ਬੱਸ ਅੱਡੇ ’ਚ ਕੋਰੋਨਾ ਨਿਯਮਾਂ ਦੀ ਉਲੰਘਣਾ ਪੰਜਾਬ ਲਈ ਖ਼ਤਰੇ ਦੀ ਘੰਟੀ

Friday, Jan 07, 2022 - 06:25 PM (IST)

ਬੱਸ ਅੱਡੇ ’ਚ ਕੋਰੋਨਾ ਨਿਯਮਾਂ ਦੀ ਉਲੰਘਣਾ ਪੰਜਾਬ ਲਈ ਖ਼ਤਰੇ ਦੀ ਘੰਟੀ

ਜਲੰਧਰ (ਪੁਨੀਤ)–ਬੱਸ ਅੱਡਾ ਅਜਿਹਾ ਜਨਤਕ ਸਥਾਨ ਹੈ, ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਉਂਦੇ-ਜਾਂਦੇ ਹਨ ਅਤੇ ਭਾਰੀ ਭੀੜ ਰਹਿੰਦੀ ਹੈ। ਇਨ੍ਹਾਂ ਵਿਚੋਂ ਵਧੇਰੇ ਲੋਕ ਮਾਸਕ ਦੀ ਵਰਤੋਂ ਨਹੀਂ ਕਰਦੇ, ਜੋ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ। ਰੋਡਵੇਜ਼ ਦੇ ਅਧਿਕਾਰੀਆਂ ਦਾ ਸਰਕਾਰ ਵੱਲੋਂ ਬਣਾਏ ਮਾਸਕ ਦੇ ਨਿਯਮ ਦੀ ਪਾਲਣਾ ਕਰਵਾਉਣ ਵੱਲ ਉਚਿਤ ਧਿਆਨ ਨਹੀਂ, ਜਿਸ ਕਾਰਨ ਨਿਯਮ ਦਾ ਉਲੰਘਣ ਆਮ ਗੱਲ ਹੈ।

ਬੱਸ ਅੱਡੇ ’ਤੇ ਸਿਰਫ਼ ਇਕ ਸ਼ਹਿਰ ਜਾਂ ਸੂਬੇ ਹੀ ਨਹੀਂ, ਸਗੋਂ ਦੂਜੇ ਸੂਬਿਆਂ ਦੇ ਲੋਕ ਵੀ ਆਉਂਦੇ ਹਨ। ਬਾਹਰੋਂ ਆਉਣ ਵਾਲਾ ਯਾਤਰੀ ਤੰਦਰੁਸਤ ਹੈ ਜਾਂ ਨਹੀਂ, ਇਸ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਹੁੰਦੀ। ਇਨ੍ਹਾਂ ਵਿਚ ਅਜਿਹੇ ਲੋਕ ਵੀ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਨੇ ਵੈਕਸੀਨ ਨਾ ਲੁਆਈ ਹੋਵੇ। ਅਜਿਹੇ ਵਿਚ ਮਾਸਕ ਹੀ ਇਕਲੌਤਾ ਸਹਾਰਾ ਹੈ, ਜਿਸ ਨਾਲ ਖੁਦ ਨੂੰ ਅਤੇ ਦੂਜਿਆਂ ਨੂੰ ਕੋਰੋਨਾ ਦੇ ਕਹਿਰ ਤੋਂ ਬਚਾਇਆ ਜਾ ਸਕਦਾ ਹੈ। ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਸਖ਼ਤੀ ਦੇ ਬਾਵਜੂਦ ਬੱਸ ਅੱਡੇ ਵਿਚ ਜਿਹੜੇ ਹਾਲਾਤ ਬਣ ਰਹੇ ਹਨ, ਉਨ੍ਹਾਂ ਵਿਚ ਸੁਧਾਰ ਕੀਤੇ ਜਾਣ ਦੀ ਲੋਡ਼ ਹੈ, ਨਹੀਂ ਤਾਂ ਇਸਦਾ ਨੁਕਸਾਨ ਉਠਾਉਣਾ ਪਵੇਗਾ। ਕਰਫ਼ਿਊ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ, ਦਿੱਲੀ ਤੇ ਹਿਮਾਚਲ ਸਮੇਤ ਦੂਜੇ ਸੂਬਿਆਂ ਵਿਚ ਰਾਤ ਦਾ ਕਰਫ਼ਿਊ ਲਾਏ ਜਾਣ ਦਾ ਅਸਰ ਬੱਸਾਂ ਦੇ ਯਾਤਰੀਆਂ ’ਤੇ ਸਾਫ਼ ਵੇਖਣ ਨੂੰ ਮਿਲ ਰਿਹਾ ਹੈ। ਉਥੇ ਹੀ, ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਯਾਤਰੀਆਂ ਦੀ ਗਿਣਤੀ ਵਿਚ ਕਾਫੀ ਗਿਰਾਵਟ ਆਈ ਹੈ, ਜਿਸ ਕਾਰਨ ਬੱਸਾਂ ਦੀਆਂ ਸੀਟਾਂ ਖਾਲੀ ਜਾ ਰਹੀਆਂ ਹਨ। ਜਲੰਧਰ ਬੱਸ ਅੱਡੇ ਤੋਂ ਆਵਾਜਾਈ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਸਮੇਂ ਦਿੱਲੀ ਰੂਟ ’ਤੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਕਾਫ਼ੀ ਘੱਟ ਰਹੀ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਫੜੀ ਰਫ਼ਤਾਰ, 250 ਤੋਂ ਵਧੇਰੇ ਕੇਸ ਆਏ ਪਾਜ਼ੇਟਿਵ

