ਜਲੰਧਰ ਦਾ ਟ੍ਰੈਫਿਕ ਸਿਸਟਮ ਪਹਿਲਾਂ ਤੋਂ ਵੀ ਜ਼ਿਆਦਾ ਖ਼ਰਾਬ, ਜਾਮ ਤੇ ਹਾਦਸਿਆਂ ਤੋਂ ਲੋਕ ਪਰੇਸ਼ਾਨ

Monday, Apr 13, 2026 - 01:33 PM (IST)

ਜਲੰਧਰ ਦਾ ਟ੍ਰੈਫਿਕ ਸਿਸਟਮ ਪਹਿਲਾਂ ਤੋਂ ਵੀ ਜ਼ਿਆਦਾ ਖ਼ਰਾਬ, ਜਾਮ ਤੇ ਹਾਦਸਿਆਂ ਤੋਂ ਲੋਕ ਪਰੇਸ਼ਾਨ

ਜਲੰਧਰ (ਖੁਰਾਣਾ)- ਜਲੰਧਰ ਸ਼ਹਿਰ ਵਿਚ ਟ੍ਰੈਫਿਕ ਦੀ ਸਥਿਤੀ ਦਿਨ-ਬ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਸੜਕਾਂ ’ਤੇ ਵਧਦੀ ਭੀੜ ਅਤੇ ਕਮਜ਼ੋਰ ਪ੍ਰਬੰਧਨ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਸ਼ਹਿਰ ਦੇ ਵਧੇਰੇ ਪ੍ਰਮੁੱਖ ਚੌਕਾਂ ’ਤੇ ਲੱਗੇ ਟ੍ਰੈਫਿਕ ਸਿਗਨਲ ਲੰਮੇ ਸਮੇਂ ਤੋਂ ਖ਼ਰਾਬ ਪਏ ਹਨ ਜਾਂ ਪੂਰੀ ਤਰ੍ਹਾਂ ਬੰਦ ਹਨ। ਕਈ ਜਗ੍ਹਾ ਸਿਗਨਲ ਲੱਗੇ ਤਾਂ ਹਨ ਪਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ, ਜਿਸ ਕਾਰਨ ਹਰ ਚੌਕ ’ਤੇ ਜਾਮ ਲੱਗਣਾ ਆਮ ਗੱਲ ਹੋ ਗਈ ਹੈ। ਜਿੱਥੇ ਸਿਗਨਲ ਠੀਕ ਵੀ ਹਨ, ਉੱਥੇ ਵੀ ਟ੍ਰੈਫਿਕ ਨੂੰ ਸੰਭਾਲਣ ਦੀ ਵਿਵਸਥਾ ਸਹੀ ਨਹੀਂ ਹੈ। ਵਾਹਨ ਚਾਲਕ ਆਪਣੀ ਮਰਜ਼ੀ ਨਾਲ ਗੱਡੀਆਂ ਚਲਾਉਂਦੇ ਹਨ, ਜਿਸ ਨਾਲ ਸਥਿਤੀ ਹੋਰ ਵਿਗੜ ਜਾਂਦੀ ਹੈ। ਸਕੂਲ, ਦਫ਼ਤਰ ਅਤੇ ਬਾਜ਼ਾਰ ਖੁੱਲ੍ਹੇ ਰਹਿਣ ਦੇ ਸਮੇਂ ਹਾਲਾਤ ਹੋਰ ਜ਼ਿਆਦਾ ਖ਼ਰਾਬ ਹੋ ਜਾਂਦੇ ਹਨ ਅਤੇ ਲੋਕਾਂ ਨੂੰ ਘੰਟਿਆਂਬੱਧੀ ਜਾਮ ਵਿਚ ਫਸੇ ਰਹਿਣਾ ਪੈਂਦਾ ਹੈ। ਪੰਜਾਬ ਸਰਕਾਰ ਵੱਲੋਂ ਟ੍ਰੈਫਿਕ ਸੁਧਾਰ ਲਈ ਕਈ ਕਦਮ ਚੁੱਕੇ ਗਏ ਹਨ। ਟ੍ਰੈਫਿਕ ਐਡਵਾਈਜ਼ਰ ਵਰਗੀਆਂ ਪੋਸਟਾਂ ਵੀ ਬਣਾਈਆਂ ਗਈਆਂ ਹਨ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਹਰ ਮਹੀਨੇ ਦੋ ਮਹੀਨੇ ਬਾਅਦ ਰੋਡ ਸੇਫਟੀ ਨੂੰ ਲੈ ਕੇ ਮੀਟਿੰਗਾਂ ਵੀ ਹੁੰਦੀਆਂ ਹਨ। ਇਨ੍ਹਾਂ ਮੀਟਿੰਗਾਂ ਵਿਚ ਯੋਜਨਾਵਾਂ ਤਾਂ ਬਣਦੀਆਂ ਹਨ ਪਰ ਉਨ੍ਹਾਂ ਦਾ ਅਸਰ ਸੜਕਾਂ ’ਤੇ ਨਜ਼ਰ ਨਹੀਂ ਆਉਂਦਾ।

