ਇਕ ਕ੍ਰੈਸ਼ਰ ਤੋਂ ਖੁਦਾਈ ’ਚ ਜੁਟੀਆਂ 2 ਪੋਕਲੇਨ ਮਸ਼ੀਨਾਂ, ਦੂਜੇ ਕ੍ਰੈਸ਼ਰ ਤੋਂ ਗਰੈਵਲ ਨਾਲ ਲੱਦਿਆ ਟਿੱਪਰ ਕਾਬੂ

10/22/2022 11:30:03 AM

ਨੂਰਪੁਰਬੇਦੀ (ਭੰਡਾਰੀ)-ਨੂਰਪੁਰਬੇਦੀ ਖੇਤਰ ’ਚ ਬੇਰੋਕ-ਟੋਕ ਹੋ ਰਹੀ ਮਾਈਨਿੰਗ ਦੇ ਗੋਰਖ ਧੰਦੇ ਨੂੰ ਰੋਕਣ ਲਈ ਵਿਭਾਗੀ ਅਮਲਾ ਲਗਾਤਾਰ ਜੁੱਟਿਆ ਹੋਇਆ ਹੈ ਜਿਸ ਤਹਿਤ ਦੇਰ ਸ਼ਾਮ ਮਾਈਨਿੰਗ ਅਧਿਕਾਰੀਆਂ ਨੇ 2 ਵੱਖ-ਵੱਖ ਮਾਮਲਿਆਂ ’ਚ ਵੱਡੀ ਕਾਰਵਾਈ ਕਰਦਿਆਂ ਇਕ ਕ੍ਰੈਸ਼ਰ ’ਤੇ ਨਾਜਾਇਜ਼ ਖੁਦਾਈ ’ਚ ਜੁੱਟੀਆਂ 2 ਪੋਕਲੇਨ ਮਸ਼ੀਨਾਂ ਨੂੰ ਕਾਬੂ ਕਰਕੇ ਉਸ ਦੇ ਚਾਲਕਾਂ, ਜ਼ਮੀਨ ਮਾਲਕਾਂ ਅਤੇ ਕ੍ਰੈਸ਼ਰ ਦੇ ਮਾਲਕ ਖਿਲਾਫ਼ ਮਾਮਲਾ ਦਰਜ ਕੀਤਾ ਹੈ ਜਦਕਿ ਦੂਸਰੇ ਮਾਮਲੇ ’ਚ ਗਰੈਵਲ ਦੀ ਨਾਜਾਇਜ਼ ਢੋਆ-ਢੁਆਈ ਕਰ ਰਹੇ ਇਕ ਟਿੱਪਰ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਚੌਕੀ ਕਲਵਾਂ ਦੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਮਾਈਨਿੰਗ ਇੰਸਪੈਕਟਰ ਨੰਗਲ ਸੰਜੀਵ ਕੁਮਾਰ ਨੇ ਦੱਸਿਆ ਕਿ ਹੈੱਡ ਆਫਿਸ ਤੋਂ ਪ੍ਰਾਪਤ ਹੋਈ ਸ਼ਿਕਾਇਤ ਅਨੁਸਾਰ ਮਾਈਨਿੰਗ ਟੀਮ ਵੱਲੋਂ ਇੰਦਰ ਸਟੋਨ ਕ੍ਰੈਸ਼ਰ ਪਿੰਡ ਐਲਗਰਾਂ ਦਾ ਮੌਕਾ ਵੇਖਿਆ ਗਿਆ। ਉਕਤ ਮੌਕਾ ਕਾਰਜਕਾਰੀ ਇੰਜ. ਜਲ ਨਿਕਾਸੀ-ਕਮ-ਮਾਈਨਿੰਗ ਮੰਡਲ ਸ੍ਰੀ ਅਨੰਦਪੁਰ ਸਾਹਿਬ ਅਤੇ ਉਪ ਮੰਡਲ ਅਫਸਰ ਜਲ ਨਿਕਾਸ ਨੰਗਲ ਸਮੇਤ ਫੀਲਡ ਸਟਾਫ ਵੱਲੋਂ ਦੇਖਿਆ ਗਿਆ। ਉਨ੍ਹਾਂ ਮੌਕੇ ’ਤੇ 2 ਪੋਕਲੇਨ ਮਸ਼ੀਨਾਂ ਚੱਲਦੀਆਂ ਦੇਖੀਆਂ ਜਿਨ੍ਹਾਂ ਦੀ ਮਾਈਨਿੰਗ ਟੀਮ ਵੱਲੋਂ ਬਕਾਇਦਾ ਵੀਡੀਓਗ੍ਰਾਫ਼ੀ ਵੀ ਕੀਤੀ ਗਈ।

ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ

ਉਕਤ ਮਸ਼ੀਨਾਂ ਖੱਡੇ ’ਚ ਚੱਲਦੀਆਂ ਪਾਈਆਂ ਗਈਆਂ ਅਤੇ ਰਾਤ ਦਾ ਸਮਾਂ ਹੋਣ ਕਰਕੇ ਅਤੇ ਖੱਡੇ ਦਾ ਬਹੁਤ ਵੱਡਾ ਆਕਾਰ ਹੋਣ ’ਤੇ ਮਿਕਦਾਰਾਂ ਲੈਣੀਆਂ ਮੁਸ਼ਕਿਲ ਰਹੀਆਂ। ਪੁਲਸ ਨੇ ਇਸ ਮਾਮਲੇ ’ਚ ਇੰਦਰ ਸਟੋਨ ਕ੍ਰੈਸ਼ਰ, ਜ਼ਮੀਨ ਦੇ ਮਾਲਕਾਂ ਅਤੇ ਉਕਤ ਮਸ਼ੀਨਾਂ ਦੇ ਨਾਮਲੂਮ ਚਾਲਕਾਂ/ਮਾਲਕਾਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ’ਚ ਸਿਮਰਨਜੀਤ ਸਿੰਘ ਜੇ. ਈ./ਐੱਮ.ਆਈ. ਜਲ ਨਿਕਾਸ-ਕਮ-ਮਾਈਨਿੰਗ ਉਪ ਮੰਡਲ ਨੂਰਪੁਰਬੇਦੀ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਗਿਆ ਕਿ ਨਾਜਾਇਜ਼ ਮਾਈਨਿੰਗ ਸਬੰਧੀ ਗਸ਼ਤ ਕੀਤੀ ਜਾ ਰਹੀ ਸੀ ਜਿਸ ਦੌਰਾਨ ਇਕ ਟਿੱਪਰ ਜੋ ਸਰਕਾਰੀ ਗੱਡੀ ਨੂੰ ਦੇਖ ਕੇ ਭੱਜਦਾ ਹੋਇਆ ਨਜ਼ਰ ਆਇਆ।

ਜਦੋਂ ਇਸ ਟਿੱਪਰ ਦਾ ਪਿੱਛਾ ਕੀਤਾ ਗਿਆ ਤਾਂ ਉਹ ਭਾਰਤ ਸਟੋਨ ਕ੍ਰੈਸ਼ਰ ਪਿੰਡ ਪਲਾਟਾ ’ਚ ਜਾ ਕੇ ਰੁੱਕ ਗਿਆ ਜਦਕਿ ਟਿੱਪਰ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਟਿੱਪਰ ’ਚ ਰੇਤੇ/ਗਰੈਵਲ ਦੀ ਨਾਜਾਇਜ਼ ਤਰੀਕੇ ਨਾਲ ਢੋਆ-ਢੁਆਈ ਕੀਤੀ ਜਾ ਰਹੀ ਸੀ। ਪੁਲਸ ਨੇ ਫਰਾਰ ਟਿੱਪਰ ਚਾਲਕ ਖਿਲਾਫ਼ ਮਾਈਨਿੰਗ ਐਕਟ ’ਤੇ ਧਾਰਾ 379 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਚੌਕੀ ਇੰਚਾਰਜ ਹਰਮੇਸ਼ ਕੁਮਾਰ ਅਨੁਸਾਰ ਉਕਤ ਮਸ਼ੀਨਰੀ ਅਤੇ ਟਿੱਪਰ ਪੁਲਸ ਦੀ ਨਿਗਰਾਨੀ ਹੇਠ ਕਬਜ਼ੇ ’ਚ ਹਨ।

ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦਾ ਦੀਵਾਲੀ ਤੋਹਫ਼ਾ, ਜਾਣੋ ਕੈਬਨਿਟ ’ਚ ਲਏ ਵੱਡੇ ਫ਼ੈਸਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News