3 ਸਾਲ ਤੋਂ ਨਿਗਮ ’ਤੇ ਅਫ਼ਸਰ ਕਰ ਰਹੇ ਸਨ ਰਾਜ, ਹੁਣ 85 ਕੌਂਸਲਰਾਂ ਹਵਾਲੇ ਹੋਇਆ ਸ਼ਹਿਰ, ਲੋਕਾਂ ਦੀ ਸੁਣਵਾਈ ਸ਼ੁਰੂ
Monday, Jan 20, 2025 - 12:20 PM (IST)
ਜਲੰਧਰ (ਖੁਰਾਣਾ)-ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦਾ ਕਾਰਜਕਾਲ 24 ਜਨਵਰੀ 2023 ਨੂੰ ਖ਼ਤਮ ਹੋ ਗਿਆ ਸੀ ਅਤੇ ਹੁਣ ਅਗਲਾ ਕੌਂਸਲਰ ਹਾਊਸ ਬਣਾਇਆ ਜਾ ਚੁੱਕਾ ਹੈ। ਭਾਵੇਂ ਜਲੰਧਰ ਵਿਚ ਨਿਗਮ ਚੋਣਾਂ ਦੋ ਸਾਲ ਦੀ ਦੇਰੀ ਨਾਲ ਹੋਈਆਂ ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਜਾ ਰਹੀ ਹੈ। ਅਜਿਹੇ ’ਚ ਪਿਛਲੇ ਤਿੰਨ ਸਾਲਾਂ ਤੋਂ ਹੀ ਜਲੰਧਰ ਨਿਗਮ ’ਤੇ ਅਫ਼ਸਰਾਂ ਦਾ ਰਾਜ ਰਿਹਾ, ਜਿਸ ਦੌਰਾਨ ਇਕ ਸਮਾਂ ਤਾਂ ਅਜਿਹਾ ਵੀ ਆਇਆ ਜਦੋਂ ਨਿਗਮ ’ਚ ਲੋਕਾਂ ਦੀ ਸੁਣਵਾਈ ਬਿਲਕੁਲ ਹੀ ਬੰਦ ਹੋ ਗਈ ਸੀ। ਹੁਣ ਜਦੋਂ 85 ਕੌਂਸਲਰ ਜਨਤਾ ਵੱਲੋਂ ਚੁਣ ਕੇ ਆ ਚੁੱਕੇ ਹਨ ਅਤੇ ਹੁਣ ਸ਼ਹਿਰ ਦੀ ਵਾਗਡੋਰ ਉਨ੍ਹਾਂ ਦੇ ਹਵਾਲੇ ਹੈ, ਅਜਿਹੇ ’ਚ ਹੁਣ ਜਲੰਧਰ ਨਿਗਮ ’ਚ ਫਿਰ ਤੋਂ ਲੋਕਾਂ ਦੀ ਸੁਣਵਾਈ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬੀਓ ਹੋ ਜਾਓ ਸਾਵਧਾਨ, 26 ਜਨਵਰੀ ਤੋਂ ਘਰ-ਘਰ ਪਹੁੰਚਣਗੇ ਚਲਾਨ
ਪਿਛਲੇ ਲਗਾਤਾਰ ਦੋ ਸਾਲ ਸ਼ਹਿਰ ਵਿਚ ਨਾ ਤਾਂ ਕੋਈ ਮੇਅਰ ਸੀ, ਨਾ ਹੀ ਸੀਨੀਅਰ ਡਿਪਟੀ ਮੇਅਰ ਅਤੇ ਨਾ ਹੀ ਡਿਪਟੀ ਮੇਅਰ। ਵਾਰਡਾਂ ਵਿਚੋਂ ਕੌਂਸਲਰ ਵੀ ਗਾਇਬ ਰਹੇ। ਵਾਰਡਾਂ ਵਿਚ ਕੌਂਸਲਰ ਨਾ ਹੋਣ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਲੜਖੜਾਉਣ ਲੱਗੀ ਸੀ। ਸ਼ਹਿਰ ਵਿਚ ਹਰ ਡੰਪ ’ਤੇ ਕੂੜੇ ਦੇ ਢੇਰ ਲੱਗੇ ਰਹਿੰਦੇ ਸਨ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਰਹੇ। ਪਿਛਲੇ ਦੋ ਸਾਲਾਂ ਦੌਰਾਨ ਆਈ ਸਵੱਛਤਾ ਰੈਂਕਿੰਗ ਨੇ ਨਿਗਮ ਦੇ ਅਧਿਕਾਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਹੁਣ ਨਵੇਂ ਚੁਣੇ ਕੌਂਸਲਰਾਂ ਨੇ ਫੀਲਡ ਵਿਚ ਨਿਕਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਫ-ਸਫ਼ਾਈ ਦੀ ਹਾਲਤ ਵੀ ਸੁਧਰ ਰਹੀ ਹੈ।
