ਘਰ ''ਚ ਬਣੇ ਗੋਦਾਮ ਨੂੰ ਲੱਗੀ ਅੱਗ, ਨਕਦੀ ਅਤੇ ਲੱਖਾਂ ਦਾ ਸਾਮਾਨ ਸੜਿਆ

02/25/2020 5:46:13 PM

ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ)— ਬੰਗਾ ਦੇ ਮੁਹੱਲਾ ਤੁੰਗਲਗੇਟ ਵਿਖੇ ਇਕ ਘਰ 'ਚ ਬਣੇ ਕਾਸਮੈਟਿਕ ਦੇ ਗੋਦਾਮ ਨੂੰ ਅਚਾਨਕ ਅੱਗ ਲੱਗਣ ਨਾਲ ਘਰ ਵਿਚ ਪਏ ਘਰੇਲੂ ਸਾਮਾਨ ਸਮੇਤ, 50 ਹਜ਼ਾਰ ਰੁਪਏ ਦੀ ਨਕਦੀ ਅਤੇ ਕਾਸਮੈਟਿਕ ਦਾ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।

PunjabKesari

ਜਾਣਕਾਰੀ ਦਿੰਦੇ ਰਾਜੀਵ ਸੋਨੀ ਪੁੱਤਰ ਜੈਪਾਲ ਸੋਨੀ ਨੇ ਦੱਸਿਆ ਕਿ ਉਹ ਵੱਡੇ ਸ਼ਹਿਰ ਤੋਂ ਹੋਲਸੇਲ ਰੇਟ 'ਤੇ ਇਕੱਠਾ ਕਾਸਮੈਟਿਕ ਦਾ ਸਾਮਾਨ ਖਰੀਦ ਕੇ ਆਪਣੇ ਘਰ ਜਮ੍ਹਾ ਕਰ ਲੈਂਦਾ ਸੀ ਅਤੇ ਬਾਅਦ ਵਿਚ ਉਹ ਉਕਤ ਸਾਮਾਨ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ 'ਤੇ ਸਪਲਾਈ ਕਰ ਦਿੰਦਾ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਅੰਦਾਜ਼ਨ ਡੇਢ ਲੱਖ ਦੇ ਕਰੀਬ ਦਾ ਸਾਮਾਨ ਲਿਆਂਦਾ ਸੀ ਅਤੇ ਉਹ ਆਰਡਰ ਬੁੱਕ ਕਰਨ ਉਪਰੰਤ ਸਪਲਾਈ ਦੇਣੀ ਸੀ। ਉਹ ਆਪਣੇ ਘਰੇਲੂ ਕੰਮ ਲਈ ਬੀਤੇ ਦਿਨ ਚੰਡੀਗੜ੍ਹ ਜਾ ਰਿਹਾ ਸੀ। ਉਸ ਦੀ ਪਤਨੀ ਬੰਗਾ ਸਥਿਤ ਆਪਣੇ ਮਾਤਾ-ਪਿਤਾ ਦੇ ਘਰ ਚਲੀ ਗਈ ਸੀ ਅਤੇ ਬੱਚੇ ਸਕੂਲ ਗਏ ਹੋਏ ਸਨ। ਉਨ੍ਹਾਂ ਨੂੰ ਉਨ੍ਹਾਂ ਦੇ ਗੁਆਂਢ ਰਹਿੰਦੇ ਇਕ ਗੁਆਂਢੀ ਦਾ ਫੋਨ ਆਇਆ ਅਤੇ ਉਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਘਰ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ ਅਤੇ ਲੱਗਦਾ ਹੈ ਅੱਗ ਲੱਗੀ ਹੋਈ ਹੈ।

ਉਹ ਸੂਚਨਾ ਮਿਲਦੇ ਹੀ ਬੱਸ ਰੋਕ ਹੇਠਾਂ ਉੱਤਰ ਆਏ ਅਤੇ ਵਾਪਸ ਆਪਣੇ ਘਰ ਨੂੰ ਚੱਲ ਪਏ ਅਤੇ ