ਟੈਂਡਰਾਂ ’ਚ ਇੰਨੇ ਫ਼ੀਸਦੀ ਡਿਸਕਾਊਂਟ ਦੇ ਕੇ ਨਵੀਆਂ ਸੜਕਾਂ ਕਿਵੇਂ ਬਣਾਉਣਗੇ ਨਿਗਮ ਦੇ ਠੇਕੇਦਾਰ, ਸਮਝ ਤੋਂ ਪਰ੍ਹੇ
Saturday, Jun 10, 2023 - 12:25 PM (IST)
ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਜਲੰਧਰ ਨਗਰ ਨਿਗਮ ਵਿਚ ਭ੍ਰਿਸ਼ਟਾਚਾਰ ਘਟਣ ਦਾ ਨਾਂ ਨਹੀਂ ਲੈ ਰਿਹਾ ਅਤੇ ਵਿਕਾਸ ਕਾਰਜਾਂ ਦੇ ਬਦਲੇ ਕਮੀਸ਼ਨਖੋਰੀ ਦੀ ਖੇਡ ਲਗਾਤਾਰ ਜਾਰੀ ਹੈ। ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਚਕਾਰ ਉਂਝ ਤਾਂ ਪਿਛਲੇ ਲੰਮੇ ਸਮੇਂ ਤੋਂ ਨੈਕਸਸ ਬਣਿਆ ਹੋਇਆ ਹੈ ਪਰ ਕਿਸੇ ਵੀ ਸਰਕਾਰ ਤੋਂ ਇਹ ਨੈਕਸਸ ਟੁੱਟਣ ਦਾ ਨਾਂ ਨਹੀਂ ਲੈ ਰਿਹਾ। ਪਿਛਲੀ ਕਾਂਗਰਸ ਸਰਕਾਰ ਦੌਰਾਨ ਇਹ ਨੈਕਸਸ ਬਹੁਤ ਮਜ਼ਬੂਤ ਹੋ ਗਿਆ ਸੀ, ਜਿਸ ਤਹਿਤ ਠੇਕੇਦਾਰਾਂ ਨੇ ਨਿਗਮ ਦੇ ਰੈਵੇਨਿਊ ਨੂੰ ਖੂਬ ਲੁੱਟਿਆ ਅਤੇ ਨਿਗਮ ਅਧਿਕਾਰੀਆਂ ਨੂੰ ਕਮੀਸ਼ਨ ਦੇ ਕੇ ਮਨਮਰਜ਼ੀ ਨਾਲ ਵਿਕਾਸ ਕਾਰਜ ਕੀਤੇ। ਕਾਂਗਰਸ ਦੀ ਸਰਕਾਰ ਦੌਰਾਨ ਇੰਨੀ ਲੁੱਟ ਮਚੀ ਹੋਈ ਸੀ ਕਿ ਕਿਸੇ ਠੇਕੇਦਾਰ ਦੇ ਕੰਮ ਦੀ ਜਾਂਚ ਨਹੀਂ ਹੋਈ ਅਤੇ ਨਾ ਹੀ ਕੋਈ ਸੈਂਪਲ ਭਰਿਆ ਗਿਆ। ਕਿਸੇ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਹਿੰਮਤ ਨਹੀਂ ਜੁਟਾਈ ਗਈ ਅਤੇ ਠੇਕੇਦਾਰਾਂ ਨੂੰ ਉਨ੍ਹਾਂ ਦੇ ਕੰਮ ਦੀ ਪੂਰੀ-ਪੂਰੀ ਪੇਮੈਂਟ ਵੀ ਤੁਰੰਤ ਕਰ ਦਿੱਤੀ ਗਈ।
ਕਾਂਗਰਸ ਦੀ ਸਰਕਾਰ ਵਾਲਾ ਸਿਲਸਿਲਾ ਹੀ ਅੱਜ ਵੀ ਵਿਖਾਈ ਦੇ ਰਿਹਾ ਹੈ। ਜਲੰਧਰ ਨਿਗਮ ਦੇ ਠੇਕੇਦਾਰਾਂ ਨੂੰ ਕੁਆਲਿਟੀ ਕੰਟਰੋਲ ਜਾਂ ਇਸ ਸਬੰਧ ਵਿਚ ਹੋਣ ਵਾਲੀ ਚੈਕਿੰਗ ਦਾ ਰੱਤੀ ਭਰ ਵੀ ਡਰ ਨਹੀਂ ਹੈ। ਇਸੇ ਕਾਰਨ ਸੜਕ ਦੇ ਨਿਰਮਾਣ ਕਾਰਜਾਂ ਵਿਚ 40-40 ਫੀਸਦੀ ਡਿਸਕਾਊਂਟ ਦੇ ਕੇ ਟੈਂਡਰ ਲਏ ਜਾ ਰਹੇ ਹਨ। ਇਕ ਠੇਕੇਦਾਰ ਨੇ 45 ਲੱਖ ਰੁਪਏ ਦੀਆਂ ਸੜਕਾਂ ਨੂੰ ਬਣਾਉਣ ਦਾ ਕੰਮ 26.55 ਲੱਖ ਵਿਚ ਕਰਨ ਦੀ ਹਾਮੀ ਭਰੀ ਹੈ, ਜੋ ਸਮਝ ਤੋਂ ਪਰ੍ਹੇ ਹੈ।