PunjabKesari

ਸਵੇਰ ਸਮੇਂ ਹਿਮਾਚਲ ਰੂਟ ਲਈ ਸਿਰਫ ਗਿਣਤੀ ਦੇ ਯਾਤਰੀ ਹੋਣ ਕਾਰਨ ਉਨ੍ਹਾਂ ਨੂੰ ਅਗਲੇ ਟਾਈਮ ’ਤੇ ਲੱਗਣ ਵਾਲੀ ਬੱਸ ਵਿਚ ਬੈਠਣ ਨੂੰ ਕਿਹਾ ਗਿਆ ਹੈ। ਅਧਿਕਾਰੀ ਕਹਿੰਦੇ ਹਨ ਕਿ ਇਸ ਸਮੇਂ ਹਿਮਾਚਲ ਲਈ ਯਾਤਰੀ ਨਾਂਹ ਦੇ ਬਰਾਬਰ ਹੋ ਚੁੱਕੇ ਹਨ ਕਿਉਂਕਿ ਸੈਲਾਨੀਆਂ ਨੇ ਬਾਰਿਸ਼ ਕਾਰਨ ਆਪਣੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਪੰਜਾਬ ਦੇ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਵਿਚ ਡੇਲੀ ਪੈਸੰਜਰਾਂ ਦੀ ਗਿਣਤੀ ਜ਼ਿਆਦਾ ਹੈ ਪਰ ਇਹ ਯਾਤਰੀ ਸਵੇਰ ਤੇ ਸ਼ਾਮ ਸਮੇਂ ਵੇਖਣ ਨੂੰ ਮਿਲਦੇ ਹਨ।

ਬੱਸਾਂ ਦੇ ਚੱਕਾ ਜਾਮ ਨੂੰ ਲੈ ਕੇ ਸੂਬਾ ਪੱਧਰੀ ਮੀਟਿੰਗ ’ਚ ਅੱਜ ਹੋਵੇਗਾ ਫ਼ੈਸਲਾ
ਪਨਬੱਸ ਅਤੇ ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਵੱਲੋਂ 7 ਜਨਵਰੀ ਨੂੰ ਪੰਜਾਬ ਦੇ ਸਾਰੇ 27 ਡਿਪੂਆਂ ਵਿਚ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਹੋਵੇਗੀ, ਜਿਸ ਵਿਚ ਬੱਸਾਂ ਦੇ ਚੱਕਾ ਜਾਮ ਨੂੰ ਲੈ ਕੇ ਵੱਡਾ ਫੈਸਲਾ ਹੋ ਸਕਦਾ ਹੈ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਵੱਲੋਂ ਭਰੋਸੇ ਦੇ ਬਾਵਜੂਦ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਪੰਜਾਬ ਵਿਚ ਚੋਣ ਜ਼ਾਬਤਾ ਲੱਗਣ ਵਾਲਾ ਹੈ, ਇਸ ਲਈ ਉਹ ਸ਼ੁੱਕਰਵਾਰ ਦੁਪਹਿਰ ਨੂੰ ਅਗਲੇ ਸੰਘਰਸ਼ ਦਾ ਐਲਾਨ ਕਰਨਗੇ।

ਇਹ ਵੀ ਪੜ੍ਹੋ: ਪਰਗਟ ਸਿੰਘ ਦੀ ਸਿੱਧੂ ਤੋਂ ਬਣਨ ਲੱਗੀ ਦੂਰੀ, ਖ਼ਫ਼ਾ ਹੋਣ ਮਗਰੋਂ ਹਾਈਕਮਾਨ ਤਕ ਫਿਰ ਪਹੁੰਚਾਈ ਸ਼ਿਕਾਇਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News