ਨਗਰ ਨਿਗਮ ਦਫ਼ਤਰ ਦੇ ਸਾਹਮਣੇ ਹੀ ਹੋ ਗਈ ਇਮਾਰਤ ਦੀ ਗੈਰ-ਕਾਨੂੰਨੀ ਉਸਾਰੀ
Sunday, Dec 01, 2024 - 02:29 PM (IST)
ਜਲੰਧਰ (ਅਨਿਲ ਪਾਹਵਾ)–ਸ਼ੁੱਕਰਵਾਰ ਨੂੰ ਜਲੰਧਰ ਦੇ ਅਤਿ-ਰੁਝੇਵੇਂ ਵਾਲੇ ਇਲਾਕੇ ਸੈਦਾਂ ਗੇਟ ਨੇੜੇ ਨਯਾ ਬਾਜ਼ਾਰ ਵਿਚ ਗੈਰ-ਕਾਨੂੰਨੀ ਤੌਰ ’ਤੇ ਕੀਤੀ ਜਾ ਰਹੀ ਉਸਾਰੀ ਦਾ ਇਕ ਹਿੱਸਾ ਡਿੱਗ ਗਿਆ, ਜਿਸ ਤੋਂ ਬਾਅਦ ਤੁਰੰਤ ਹਰਕਤ ਵਿਚ ਆਉਂਦੇ ਹੋਏ ਜਲੰਧਰ ਨਗਰ ਨਿਗਮ ਨੇ ਆਪਣੇ ਫੀਲਡ ਅਫਸਰਾਂ ਨੂੰ ਨੋਟਿਸ ਕੱਢ ਕੇ ਖਾਨਾਪੂਰਤੀ ਕਰ ਦਿੱਤੀ। ਪਰ ਅਸਲੀਅਤ ਇਹ ਹੈ ਕਿ ਸ਼ਹਿਰ ਵਿਚ ਚੱਲ ਰਹੀ ਗੈਰ-ਕਾਨੂੰਨੀ ਉਸਾਰੀ ਨੂੰ ਲੈ ਕੇ ਨਾ ਤਾਂ ਨਗਰ ਨਿਗਮ ਗੰਭੀਰ ਹੈ ਅਤੇ ਨਾ ਹੀ ਇਸ ’ਤੇ ਐਕਸ਼ਨ ਲੈਣ ਦੇ ਮੂਡ ਵਿਚ ਹੈ। ਸੰਭਾਵਨਾ ਹੈ ਕਿ ਨਗਰ ਨਿਗਮ ਵਿਚ ਬੜੀ ਦੂਰ ਤਕ ਕਥਿਤ ਤੌਰ ’ਤੇ ਸੈਟਿੰਗ ਚੱਲ ਰਹੀ ਹੈ, ਜਿਸ ਕਾਰਨ ਇਹ ਸਭ ਸੰਭਵ ਹੋ ਪਾ ਰਿਹਾ ਹੈ।
ਨਿਗਮ ਦੇ ਸਾਹਮਣੇ 7 ਮਹੀਨਿਆਂ ਤੋਂ ਚੱਲ ਰਹੀ ਗੈਰ-ਕਾਨੂੰਨੀ ਉਸਾਰੀ
ਸੈਦਾਂ ਗੇਟ ਨੇੜੇ ਨਯਾ ਬਾਜ਼ਾਰ ਵਿਚ ਹੋ ਰਹੀ ਇਹ ਗੈਰ-ਕਾਨੂੰਨੀ ਉਸਾਰੀ ਤਾਂ ਫਿਰ ਜਲੰਧਰ ਕਾਰਪੋਰੇਸ਼ਨ ਦੇ ਦਫ਼ਤਰ ਤੋਂ ਕੁਝ ਦੂਰੀ ’ਤੇ ਸੀ, ਨਗਰ ਨਿਗਮ ਨੂੰ ਤਾਂ ਆਪਣੇ ਦਫ਼ਤਰ ਦੇ ਸਾਹਮਣੇ ਚੱਲ ਰਹੀ ਗੈਰ-ਕਾਨੂੰਨੀ ਉਸਾਰੀ ਦੀ ਭਿਣਕ ਤਕ ਨਹੀਂ ਲੱਗੀ, ਨਯਾ ਬਾਜ਼ਾਰ ਦਾ ਕੰਮ ਕਿਥੇ ਪਤਾ ਲੱਗਣਾ ਸੀ। ਦਰਅਸਲ ਨਗਰ ਨਿਗਮ ਦੇ ਬਿਲਕੁਲ ਸਾਹਮਣੇ ਮੈਡੀਕਲ ਸਟੋਰ ਦੇ ਨਾਲ ਪਿਛਲੇ 7 ਮਹੀਨਿਆਂ ਤੋਂ ਗੈਰ-ਕਾਨੂੰਨੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਪਰ ਨਗਰ ਨਿਗਮ ਨੇ ਕੋਈ ਐਕਸ਼ਨ ਨਹੀਂ ਲਿਆ।
ਬਾਹਰੋਂ ਪੁਰਾਣੀ ਬਿਲਡਿੰਗ ਦਾ ਢਾਂਚਾ ਖੜ੍ਹਾ ਹੈ ਪਰ ਉਸ ਦੇ ਅੰਦਰ ਨਵੀਂ ਬਿਲਡਿੰਗ ਖੜ੍ਹੀ ਕਰ ਦਿੱਤੀ ਗਈ ਅਤੇ ਨਿਗਮ ਦੇ ਜ਼ਿੰਮੇਵਾਰ ਅਫ਼ਸਰ ਖਾਮੋਸ਼ ਰਹੇ। ਨਗਰ ਨਿਗਮ ਦੇ ਦਫ਼ਤਰ ਤੋਂ ਸਿਰਫ਼ 50 ਕਦਮਾਂ ਦੀ ਦੂਰੀ ’ਤੇ ਇਹ ਗੈਰ-ਕਾਨੂੰਨੀ ਉਸਾਰੀ ਦਿਨ-ਰਾਤ ਚੱਲੀ ਅਤੇ ਨਿਗਮ ਨੂੰ ਇਸ ਦੀ ਭਿਣਕ ਤਕ ਨਾ ਲੱਗੀ ਹੋਵੇ, ਇਹ ਵੈਸੇ ਸਮਝ ਤੋਂ ਬਾਹਰ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਬਾਂਦਰ ਦਾ ਕਹਿਰ, ਬੱਚੇ ਬਣ ਰਹੇ ਨਿਸ਼ਾਨਾ, ਦਹਿਸ਼ਤ 'ਚ ਲੋਕ
ਅੰਦਰ ਹੀ ਅੰਦਰ ਖੜ੍ਹੀ ਕਰ ਦਿੱਤੀ ਇਮਾਰਤ
ਨਗਰ ਨਿਗਮ ਦੇ ਦਫ਼ਤਰ ਦੇ ਸਾਹਮਣੇ ਜੋ ਇਹ ਉਸਾਰੀ ਕੀਤੀ ਗਈ ਹੈ, ਉਸ ਦੇ ਬਾਹਰ ਕਿਸੇ ਚਾਰਟਰਡ ਅਕਾਊਂਟੈਂਟ ਦਾ ਬੋਰਡ ਲੱਗਾ ਹੋਇਆ ਹੈ ਅਤੇ ਇਹ ਇਮਾਰਤ ਸਾਲਾਂ ਤੋਂ ਬੰਦ ਪਈ ਹੈ। ਜੀ. ਟੀ. ਰੋਡ ਵੱਲ ਇਸ ਇਮਾਰਤ ਦਾ ਸ਼ਟਰ ਬੰਦ ਰਹਿੰਦਾ ਹੈ ਪਰ ਪਿੱਛੇ ਗਲੀ ਵਿਚ ਇਸ ਇਮਾਰਤ ਵੱਲ ਜਾਣ ਦਾ ਇਕ ਹੋਰ ਖੁਫੀਆ ਰਸਤਾ ਹੈ, ਜਿੱਥੋਂ ਇਸ ਗੈਰ-ਕਾਨੂੰਨੀ ਉਸਾਰੀ ਨੂੰ ਅੰਜਾਮ ਦਿੱਤਾ ਗਿਆ।
ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਵੱਲੋਂ ਗੈਰ-ਕਾਨੂੰਨੀ ਉਸਾਰੀ ਨੂੰ ਰੋਕਣ ਲਈ ਐੱਮ. ਟੀ. ਪੀ. ਤੋਂ ਲੈ ਕੇ ਏ. ਟੀ. ਪੀ. ਅਤੇ ਇੰਸਪੈਕਟਰ ਤਕ ਫੀਲਡ ਵਿਚ ਤਾਇਨਾਤ ਕੀਤੇ ਗਏ ਹਨ ਪਰ ਇਸ ਦੇ ਬਾਅਦ ਵੀ ਇਲਾਕੇ ਦੇ ਇੰਸਪੈਕਟਰ ਨੂੰ 7 ਮਹੀਨਿਆਂ ਤੋਂ ਚੱਲ ਰਹੀ ਇਸ ਉਸਾਰੀ ਦੀ ਭਿਣਕ ਤਕ ਨਹੀਂ ਲੱਗੀ ਜਾਂ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ। ਦੋਵਾਂ ਹੀ ਮਾਮਲਿਆਂ ਵਿਚ ਨਗਰ ਨਿਗਮ ਦੀ ਜ਼ਿੰਮੇਵਾਰੀ ਤੈਅ ਹੁੰਦੀ ਹੈ।
ਇਹ ਵੀ ਪੜ੍ਹੋ- ਪਤਨੀ ਤੇ 3 ਧੀਆਂ ਨਾਲ ਐਕਟਿਵਾ 'ਤੇ ਜਾ ਰਹੇ ਵਿਅਕਤੀ ਨਾਲ ਵਾਪਰੀ ਅਣਹੋਣੀ, ਵਿਛ ਗਏ ਸੱਥਰ
ਹੁਣ ਗੈਰ-ਕਾਨੂੰਨੀ ਉਸਾਰੀ ਨੂੰ ਰੋਕ ਕੇ ਨਿਗਮ ਨੇ ਕੀਤੀ ਖਾਨਾਪੂਰਤੀ
ਹੁਣ ਇਮਾਰਤ ਦਾ ਲੈਂਟਰ ਪੈ ਚੁੱਕਾ ਹੈ ਅਤੇ ਦੂਜੀ ਮੰਜ਼ਿਲ ਤਿਆਰ ਕੀਤੀ ਜਾ ਰਹੀ ਹੈ, ਜਿਸ ਦੇ ਲਈ ਧੜੱਲੇ ਨਾਲ ਕੰਮ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਨਯਾ ਬਾਜ਼ਾਰ ਵਿਚ ਇਮਾਰਤ ਦਾ ਇਕ ਹਿੱਸਾ ਡਿੱਗਣ ਤੋਂ ਬਾਅਦ ਹਰਕਤ ਵਿਚ ਆਏ ਨਗਰ ਨਿਗਮ ਨੇ ਇਸ ਗੈਰ-ਕਾਨੂੰਨੀ ਉਸਾਰੀ ਦਾ ਕੰਮ ਵੀ ਰੁਕਵਾ ਦਿੱਤਾ। ਭਾਵੇਂ ਇਹ ਸਭ ਖਾਨਾਪੂਰਤੀ ਲਈ ਕੀਤਾ ਗਿਆ ਪਰ ਇਹ ਗੱਲ ਤਾਂ ਸਾਫ ਹੈ ਕਿ ਕਥਿਤ ਸੈਟਿੰਗ ਤੋਂ ਬਾਅਦ ਕੰਮ ਰੁਕਵਾਉਣਾ ਇੰਨਾ ਆਸਾਨ ਨਹੀਂ ਸੀ, ਫਿਰ ਵੀ ਮਨ ਮਾਰ ਕੇ ਕੁਝ ਦਿਨਾਂ ਲਈ ਸ਼ਾਇਦ ਕੰਮ ਰੁਕਵਾ ਹੀ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਦੋ ਦਿਨ ਲਈ ਇਹ ਮੁਫ਼ਤ ਬੱਸ ਸੇਵਾ ਰਹੇਗੀ ਬੰਦ