ਇਹ ਵੀ ਪੜ੍ਹੋ- ਗਰਮੀਆਂ 'ਚ ਇਨ੍ਹਾਂ ਲੋਕਾਂ ਨੂੰ ਵਧੇਰੇ ਹੁੰਦੈ ਡੀਹਾਈਡ੍ਰੇਸ਼ਨ ਦਾ ਖ਼ਤਰਾ, ਜਾਣੋ ਦਿਨ 'ਚ ਕਿੰਨੇ ਲਿਟਰ ਪਾਣੀ ਪੀਣਾ ਜ਼ਰੂਰੀ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ 28 ਕਰੋੜ ਰੁਪਏ ਦੀ ਗਰਾਂਟ ਵਿਚੋਂ ਨਿਗਮ ਨੇ ਅਜੇ 2 ਪੜਾਵਾਂ ਵਿਚ ਟੈਂਡਰ ਕੱਢੇ ਹਨ, ਜਿਨ੍ਹਾਂ ਦਾ ਡਿਸਕਾਊਂਟ ਆਫਰ ਦੇਖ ਕੇ ਹੀ ਨਿਗਮ ਅਧਿਕਾਰੀਆਂ ਦੇ ਪਸੀਨੇ ਛੁੱਟ ਰਹੇ ਹਨ ਕਿ 40-40 ਫ਼ੀਸਦੀ ਡਿਸਕਾਊਂਟ ਦੇ ਕੇ ਨਿਗਮ ਦੇ ਠੇਕੇਦਾਰ ਸ਼ਹਿਰ ਦੀਆਂ ਸੜਕਾਂ ਨੂੰ ਕਿਵੇਂ ਬਣਾਉਣਗੇ। ਗੱਲ ਇਹ ਵੀ ਹੈ ਕਿ ਜਿਥੇ ਠੇਕੇਦਾਰ ਇੰਨਾ ਡਿਸਕਾਊਂਟ ਨਹੀਂ ਦਿੰਦੇ ਤਾਂ ਕੀ ਉਨ੍ਹਾਂ ਦਾ ਪ੍ਰਾਫਿਟ ਇੰਨਾ ਜ਼ਿਆਦਾ ਹੁੰਦਾ ਹੈ।
ਇਨ੍ਹਾਂ ਟੈਂਡਰਾਂ ’ਚ ਆਇਆ ਸਭ ਤੋਂ ਵੱਧ ਡਿਸਕਾਊਂਟ
-ਦਸਮੇਸ਼ ਨਗਰ ’ਚ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ : 41.00 ਫ਼ੀਸਦੀ
-ਨਿਊ ਰਸੀਲਾ ਨਗਰ ’ਚ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ : 40 ਫ਼ੀਸਦੀ
-ਜੈਨਾ ਨਗਰ ’ਚ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ : 39.39 ਫ਼ੀਸਦੀ
-ਵਿਜੇ ਨਗਰ ’ਚ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ : 39.11 ਫ਼ੀਸਦੀ
-ਸੰਸਾਰਪੁਰ ਅਤੇ ਸੋਫੀ ਪਿੰਡ ’ਚ ਇੰਟਰਲਾਕਿੰਗ ਟਾਈਲਾਂ ਨਾਲ ਸੜਕਾਂ ਦਾ ਨਿਰਮਾਣ : 38.99 ਫ਼ੀਸਦੀ