ਨਵੇਂ ਬਣੇ ਕੌਂਸਲਰਾਂ ’ਚ ਉਦਾਹਰਣ ਬਣ ਕੇ ਸਾਹਮਣੇ ਆ ਰਹੇ ਹਨ ਗੁਰਜੀਤ ਸਿੰਘ ਘੁੰਮਣ
ਇਸ ਵਾਰ ਬਣੇ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਵਿਚ ਪੰਜ ਦਰਜਨ ਦੇ ਲੱਗਭਗ ਕੌਂਸਲਰ ਅਜਿਹੇ ਹਨ, ਜੋ ਪਹਿਲੀ ਵਾਰ ਚੁਣ ਕੇ ਆਏ ਹਨ। ਬਹੁਤ ਸਾਰੇ ਕੌਂਸਲਰ ਤੇਜ਼ਤਰਾਰ ਅਤੇ ਨਵੇਂ ਵਿਜ਼ਨ ਵਾਲੇ ਹਨ, ਜਿਨ੍ਹਾਂ ਨੇ ਆਪਣੇ ਵਾਰਡਾਂ ਵਿਚ ਤੇਜ਼ ਰਫਤਾਰ ਨਾਲ ਕੰਮਕਾਜ ਵੀ ਸ਼ੁਰੂ ਕਰ ਦਿੱਤਾ ਹੈ ਪਰ ਵਾਰਡ ਨੰਬਰ 60 ਤੋਂ ਜਿੱਤੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਨਵੇਂ ਬਣੇ ਕੌਂਸਲਰਾਂ ਲਈ ਉਦਾਹਰਣ ਬਣ ਕੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਦਾ ਹੋਇਆ ਐਨਕਾਊਂਟਰ
ਵਰਣਨਯੋਗ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਨਿਊ ਗੌਤਮ ਨਗਰ, ਰਾਜਨ ਨਗਰ ਅਤੇ ਕਈ ਸਲੱਮ ਇਲਾਕੇ ਵੀ ਹਨ, ਜਿੱਥੇ ਸਮੱਸਿਆਵਾਂ ਦੇ ਅੰਬਾਰ ਲੱਗੇ ਹੋਏ ਹਨ। ਕੌਂਸਲਰ ਬਣਨ ਤੋਂ ਤੁਰੰਤ ਬਾਅਦ ਜਿੱਥੇ ਉਨ੍ਹਾਂ ਨੇ ਆਪਣੇ ਵਾਰਡ ਦੀ ਸਫਾਈ ਵਿਵਸਥਾ ਨੂੰ ਸੁਧਾਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਉਨ੍ਹਾਂ ਨੇ ਆਪਣੇ ਵੱਲੋਂ ਨੋਟਿਸ ਛਪਵਾ ਕੇ ਉਨ੍ਹਾਂ ਲੋਕਾਂ ਨੂੰ ਵੰਡਣੇ ਸ਼ੁਰੂ ਕਰ ਦਿੱਤੇ ਹਨ, ਜੋ ਵਾਰਡ ਵਿਚ ਗੰਦਗੀ ਅਤੇ ਸਮੱਸਿਆ ਦਾ ਕਾਰਨ ਬਣ ਰਹੇ ਹਨ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਸਰਹੱਦਾਂ ਹੋ ਗਈਆਂ ਸੀਲ, DGP ਵੱਲੋਂ ਸਖ਼ਤ ਹੁਕਮ ਜਾਰੀ
ਇਕ ਨੋਟਿਸ ਉਨ੍ਹਾਂ ਆਪਣੇ ਵਾਰਡ ਦੇ ਉਨ੍ਹਾਂ ਦੁਕਾਨਦਾਰਾਂ ਨੂੰ ਜਾਰੀ ਕੀਤਾ ਹੈ, ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ’ਤੇ ਕਬਜ਼ੇ ਕੀਤੇ ਹੋਏ ਹਨ ਅਤੇ ਆਪਣਾ ਸਾਰਾ ਸਾਮਾਨ ਬਾਹਰ ਸੜਕ ’ਤੇ ਰੱਖਦੇ ਹਨ ਅਤੇ ਕੂੜਾ ਵੀ ਇਧਰ-ਉਧਰ ਸੁੱਟ ਰਹੇ ਹਨ। ਦੂਜੀ ਕਿਸਮ ਦਾ ਨੋਟਿਸ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਕੁਆਰਟਰਾਂ ਦੇ ਮਾਲਕਾਂ ਨੂੰ ਜਾਰੀ ਕੀਤਾ ਹੈ, ਜਿੱਥੇ ਅਕਸਰ ਗੰਦਗੀ ਦੀ ਭਰਮਾਰ ਰਹਿੰਦੀ ਹੈ। ਇਸ ਨੋਟਿਸ ਵਿਚ ਉਨ੍ਹਾਂ ਸਪੱਸ਼ਟ ਲਿਖਿਆ ਹੈ ਕਿ ਕੁਆਰਟਰਾਂ ਵਿਚ ਗੰਦਗੀ ਬਿਲਕੁਲ ਨਹੀਂ ਹੋਣੀ ਚਾਹੀਦੀ, ਪਾਣੀ ਦੀ ਲੀਕੇਜ ਨਾ ਹੋਵੇ, ਕੂੜਾ ਰੈਗ ਪਿਕਰਸ ਨੂੰ ਹੀ ਦਿੱਤਾ ਜਾਵੇ ਅਤੇ ਸੀਵਰੇਜ ਦੀ ਪਾਈਪ ਵਿਚ ਜਾਲੀ ਲੱਗੀ ਹੋਣੀ ਚਾਹੀਦੀ ਹੈ।