ਇਹ ਵੀ ਪੜ੍ਹੋ: ਪ੍ਰਸ਼ਾਸਨਿਕ ਫੇਰਬਦਲ! ਪੰਜਾਬ 'ਚ 4 ਥਾਣਿਆਂ ਦੇ SHO ਤੇ 3 ASI ਅਧਿਕਾਰੀਆਂ ਦੇ ਤਬਾਦਲੇ

ਨਗਰ ਨਿਗਮ ਸ਼ਹਿਰ ਵਿਚ ਬਿਊਟੀਫਿਕੇਸ਼ਨ ਦੇ ਕਈ ਕੰਮ ਕਰ ਰਿਹਾ ਹੈ ਪਰ ਚੌਰਾਹਿਆਂ ’ਤੇ ਟ੍ਰੈਫਿਕ ਦੇ ਸੁਧਾਰ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਟ੍ਰੈਫਿਕ ਸਿਸਟਮ ਨੂੰ ਠੀਕ ਕਰਨ ਲਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਜਾਮ ਦੇ ਨਾਲ-ਨਾਲ ਹਾਦਸਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਸ਼ਹਿਰ ਵਿਚ ਜਗ੍ਹਾ-ਜਗ੍ਹਾ ਲੱਗੀਆਂ ਰੇਹੜੀਆਂ ਅਤੇ ਖੋਖੇ ਵੀ ਟ੍ਰੈਫਿਕ ਵਿਚ ਰੁਕਾਵਟ ਬਣ ਰਹੇ ਹਨ। ਸੜਕਾਂ ਦੇ ਕਿਨਾਰੇ ਅਤੇ ਕਈ ਵਾਰ ਸੜਕ ਦੇ ਵਿਚਕਾਰ ਤੱਕ ਇਹ ਲੱਗ ਜਾਂਦੇ ਹਨ, ਜਿਸ ਨਾਲ ਸੜਕ ਤੰਗ ਹੋ ਜਾਂਦੀ ਹੈ ਅਤੇ ਜਾਮ ਦੀ ਸਮੱਸਿਆ ਹੋਰ ਵਧ ਜਾਂਦੀ ਹੈ। ਕਈ ਜਗ੍ਹਾ ਪਾਰਕਿੰਗ ਦੀ ਸਹੀ ਵਿਵਸਥਾ ਨਹੀਂ ਹੈ, ਜਿਸ ਨਾਲ ਲੋਕ ਸੜਕ ’ਤੇ ਹੀ ਵਾਹਨ ਖੜ੍ਹੇ ਕਰ ਦਿੰਦੇ ਹਨ। ਟ੍ਰੈਫਿਕ ਪੁਲਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਉੱਠ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਜਾਮ ਖੁੱਲ੍ਹਵਾਉਣ ਦੀ ਬਜਾਏ ਚਲਾਨ ਕੱਟਣ ’ਤੇ ਜ਼ਿਆਦਾ ਧਿਆਨ ਦਿੰਦੀ ਹੈ। ਕਈ ਵਾਰ ਪੁਲਸ ਕਰਮਚਾਰੀ ਅਚਾਨਕ ਵਾਹਨਾਂ ਦੇ ਸਾਹਮਣੇ ਆ ਜਾਂਦੇ ਹਨ, ਜਿਸ ਨਾਲ ਹਾਦਸੇ ਦਾ ਖ਼ਤਰਾ ਵਧ ਜਾਂਦਾ ਹੈ ਅਤੇ ਹਾਦਸੇ ਹੋ ਵੀ ਚੁੱਕੇ ਹਨ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਅਨੋਖਾ ਮਾਮਲਾ! 25 ਸਾਲਾਂ ਬਾਅਦ ਜਦ ਘਰ ਪਹੁੰਚਿਆ 'ਮਰ ਚੁੱਕਾ' ਪਤੀ ਤਾਂ ਪਤਨੀ ਨੇ ਕੀਤਾ...

ਸ਼ਹਿਰ ਦਾ ਚੁਨਮੁਨ ਚੌਕ ਇਸ ਸਮੇਂ ਹਾਦਸਿਆਂ ਦਾ ਪ੍ਰਮੁੱਖ ਕੇਂਦਰ ਬਣਦਾ ਜਾ ਰਿਹਾ ਹੈ। ਇਥੇ ਆਏ ਦਿਨ ਹਾਦਸੇ ਹੋ ਰਹੇ ਹਨ ਅਤੇ ਕਈ ਵਾਰ ਇਕ ਹੀ ਦਿਨ ਵਿਚ ਕਈ ਹਾਦਸੇ ਵੇਖਣ ਨੂੰ ਮਿਲਦੇ ਹਨ। ਇਸ ਦੇ ਬਾਵਜੂਦ ਇਥੇ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਕੋਈ ਖ਼ਾਸ ਕਦਮ ਨਹੀਂ ਚੁੱਕਿਆ ਗਿਆ ਹੈ।
ਈ-ਚਲਾਨ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ। ਹੁਣ ਚਲਾਨ ਸਿੱਧਾ ਘਰ ਪਹੁੰਚ ਜਾਂਦਾ ਹੈ ਪਰ ਕਈ ਵਾਰ ਲੋਕਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਉਨ੍ਹਾਂ ਦਾ ਚਲਾਨ ਕਿਸ ਕਾਰਨ ਹੋਇਆ ਹੈ ਅਤੇ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਵੀ ਮੌਕਾ ਨਹੀਂ ਮਿਲਦਾ। ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਟ੍ਰੈਫਿਕ ਸਿਗਨਲ ਸਮੇਂ ਸਿਰ ਠੀਕ ਕੀਤੇ ਜਾਣ, ਚੌਕਾਂ ਨੂੰ ਵਿਵਸਥਿਤ ਕੀਤਾ ਜਾਵੇ ਅਤੇ ਕਬਜ਼ੇ ਹਟਾਏ ਜਾਣ ਤਾਂ ਕਾਫ਼ੀ ਹੱਦ ਤੱਕ ਸਮੱਸਿਆ ਦਾ ਹੱਲ ਹੋ ਸਕਦਾ ਹੈ। ਨਾਲ ਹੀ ਟ੍ਰੈਫਿਕ ਪੁਲਸ ਨੂੰ ਵੀ ਚਲਾਨ ਦੇ ਨਾਲ-ਨਾਲ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਗੰਭੀਰਤਾ ਦਿਖਾਈ ਜਾਵੇ ਅਤੇ ਜਲਦ ਠੋਸ ਕਦਮ ਚੁੱਕੇ ਜਾਣ, ਤਾਂ ਜੋ ਜਾਮ ਅਤੇ ਵਧਦੇ ਹਾਦਸਿਆਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ।

ਮਹਾਵੀਰ ਮਾਰਗ ਦਾ ਅਧੂਰਾ ਨਿਰਮਾਣ ਬਣਿਆ ਪ੍ਰੇਸ਼ਾਨੀ, ਚਿਕ-ਚਿਕ ਚੌਕ ਤੋਂ ਕਪੂਰਥਲਾ ਚੌਕ ਤੱਕ ਹਾਲ-ਬੇਹਾਲ
ਇਕ ਮਹੀਨਾ ਪਹਿਲਾਂ ਮਹਾਵੀਰ ਮਾਰਗ ਦੀ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣ ਨਾਲ ਜਿੱਥੇ ਸ਼ਹਿਰ ਨਿਵਾਸੀਆਂ ਨੂੰ ਰਾਹਤ ਦੀ ਉਮੀਦ ਜਾਗੀ ਸੀ, ਉੱਥੇ ਹੀ ਹੁਣ ਅਧੂਰਾ ਕੰਮ ਲੋਕਾਂ ਲਈ ਨਵੀਂ ਪ੍ਰੇਸ਼ਾਨੀ ਬਣ ਗਿਆ ਹੈ। ਖ਼ਾਸ ਕਰ ਕੇ ਚਿਕ-ਚਿਕ ਚੌਕ ਤੋਂ ਕਪੂਰਥਲਾ ਚੌਕ ਤੱਕ ਦਾ ਹਿੱਸਾ ਅਜੇ ਤੱਕ ਪੂਰੀ ਤਰ੍ਹਾਂ ਅਣਗੌਲਿਆ ਪਿਆ ਹੈ, ਜਿਸ ਕਾਰਨ ਸਥਾਨਕ ਲੋਕ ਅਤੇ ਦੁਕਾਨਦਾਰ ਭਾਰੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ:Punjab: ਇਕੋ ਪਰਿਵਾਰ ਦੇ 4 ਜੀਆਂ ਦੀ ਭਿਆਨਕ ਹਾਦਸੇ 'ਚ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਸੋਗ 'ਚ ਡੁੱਬੇ ਲੋਕ