ਮਈ ਮਹੀਨੇ ’ਚ ਬਾਊਂਸਰ ਤਾਇਨਾਤ ਕਰਕੇ ਪਾਇਆ ਗਿਆ ਸੀ ਲੈਂਟਰ
ਜਾਣਕਾਰੀ ਅਨੁਸਾਰ ਮਈ ਮਹੀਨੇ ਇਸ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ ਅਤੇ 26 ਮਈ ਨੂੰ ਇਸ ਦਾ ਲੈਂਟਰ ਪਾਇਆ ਗਿਆ। 26 ਮਈ ਦੀ ਰਾਤ ਨੂੰ ਗਲੀ ਵਿਚ ਮਸ਼ੀਨ ਲਾ ਕੇ ਬਕਾਇਦਾ ਦੇਰ ਰਾਤ ਤਕ ਲੈਂਟਰ ਪਾਉਣ ਦਾ ਕੰਮ ਚੱਲਿਆ। ਉਦੋਂ ਵੀ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੋਈ ਜਾਂ ਉਨ੍ਹਾਂ ਨੇ ਕੰਨ ਬੰਦ ਕਰ ਲਏ, ਇਹ ਤਾਂ ਉਹੀ ਜਾਣਨ ਪਰ ਇੰਨਾ ਜ਼ਰੂਰ ਹੈ ਕਿ ਇਨ੍ਹਾਂ ਦੇ ਕੰਨ ਬੰਦ ਹੋਣ ਕਾਰਨ ਨਗਰ ਨਿਗਮ ਅਤੇ ਸਰਕਾਰ ਨੂੰ ਵੱਡਾ ਚੂਨਾ ਲੱਗ ਗਿਆ। ਸੰਭਾਵਨਾ ਹੈ ਕਿ ਕਥਿਤ ਤੌਰ ’ਤੇ ਇਨ੍ਹਾਂ ਦੀਆਂ ਜੇਬਾਂ ਗਰਮ ਹੋ ਗਈਆਂ ਹੋਣਗੀਆਂ। ਇਮਾਰਤ ਬਣਾਉਣ ਵਾਲੇ ਨੇ ਹੀ ਲੈਂਟਰ ਪਾਉਣ ਵਾਲੇ ਦਿਨ ਮੌਕੇ ’ਤੇ ਕੁਝ ਬਾਊਂਸਰ ਕਿਸਮ ਦੇ ਲੋਕ ਖੜ੍ਹੇ ਕੀਤੇ ਹੋਏ ਸਨ ਤਾਂ ਕਿ ਕੋਈ ਅੜਿੱਕਾ ਨਾ ਪਾਵੇ।
ਇਹ ਵੀ ਪੜ੍ਹੋ- ਕੇਂਦਰ ਵੱਲੋਂ ਪੰਜਾਬ ਵਾਸੀਆਂ ਲਈ ਵੱਡਾ ਤੋਹਫ਼ਾ, ਇਨ੍ਹਾਂ ਜ਼ਿਲ੍ਹਿਆਂ ਨੂੰ ਹੋਵੇਗਾ ਫਾਇਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8