ਮੀਂਹ ਕਾਰਣ ਸੈਂਕਡ਼ੇ ਏਕਡ਼ ਫਸਲ ਪਾਣੀ ’ਚ ਡੁੱਬੀ

08/20/2019 2:13:44 AM

ਕਾਠਗਡ਼੍ਹ, (ਰਾਜੇਸ਼)- ਬੀਤੇ ਦਿਨ ਲਗਾਤਾਰ ਹੋਈ ਬਾਰਸ਼ ਕਾਰਣ ਜਿੱਥੇ ਹਲਕੇ ਦੇ ਕਿਸਾਨਾਂ ਦੀ ਸੈਂਕਡ਼ੇ ਏਕਡ਼ ਫਸਲ ’ਚ ਪਾਣੀ ਭਰਿਆ ਹੋਇਆ ਹੈ ਉੱਥੇ ਹੀ ਕਈ ਪਿੰਡਾਂ ਦੇ ਘਰਾਂ ’ਚ ਮੀਂਹ ਦੇ ਪਾਣੀ ਦੇ ਦਾਖਲ ਹੋਣ ਕਾਰਣ ਲੋਕਾਂ ਦਾ ਸਾਮਾਨ ਬਰਬਾਦ ਹੋ ਗਿਆ।

ਫਸਲਾਂ ਡੁੱਬੀਆਂ ਪਾਣੀ ’ਚ

ਹਲਕਾ ਕਾਠਗਡ਼੍ਹ ਦੇ ਸ਼ਿਵਾਲਿਕ ਦੀ ਪਹਾਡ਼ੀ ਨਾਲ ਲੱਗਦੇ ਪਿੰਡਾਂ ਅਤੇ ਸਤਲੁਜ ਦਰਿਆ ਨਾਲ ਲੱਗਦੇ ਬੇਟ ਖੇਤਰ ਦੇ ਕਿਸਾਨਾਂ ਦੀ ਸੈਂਕਡ਼ੇ ਏਕਡ਼ ਝੋਨੇ, ਮੱਕੀ ਤੇ ਹਰੇ ਚਾਰ ਦੀ ਫਸਲ ’ਚ ਪਾਣੀ ਭਰਿਆ ਪਿਆ ਹੈ ਜਿਸ ਕਾਰਣ ਕਿਸਾਨਾਂ ਨੂੰ ਫਸਲਾਂ ਦੇ ਬਰਬਾਦ ਹੋਣ ਦੀ ਚਿੰਤਾ ਸਤਾ ਰਹੀ ਹੈ।

ਘਰਾਂ ਦਾ ਸਾਮਾਨ ਹੋਇਆ ਬਰਬਾਦ

ਹਲਕੇ ਦੇ ਪਿੰਡ ਬੇਹਰਡ਼ੀ, ਕਾਠਗਡ਼੍ਹ, ਗੋਲੂਮਾਜਰਾ, ਜੀਓਵਾਲ, ਬੱਛੂਆਂ, ਪਨਿਆਲੀ ਖੁਰਦ, ਚਾਹਲਾਂ, ਕਿਸ਼ਨਪੁਰ, ਭਰਥਲਾ, ਮੁੱਤੋਂ ਮੰਡ, ਮਾਣੇਵਾਲ, ਸੁੱਧਾ ਮਾਜਰਾ ਆਦਿ ਕਈ ਪਿੰਡਾਂ ’ਚ ਸ਼ਿਵਾਲਿਕ ਦੀਆਂ ਪਹਾਡ਼ੀਆਂ ’ਚੋਂ ਆਉਂਦੀਆਂ ਬਰਸਾਤੀ ਖੱਡਾਂ ਦਾ ਪਾਣੀ ਘਰਾਂ ’ਚ ਦਾਖਿਲ ਹੋ ਗਿਆ। ਜਿਸ ਨਾਲ ਲੋਕਾਂ ਦਾ ਘਰਾਂ ’ਚ ਪਿਆ ਸਾਮਾਨ ਬਰਬਾਦ ਹੋ ਗਿਆ।

ਕੰਧਾਂ ਡਿਗੀਆਂ

ਪਤਾ ਲੱਗਾ ਹੈ ਕਿ ਪਿੰਡ ਗੋਲੂਮਾਜਰਾ ’ਚ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਕਰੀਬ 40 ਫੁੱਟ ਦੀਵਾਰ ਭਾਰੀ ਮੀਂਹ ਕਾਰਣ ਡਿੱਗ ਗਈ ਹੈ। ਜਿਸ ਨਾਲ ਮੰਦਰ ਨੂੰ ਵੀ ਖਤਰਾ ਹੈ। ਇਸੇ ਤਰ੍ਹਾਂ ਪਿੰਡ ਮਾਜਰਾ ਜੱਟਾਂ ’ਚ ਵੀ ਇਕ ਘਰ ਦੀ ਚਾਰਦੀਵਾਰੀ ਡਿੱਗ ਗਈ।