ਜ਼ਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਇਸ ਸੜਕ ਦੇ ਵੱਡੇ ਹਿੱਸੇ ’ਤੇ ਕੰਮ ਪੂਰਾ ਕਰ ਲਿਆ ਗਿਆ ਹੈ ਪਰ ਚਿਕ-ਚਿਕ ਚੌਕ ਤੋਂ ਕਪੂਰਥਲਾ ਚੌਕ ਤੱਕ ਨਾ ਤਾਂ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਨਾ ਹੀ ਇਥੇ ਪਾਣੀ ਦੀ ਨਿਕਾਸੀ ਦੇ ਕੋਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਕਾਰਨ ਇਹ ਹਿੱਸਾ ਪੂਰੀ ਤਰ੍ਹਾਂ ਬਦਹਾਲ ਬਣਿਆ ਹੋਇਆ ਹੈ। ਸੜਕ ’ਤੇ ਜਗ੍ਹਾ-ਜਗ੍ਹਾ ਪੱਥਰ ਅਤੇ ਮਲਬਾ ਖਿੱਲਰਿਆ ਪਿਆ ਹੈ, ਜਿਸ ਨਾਲ ਖ਼ਾਸ ਕਰ ਕੇ ਦੋਪਹੀਆ ਵਾਹਨ ਚਾਲਕਾਂ ਨੂੰ ਚੱਲਣ ਵਿਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ। ਕਈ ਵਾਰ ਵਾਹਨ ਤਿਲਕਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉੱਥੇ ਹੀ ਚੌਪਹੀਆ ਵਾਹਨ ਜਦੋਂ ਇਸ ਰਸਤੇ ਤੋਂ ਲੰਘਦੇ ਹਨ ਤਾਂ ਧੂੜ-ਮਿੱਟੀ ਉੱਡਦੀ ਹੈ, ਜਿਸ ਨਾਲ ਆਲੇ-ਦੁਆਲੇ ਦਾ ਪੂਰਾ ਇਲਾਕਾ ਪ੍ਰਭਾਵਿਤ ਹੋ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਆਦਰਸ਼ ਨਗਰ ਦੇ ਨਿਵਾਸੀ ਧੂੜ ਤੋਂ ਬੇਹੱਦ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ: ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ

ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਮਹੀਨੇ ਤੋਂ ਇਸ ਹਿੱਸੇ ਵਿਚ ਕੰਮ ਪੂਰੀ ਤਰ੍ਹਾਂ ਠੱਪ ਪਿਆ ਹੈ। ਨਾ ਤਾਂ ਠੇਕੇਦਾਰ ਵੱਲੋਂ ਕੋਈ ਸਰਗਰਮੀ ਨਜ਼ਰ ਆ ਰਹੀ ਹੈ ਅਤੇ ਨਾ ਹੀ ਨਗਰ ਨਿਗਮ ਦੇ ਅਧਿਕਾਰੀ ਇਸ ਪਾਸੇ ਧਿਆਨ ਦੇ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ 75 ਫੀਸਦੀ ਸੜਕ ਬਣਨ ਦੇ ਬਾਵਜੂਦ ਅਧੂਰੇ ਕੰਮ ਕਾਰਨ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲ ਸਕੀ ਹੈ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ਗੀ ਹੈ ਕਿ ਜਿਸ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਗਿਆ ਸੀ, ਉਸੇ ਰਫਤਾਰ ਨਾਲ ਇਸ ਨੂੰ ਪੂਰਾ ਕਿਉਂ ਨਹੀਂ ਕੀਤਾ ਜਾ ਰਿਹਾ। ਜੇਕਰ ਸਮੇਂ ਸਿਰ ਇਸ ਹਿੱਸੇ ਦਾ ਨਿਰਮਾਣ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸਮੱਸਿਆ ਹੋਰ ਵਧ ਸਕਦੀ ਹੈ। ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਿਕ-ਚਿਕ ਚੌਕ ਤੋਂ ਕਪੂਰਥਲਾ ਚੌਕ ਤੱਕ ਸੜਕ ਦੇ ਨਿਰਮਾਣ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ, ਨਾਲ ਹੀ ਪਾਣੀ ਦੀ ਨਿਕਾਸੀ ਦੀ ਉਚਿਤ ਵਿਵਸਥਾ ਵੀ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੂਰਾ ਮਾਰਗ ਸਹੀ ਤਰੀਕੇ ਨਾਲ ਤਿਆਰ ਨਹੀਂ ਹੋਵੇਗਾ, ਉਦੋਂ ਤੱਕ ਉਨ੍ਹਾਂ ਨੂੰ ਰਾਹਤ ਮਿਲਣਾ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ: 5 ਦਿਨਾਂ 'ਚ ਮੁੜ ਬਦਲੇਗਾ ਮੌਸਮ! 17 ਅਪ੍ਰੈਲ ਤੱਕ ਪੰਜਾਬ ਦੇ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News