ਕਈ ਸਾਲ ਪੁਰਾਣੇ ਮਾਮਲੇ ''ਚ ਨਾਰਥ ਵਿਧਾਨ ਸਭਾ ਹਲਕੇ ''ਚ ਪੈਂਦੀਆਂ 6 ਦੁਕਾਨਾਂ ਕੀਤੀਆਂ ਸੀਲ

12/05/2020 12:53:52 PM


ਜਲੰਧਰ(ਖੁਰਾਣਾ): ਕਈ ਸਾਲ ਪਹਿਲਾਂ ਸ਼ੁਰੂ ਹੋਏ ਇਕ ਅਦਾਲਤੀ ਮਾਮਲੇ 'ਚ ਅੱਜ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਅਚਾਨਕ ਕਾਰਵਾਈ ਕਰਦਿਆਂ ਸਥਾਨਕ ਫਗਵਾੜਾ ਗੇਟ ਇਲਾਕੇ 'ਚ 6 ਦੁਕਾਨਾਂ ਨੂੰ ਸੀਲ ਕਰ ਦਿੱਤਾ, ਜਿਸ ਕਾਰਨ ਪੂਰੇ ਇਲਾਕੇ ਦੇ ਦੁਕਾਨਦਾਰਾਂ 'ਚ ਨਗਰ ਨਿਗਮ ਵਿਰੁੱਧ ਰੋਸ ਪੈਦਾ ਹੋ ਗਿਆ। ਜ਼ਿਕਰਯੋਗ ਹੈ ਕਿ ਨਗਰ ਨਿਗਮ ਨੇ ਇਹ ਕਾਰਵਾਈ ਨਾਰਥ ਵਿਧਾਨ ਸਭਾ ਹਲਕੇ ਅਧੀਨ ਸ਼ੇਰ-ਏ-ਪੰਜਾਬ ਮਾਰਕੀਟ 'ਚ ਕੀਤੀ, ਜਿਥੇ ਮੋਬਾਇਲ, ਇਲੈਕਟ੍ਰੋਨਿਕਸ ਅਤੇ ਹੋਰ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਨੂੰ ਸਵੇਰੇ 8 ਵਜੇ ਦੇ ਕਰੀਬ ਖੁੱਲ੍ਹਣ ਤੋਂ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ। ਇਸ ਕਾਰਵਾਈ ਦੀ ਅਗਵਾਈ ਏ. ਟੀ. ਪੀ. ਰਾਜਿੰਦਰ ਸ਼ਰਮਾ ਨੇ ਕੀਤੀ। ਨਗਰ ਨਿਗਮ ਦੀ ਇਸ ਕਾਰਵਾਈ ਵਿਰੁੱਧ ਫਗਵਾੜਾ ਗੇਟ ਦੇ ਦਰਜਨਾਂ ਦੁਕਾਨਦਾਰਾਂ ਨੇ ਸਾਰਾ ਦਿਨ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਅਤੇ ਕਾਂਗਰਸੀ ਪ੍ਰਤੀਨਿਧੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਸਵੇਰੇ ਦੁਕਾਨਾਂ ਖੁੱਲ੍ਹਣ ਤੋਂ ਪਹਿਲਾਂ ਹੀ ਕਈ ਦੁਕਾਨਾਂ ਨੂੰ ਸੀਲ ਕਰ ਰਹੀ ਨਗਰ ਨਿਗਮ ਦੀ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਅੱਜ ਫਗਵਾੜਾ ਗੇਟ ਇਲਾਕੇ 'ਚ ਜਿਹੜੀਆਂ ਦੁਕਾਨਾਂ ਨੂੰ ਸੀਲ ਕੀਤਾ, ਦਰਅਸਲ ਉਨ੍ਹਾਂ ਬਾਰੇ ਜਨਹਿੱਤ ਪਟੀਸ਼ਨ ਫਗਵਾੜਾ ਗੇਟ ਦੀ ਰੈਜ਼ੀਡੈਂਟ ਸੋਸਾਇਟੀ ਨੇ ਕਈ ਸਾਲ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਾਈ ਸੀ। ਇਹ ਮਾਮਲਾ ਕਈ ਸਾਲ ਚੱਲਿਆ ਤੇ ਆਖਿਰ 'ਚ ਹਾਈ ਕੋਰਟ ਨੇ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਪੱਧਰ 'ਤੇ ਨਿਯਮ ਅਨੁਸਾਰ ਕਾਰਵਾਈ ਕਰੇ। ਇਸ ਮਾਮਲੇ ਦੀ ਅਗਲੀ ਸੁਣਵਾਈ ਜਨਵਰੀ 'ਚ ਹੋਣੀ ਹੈ। ਇਸ ਲਈ ਅਦਾਲਤ ਸਾਹਮਣੇ ਜਵਾਬ ਦੇਣ ਲਈ ਨਿਗਮ ਨੇ ਅੱਜ ਕਾਰਵਾਈ ਨੂੰ ਅੰਜਾਮ ਦਿੱਤਾ।