ਭੋਲੇਵਾਲ ਦੀ ਦਾਣਾ ਮੰਡੀ ’ਚ ਮਲਬਾ ਹੋਇਆ ਜਮ੍ਹਾ

ਪਿੰਡ ਭੋਲੇਵਾਲ ਵਿਖੇ ਬਰਸਾਤੀ ਖੱਡ ’ਚ ਜੰਗਲ ਵੱਲੋਂ ਭਾਰੀ ਮਾਤਰਾ ’ਚ ਆਇਆ ਮਲਬਾ ਜਿੱਥੇ ਦਾਣਾ ਮੰਡੀ ਜਮ੍ਹਾ ਹੋ ਗਿਆ ਉੱਥੇ ਹੀ ਭੋਲੇਵਾਲ ’ਚ ਡਿਸਪੈਂਸਰੀਆਂ, ਸ਼ੈਲਰ ਅਤੇ ਦਾਣਾ ਮੰਡੀ ਨੂੰ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ।

ਹਾਈਵੇ ਦੇ ਉੱਚਾ ਹੋਣ ਨਾਲ ਪਿੰਡਾਂ ’ਚ ਭਰਿਆ ਪਾਣੀ

ਹਾਈਵੇ ਨੂੰ ਚੌਡ਼ਾ ਕਰਦੇ ਸਮੇਂ ਨਿਰਮਾਣ ਕੰਪਨੀ ਵੱਲੋਂ ਸਡ਼ਕ ਦਾ ਲੈਵਲ ਜ਼ਰੂਰਤ ਤੋਂ ਉੱਚਾ ਕੀਤੇ ਜਾਣ ਨਾਲ ਕਈ ਪਿੰਡਾਂ ਦੇ ਛੱਪਡ਼ ਪੂਰ ਦਿੱਤੇ ਗਏ ਅਤੇ ਦੂਜਾ ਬਰਸਾਤੀ ਪਾਣੀ ਪਿੰਡਾਂ ’ਚ ਹੀ ਜਮ੍ਹਾ ਹੋ ਗਿਆ ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਡਰੇਨ ਹੋਈ ਬੰਦ

ਮੰਡ ਖੇਤਰ ’ਚ ਸੇਮ ਅਤੇ ਫਾਲਤੂ ਪਾਣੀ ਨੂੰ ਕੰਟਰੋਲ ਰੱਖਣ ਲਈ ਜੋ ਡਰੇਨ ਕੱਢੀ ਗਈ ਸੀ ਉਸ ’ਤੇ ਕਈ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਕੇ ਉਸ ਨੂੰ ਪੂਰ ਕੇ ਖੇਤਾਂ ’ਚ ਮਿਲਾ ਲਿਆ ਜਿਸ ਕਾਰਣ ਬਰਸਾਤੀ ਪਾਣੀ ਖੇਤਾਂ ’ਚ ਹੀ ਭਰਿਆ ਹੋਇਆ ਹੈ। ਸੂਤਰਾਂ ਅਨੁਸਾਰ ਲੋਕਾਂ ਨੇ ਡਰੇਨ ਦੀ ਸਾਫ-ਸਫਾਈ ਅਤੇ ਉਸ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਨੂੰ ਲਿਖਤੀ ਬੇਨਤੀਆਂ ਵੀ ਕੀਤੀਆਂ ਪਰ ਕੋਈ ਹੱਲ ਨਾ ਹੋ ਸਕਿਆ।

ਬਿਜਲੀ ਸਪਲਾਈ ਠੱਪ

ਭਾਰੀ ਮੀਂਹ ਕਾਰਣ ਬੀਤੇ ਦਿਨਾਂ ਤੋਂ ਹਲਕੇ ਦੇ ਕਈ ਪਿੰਡਾਂ ’ਚ ਬਿਜਲੀ ਸਪਲਾਈ ਠੱਪ ਪਈ ਹੈ ਜਿਸ ਕਰ ਕੇ ਲੋਕਾਂ ਨੂੰ ਰਾਤ ਸਮੇਂ ਤਾਂ ਪ੍ਰੇਸ਼ਾਨੀ ਹੋ ਰਹੀ ਹੈ ਨਾਲ ਹੀ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਪੈਦਾ ਹੋ ਗਈ ਹੈ।


Bharat Thapa

Content Editor

Related News