਂ ਦੇ ਕੀਤੇ ਤਬਾਦਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News