-ਕਬੀਰ ਵਿਹਾਰ ਬੈਂਕ ਕਾਲੋਨੀ ਵਿਚ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ : 37.89 ਫ਼ੀਸਦੀ
-ਇਸਲਾਮਗੰਜ ਵਿਚ ਸੀਮੈਂਟ ਦੀਆਂ ਸੜਕਾਂ ਦਾ ਨਿਰਮਾਣ : 37.89 ਫ਼ੀਸਦੀ
-ਸ਼ਹਿਨਾਈ ਪੈਲੇਸ ਦੇ ਨੇੜੇ ਸੀਮੈਂਟ ਦੀਆਂ ਸੜਕਾਂ ਦਾ ਨਿਰਮਾਣ : 37.89 ਫ਼ੀਸਦੀ
-ਗੁਰੂ ਨਾਨਕਪੁਰਾ ਏਕਤਾ ਨਗਰ ’ਚ ਇੰਟਰਲਾਕਿੰਗ ਟਾਈਲਾਂ ਨਾਲ ਸੜਕ ਦਾ ਨਿਰਮਾਣ : 38 ਫੀਸਦੀ
-ਆਦਰਸ਼ ਨਗਰ ਪਾਰਟ-1 ਵਿਚ ਫੁੱਟਪਾਥ ਦਾ ਨਿਰਮਾਣ : 37.89
-ਗਦਾਈਪੁਰ ਵਿਚ ਗੁਰਦੁਆਰੇ ਦੇ ਨੇੜੇ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ : 37.89 ਫ਼ੀਸਦੀ
-ਲੰਮਾ ਪਿੰਡ ਵਿਚ ਸੀ. ਸੀ. ਫਲੋਰਿੰਗ ਸੜਕਾਂ ਦਾ ਨਿਰਮਾਣ : 37.89 ਫ਼ੀਸਦੀ
-ਕਿਸ਼ਨਪੁਰਾ ਵਿਚ ਸੀ. ਸੀ. ਫਲੋਰਿੰਗ ਦੀਆਂ ਗਲੀਆਂ ਦਾ ਨਿਰਮਾਣ : 37.89 ਫ਼ੀਸਦੀ
-ਸੰਤ ਨਗਰ ’ਚ ਇੰਟਰਲਾਕਿੰਗ ਟਾਈਲਾਂ ਨਾਲ ਸੜਕ ਦਾ ਨਿਰਮਾਣ : 38.39 ਫ਼ੀਸਦੀ
ਇਹ ਵੀ ਪੜ੍ਹੋ-ਬਨੂੜ ਵਿਖੇ ਮਨੀਪੁਰ ਤੋਂ ਪੜ੍ਹਨ ਆਏ ਵਿਦਿਆਰਥੀ ਨੇ ਦੇਰ ਰਾਤ ਚੁੱਕਿਆ ਖ਼ੌਫ਼ਨਾਕ ਕਦਮ
12 ਫ਼ੀਸਦੀ ਖ਼ਰਚੇ ਅਤੇ 13 ਫ਼ੀਸਦੀ ਕਮੀਸ਼ਨ ਵੀ ਇਸ ਤੋਂ ਬਾਅਦ ਦੇਣੀ ਹੋਵੇਗੀ
ਜਿਹੜੇ ਠੇਕੇਦਾਰਾਂ ਨੇ ਟੈਂਡਰਾਂ ਵਿਚ 40 ਫ਼ੀਸਦੀ ਜਾਂ ਇਸ ਦੇ ਨੇੜੇ-ਤੇੜੇ ਡਿਸਕਾਊਂਟ ਦਿੱਤਾ ਹੈ, ਉਨ੍ਹਾਂ ਨੂੰ ਕੰਮ ਪੂਰਾ ਕਰਨ ਲਈ ਸਿਰਫ਼ 35 ਫ਼ੀਸਦੀ ਰਕਮ ਹੀ ਮਿਲ ਸਕੇਗੀ ਕਿਉਂਕਿ 12 ਫ਼ੀਸਦੀ ਜ਼ਰੂਰੀ ਖ਼ਰਚੇ ਅਤੇ 13 ਫ਼ੀਸਦੀ ਕਮੀਸ਼ਨ ਉਨ੍ਹਾਂ ਨੂੰ ਵੀ ਦੇਣੀ ਹੀ ਹੋਵੇਗੀ।