ਇਨ੍ਹਾਂ ਨੋਟਿਸਾਂ ਰਾਹੀਂ ਕੌਂਸਲਰ ਨੇ ਸਬੰਧਤ ਧਿਰਾਂ ਨੂੰ 10 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ, ਨਹੀਂ ਤਾਂ ਕਾਨੂੰਨੀ ਕਾਰਵਾਈ ਦੀ ਧਮਕੀ ਤਕ ਵੀ ਦਿੱਤੀ ਹੈ। ਅਜਿਹੇ ਨੋਟਿਸ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਵੀ ਅਪਲੋਡ ਕੀਤੇ ਹਨ, ਜਿਨ੍ਹਾਂ ਨੂੰ ਕਾਫੀ ਸਲਾਹਿਆ ਜਾ ਰਿਹਾ ਹੈ। ਹੁਣ ਵੇਖਣਾ ਹੈ ਕਿ ਅਜਿਹੇ ਨੋਟਿਸਾਂ ਜ਼ਰੀਏ ਕੌਂਸਲਰ ਗੁਰਜੀਤ ਸਿੰਘ ਆਪਣੇ ਵਾਰਡ ਦੀ ਹਾਲਤ ਨੂੰ ਸੁਧਾਰ ਪਾਉਂਦੇ ਹਨ ਜਾਂ ਨਹੀਂ।
ਸੀਵਰ ਲਾਈਨਾਂ ’ਚ ਸੁੱਟਿਆ ਜਾ ਰਿਹਾ ਘਰੇਲੂ ਸਾਮਾਨ, ਹੁਣ ਬਰਦਾਸ਼ਤ ਨਹੀਂ ਹੋਵੇਗਾ : ਘੁੰਮਣ
ਵਾਰਡ ਨੰ. 60 ਤੋਂ ਜਿੱਤੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਸਲੱਮ ਇਲਾਕਿਆਂ ਵਿਚ ਕਈ ਲੋਕ ਆਪਣਾ ਘਰੇਲੂ ਸਾਮਾਨ ਸੀਵਰ ਲਾਈਨ ਵਿਚ ਸੁੱਟ ਦਿੰਦੇ ਹਨ ਅਤੇ ਜ਼ਰਾ ਵੀ ਪ੍ਰਵਾਹ ਨਹੀਂ ਕਰਦੇ, ਜਿਸ ਕਾਰਨ ਸਮੱਸਿਆ ਪੂਰੇ ਇਲਾਕੇ ਨੂੰ ਝੱਲਣੀ ਪੈਂਦੀ ਹੈ। ਹੁਣ ਦੂਜੇ ਲੋਕਾਂ ਦੀ ਸਮੱਸਿਆ ਦਾ ਕਾਰਨ ਬਣਨ ਵਾਲੇ ਲੋਕਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਉਹ ਨਾ ਸੁਧਰੇ ਤਾਂ ਨਿਗਮ ਤੋਂ ਉਨ੍ਹਾਂ ਦੇ ਚਲਾਨ ਕਟਵਾਏ ਜਾਣਗੇ। ਕੌਂਸਲਰ ਗੁਰਜੀਤ ਘੁੰਮਣ ਨੇ ਕਿਹਾ ਕਿ ਕਈ ਵਾਰ ਸੀਵਰ ਲਾਈਨ ਦੀ ਸਫ਼ਾਈ ਦੌਰਾਨ ਬੈੱਡ ਸ਼ੀਟ ਅਤੇ ਹੋਰ ਕਈ ਤਰ੍ਹਾਂ ਦਾ ਘਰੇਲੂ ਸਾਮਾਨ ਨਿਕਲਦਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਕਈ ਲੋਕਾਂ ਨੂੰ ਜ਼ਰਾ ਵੀ ਸਿਵਿਕ ਸੈਂਸ ਨਹੀਂ ਹੈ। ਭਵਿੱਖ ਵਿਚ ਅਜਿਹੀਆਂ ਗੱਲਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਸ਼ਖ਼ਸ ਦੀ ਚਮਕੀ ਕਿਸਮਤ, ਨਿਕਲਿਆ 10 ਕਰੋੜ ਦਾ ਲਾਟਰੀ ਬੰਪਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e