PunjabKesari
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਫਗਵਾੜਾ ਗੇਟ ਦੇ ਕਈ ਦੁਕਾਨਦਾਰਾਂ ਨੂੰ ਵਾਰ-ਵਾਰ ਨੋਟਿਸ ਭੇਜ ਕੇ ਉਨ੍ਹਾਂ ਕੋਲੋਂ ਦੁਕਾਨਾਂ ਸਬੰਧੀ ਦਸਤਾਵੇਜ਼ ਮੰਗੇ ਗਏ ਸਨ, ਜਿਹੜੇ ਉਨ੍ਹਾਂ ਨਹੀਂ ਸੌਂਪੇ। ਅਧਿਕਾਰੀਆਂ ਨੇ ਦੱਸਿਆ ਕਿ 2010 'ਚ ਜਲੰਧਰ ਦਾ ਮਾਸਟਰ ਪਲਾਨ ਪਾਸ ਹੋਇਆ ਸੀ। ਜੇਕਰ ਦੁਕਾਨਾਂ ਮਾਸਟਰ ਪਲਾਨ ਬਣਾਉਣ ਤੋਂ ਪਹਿਲਾਂ ਬਣੀਆਂ ਸਾਬਿਤ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ, ਜਦੋਂ ਕਿ ਉਸ ਤੋਂ ਬਾਅਦ ਬਣੀਆਂ ਦੁਕਾਨਾਂ ਨੂੰ ਸੀਲ ਕੀਤਾ ਜਾਣਾ ਹੈ, ਜਿਸ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਕਾਰਨ ਫਗਵਾੜਾ ਗੇਟ ਦੀਆਂ ਕਈ ਹੋਰ ਦੁਕਾਨਾਂ 'ਤੇ ਵੀ ਕਾਰਵਾਈ ਹੋ ਸਕਦੀ ਹੈ, ਜਿਸ ਕਾਰਨ ਪੂਰੇ ਇਲਾਕੇ 'ਚ ਤਰਥੱਲੀ ਮਚੀ ਹੋਈ ਹੈ। ਅੱਜ ਜਿਹੜੀਆਂ ਦੁਕਾਨਾਂ ਨੂੰ ਬੰਦ ਕੀਤਾ ਗਿਆ, ਉਥੇ ਕਾਰੋਬਾਰ ਚੱਲ ਰਹੇ ਸਨ।
ਟਰੇਡਰਜ਼ ਫੋਰਮ ਅਤੇ ਇਲੈਕਟ੍ਰਾਨਿਕ ਐਸੋਸੀਏਸ਼ਨ ਵਪਾਰੀਆਂ ਦੇ ਸਮਰਥਨ 'ਚ ਆਈ

PunjabKesari
ਫਗਵਾੜਾ ਗੇਟ ਦੇ ਦਰਜਨਾਂ ਦੁਕਾਨਦਾਰਾਂ ਨੇ ਅੱਜ ਸਾਰਾ ਦਿਨ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਨਗਰ ਨਿਗਮ ਅਤੇ ਕਾਂਗਰਸ ਸਰਕਾਰ ਦੀ ਕਾਰਜ-ਪ੍ਰਣਾਲੀ ਵਿਰੁੱਧ ਰੋਸ ਪ੍ਰਗਟ ਕੀਤਾ। ਦੇਰ ਸ਼ਾਮ ਇਲੈਕਟ੍ਰੋਨਿਕ ਮਾਰਕੀਟ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ, ਇਲੈਕਟ੍ਰਿਕ ਮਾਰਕੀਟ ਦੇ ਪ੍ਰਧਾਨ ਅਮਿਤ ਸਹਿਗਲ ਅਤੇ ਟਰੇਡਰਜ਼ ਫੋਰਮ ਦੇ ਸੰਸਥਾਪਕ ਪ੍ਰਧਾਨ ਰਵਿੰਦਰ ਧੀਰ ਦੀਆਂ ਕੋਸ਼ਿਸ਼ਾਂ ਨਾਲ ਫਗਵਾੜਾ ਗੇਟ ਦੇ ਦੁਕਾਨਦਾਰਾਂ ਦਾ ਇਕ ਮੀਟਿੰਗ ਦਾ ਆਯੋਜਨ ਨਿਗਮ ਕੰਪਲੈਕਸ 'ਚ ਕੀਤਾ ਗਿਆ, ਜਿਸ ਦੌਰਾਨ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ 8 ਦਿਨਾਂ ਲਈ ਦੁਕਾਨਾਂ ਦੀ ਸੀਲ ਖੋਲ੍ਹ ਦਿੱਤੀ ਜਾਵੇਗੀ। ਇਸ ਦੌਰਾਨ ਦੁਕਾਨਦਾਰਾਂ ਨੂੰ ਆਪਣੇ ਦਸਤਾਵੇਜ਼ ਨਿਗਮ ਨੂੰ ਸੌਂਪਣੇ ਪੈਣਗੇ, ਨਹੀਂ ਤਾਂ ਦੁਬਾਰਾ ਸੀਲਾਂ ਲਾ ਦਿੱਤੀਆਂ ਜਾਣਗੀਆਂ। ਦੇਰ ਸ਼ਾਮ ਕਮਿਸ਼ਨਰ ਦੇ ਹੁਕਮਾਂ ਦੇ ਬਾਅਦ ਸਾਰੀਆਂ ਦੁਕਾਨਾਂ ਦੀਆਂ ਸੀਲਾਂ ਖੋਲ੍ਹ ਦਿੱਤੀਆਂ ਗਈਆਂ।


Aarti dhillon

Content Editor

Related News