ਜ਼ਿਕਰਯੋਗ ਹੈ ਕਿ ਹਰ ਠੇਕੇਦਾਰ ਨੂੰ ਟੈਂਡਰ ਲੈਣ ਦੇ ਬਦਲੇ 5 ਫ਼ੀਸਦੀ ਸਕਿਓਰਿਟੀ ਮਨੀ, 2 ਫ਼ੀਸਦੀ ਇਨਕਮ ਟੈਕਸ, 2 ਫ਼ੀਸਦੀ ਜੀ. ਐੱਸ. ਟੀ., 1 ਫੀਸਦੀ ਲੇਬਰ ਸੈੱਸ ਦੇਣਾ ਪੈਂਦਾ ਹੈ ਅਤੇ ਮਾਲ ਦੀ ਖਰੀਦ ’ਤੇ ਉਨ੍ਹਾਂ ਨੇ ਵੱਖ ਤੋਂ ਜੀ. ਐੱਸ. ਟੀ. ਅਦਾ ਕਰਨਾ ਹੁੰਦਾ ਹੈ।
ਕੁੱਲ ਮਿਲਾ ਕੇ 12 ਫ਼ੀਸਦੀ ਖ਼ਰਚ ਠੇਕੇਦਾਰ ਨੂੰ ਪੈ ਹੀ ਜਾਂਦਾ ਹੈ। ਟੈਂਡਰ ਲੈਣ ਤੋਂ ਲੈ ਕੇ ਬਿੱਲ ਬਣਨ ਅਤੇ ਚੈੱਕ ਮਿਲਣ ਤਕ ਠੇਕੇਦਾਰ ਨੂੰ ਲਗਭਗ 13 ਫੀਸਦੀ ਕਮੀਸ਼ਨ ਦੇਣੀ ਪੈਂਦੀ ਹੈ। ਕੁੱਲ ਮਿਲਾ ਕੇ 65 ਫ਼ੀਸਦੀ ਕਟੌਤੀ ਤੋਂ ਬਾਅਦ ਠੇਕੇਦਾਰ ਨੇ ਮੌਕੇ ’ਤੇ ਕੰਮ ਵੀ ਪੂਰਾ ਕਰਨਾ ਹੈ, ਲੇਬਰ ਨੂੰ ਪੈਸੇ ਦੇਣੇ ਹੁੰਦੇ ਹਨ ਅਤੇ ਮਟੀਰੀਅਲ ਵੀ ਖਰੀਦਣਾ ਹੁੰਦਾ ਹੈ, ਇਹ ਸਭ ਕਾਫ਼ੀ ਹੈਰਾਨੀਜਨਕ ਲੱਗਦਾ ਹੈ।
ਜਾਂ ਤਾਂ ਐਸਟੀਮੇਟ ਗਲਤ ਜਾਂ ਮੌਕੇ ’ਤੇ ਕੰਮ ਨਹੀਂ ਹੋਵੇਗਾ
ਕੁਝ ਠੇਕੇਦਾਰ ਜੇਕਰ 10 ਲੱਖ ਰੁਪਏ ਦਾ ਕੰਮ ਸਿਰਫ਼ 6 ਲੱਖ ਵਿਚ ਕਰਨ ਨੂੰ ਰਾਜ਼ੀ ਹੁੰਦਾ ਹੈ ਤਾਂ ਉਸ ਤੋਂ ਸਪੱਸ਼ਟ ਹੈ ਕਿ ਨਿਗਮ ਅਧਿਕਾਰੀਆਂ ਵੱਲੋਂ ਬਣਾਇਆ ਗਿਆ ਐਸਟੀਮੇਟ ਜਾਂ ਤਾਂ ਗਲਤ ਹੈ ਜਾਂ ਮੌਕੇ ’ਤੇ ਕੰਮ ਸਹੀ ਨਹੀਂ ਹੋਵੇਗਾ।
ਜਲੰਧਰ ਨਿਗਮ ਵਿਚ ਤਾਂ ਠੇਕੇਦਾਰ 10 ਲੱਖ ਰੁਪਏ ਦਾ ਕੰਮ ਸਿਰਫ਼ 3.50 ਲੱਖ ਵਿਚ ਕਰਨ ਨੂੰ ਰਾਜ਼ੀ ਹਨ, ਜਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਨਾ ਕਿਸੇ ਚੈਕਿੰਗ ਦਾ ਡਰ ਹੈ ਅਤੇ ਨਾ ਹੀ ਸੈਂਪਲ ਭਰਨ ਦੀ ਨੌਬਤ ਆਵੇਗੀ। ਪਤਾ ਲੱਗਾ ਹੈ ਕਿ ਨਿਗਮ ਦੇ ਅਧਿਕਾਰੀ ਵੀ ਇਸ ਸਥਿਤੀ ’ਤੇ ਵਿਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ- ਮਲੋਟ 'ਚ ਵੱਡੀ ਵਾਰਦਾਤ, ਤੜਕਸਾਰ ਡਾਕਟਰ ਦਾ ਬੇਰਹਿਮੀ ਨਾਲ ਕਤਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani