ਆਤਮਹੱਤਿਆ ਲਈ ਮਜਬੂਰ ਕਰਨ ਦਾ ਦੋਸ਼ੀ ਪਤੀ ਗ੍ਰਿਫ਼ਤਾਰ

12/09/2019 8:41:09 PM

ਹੁਸ਼ਿਆਰਪੁਰ,(ਅਮਰਿੰਦਰ)- ਘਰੇਲੂ ਵਿਵਾਦ ਵਿਚ ਬੀਤੇ ਦਿਨੀਂ ਆਤਮਹੱਤਿਆ ਕਰਨ ਵਾਲੀ 23 ਸਾਲਾ ਏਕਵਿੰਦਰ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਮਾਡਲ ਟਾਊਨ ਪੁਲਸ ਨੇ ਦੁਪਹਿਰ ਸਮੇਂ ਉਸ ਦੇ ਪੇਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਮਾਡਲ ਟਾਊਨ ਪੁਲਸ ਨੇ ਇਸ ਮਾਮਲੇ ਵਿਚ ਦੋਸ਼ੀ ਪਤੀ ਬਿਸ਼ੰਬਰ ਸਿੰਘ ਨਿਵਾਸੀ ਪਿੰਡ ਡੋਗਰਾਂਵਾਲ ਜ਼ਿਲਾ ਕਪੂਰਥਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਦੋਸ਼ੀ ਜੇਠ ਸੁਰਜੀਤ ਸਿੰਘ ਅਤੇ ਜੇਠਾਣੀ ਸੁੱਖੀ ਹੁਣ ਤੱਕ ਫਰਾਰ ਹਨ।

ਪਰਿਵਾਰ ਨੇ ਕਿਹਾ, ‘ਮਾਮਲਾ ਆਤਮਹੱਤਿਆ ਜਾਂ ਹੱਤਿਆ’ ਦਾ, ਜਾਂਚ ਕਰੇ ਪੁਲਸ

ਸਿਵਲ ਹਸਪਤਾਲ ’ਚ ਮ੍ਰਿਤਕਾ ਏਕਵਿੰਦਰ ਕੌਰ ਦੇ ਪਿਤਾ ਮਹਿੰਦਰ ਸਿੰਘ ਨਿਵਾਸੀ ਜਗਤਪੁਰ ਕਲਾਂ ਜ਼ਿਲਾ ਗੁਰਦਾਸਪੁਰ ਨਾਲ ਆਏ ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਸਹੁਰੇ-ਘਰ ਵਿਚ ਜੇਠ ਅਤੇ ਜੇਠਾਣੀ ਤੋਂ ਤੰਗ ਆ ਕੇ ਏਕਵਿੰਦਰ 6 ਮਹੀਨੇ ਪਹਿਲਾਂ ਹੀ ਡੇਢ ਸਾਲ ਦੇ ਬੇਟੇ ਕਰਣ ਨਾਲ ਹੁਸ਼ਿਆਰਪੁਰ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਪਤੀ ਸਮੇਤ ਰਹਿਣ ਲੱਗੀ ਸੀ। ਜੇਠ-ਜੇਠਾਣੀ ਦੇ ਰਵੱਈਏ ਤੋਂ ਪ੍ਰੇਸ਼ਾਨ ਏਕਵਿੰਦਰ ਵਾਰ-ਵਾਰ ਪਤੀ ਬਿਸ਼ੰਬਰ ਨੂੰ ਕਹਿੰਦੀ ਸੀ ਕਿ ਉਹ ਆਪਣੇ ਭਰਾ-ਭਰਜਾਈ ਨੂੰ ਸਮਝਾਵੇ ਪਰ ਬਿਸ਼ੰਬਰ ਉਲਟਾ ਏਕਵਿੰਦਰ ਨੂੰ ਹੀ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਜਿਸ ਤੋਂ ਤੰਗ ਆ ਕੇ ਏਕਵਿੰਦਰ ਨੇ ਆਤਮਹੱਤਿਆ ਕਰ ਲਈ। ਮ੍ਰਿਤਕਾ ਦੇ ਪਿਤਾ ਮਹਿੰਦਰ ਸਿੰਘ ਨੇ ਦੋਸ਼ ਲਾਇਆ ਕਿ ਕੱਲ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਵੇਖਿਆ ਕਿ ਏਕਵਿੰਦਰ ਦੇ ਸਹੁਰਿਆਂ ਨੇ ਉਸ ਦੇ ਡੇਢ ਸਾਲਾ ਬੇਟੇ ਕਰਣ ਨੂੰ ਉੱਥੋਂ ਗਾਇਬ ਕਰ ਦਿੱਤਾ ਸੀ। ਕੱਲ ਜਦੋਂ ਅਸੀਂ ਮੌਕੇ ’ਤੇ ਆਏ ਸੀ ਤਾਂ ਏਕਵਿੰਦਰ ਦੀ ਲਾਸ਼ ਬੈੱਡ ’ਤੇ ਪਈ ਸੀ। ਏਕਵਿੰਦਰ ਨੇ ਫਾਹ ਲਾ ਕੇ ਆਤਮਹੱਤਿਆ ਕੀਤੀ ਹੈ ਜਾਂ ਉਸ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ, ਪੁਲਸ ਇਸ ਦੀ ਵੀ ਜਾਂਚ ਕਰੇ।

ਦੋਸ਼ੀਆਂ ਨੂੰ ਪੁਲਸ ਛੇਤੀ ਹੀ ਕਰ ਲਵੇਗੀ ਗ੍ਰਿਫ਼ਤਾਰ : ਐੱਸ. ਐੱਚ. ਓ.

ਸੰਪਰਕ ਕਰਨ ’ਤੇ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਇੰਸਪੈਕਟਰ ਵਿਕਰਮ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਮਾਮਲੇ ਵਿਚ ਦੋਸ਼ੀ ਜੇਠ ਸੁਰਜੀਤ ਸਿੰਘ ਉਰਫ ਬੱਬੂ ਅਤੇ ਜੇਠਾਣੀ ਸੁੱਖੀ ਅਜੇ ਤੱਕ ਫਰਾਰ ਚੱਲ ਰਹੇ ਹਨ। ਪੁਲਸ ਨੇ ਮ੍ਰਿਤਕਾ ਦੇ ਵਿਸਰੇ ਨੂੰ ਜਾਂਚ ਲਈ ਲੈਬਾਰਟਰੀ ਭੇਜ ਦਿੱਤਾ ਹੈ। ਪੁਲਸ ਫਰਾਰ ਦੋਸ਼ੀ ਪਤੀ-ਪਤਨੀ ਸੁਰਜੀਤ ਅਤੇ ਸੁੱਖੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਜਲਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Bharat Thapa

Content Editor

Related News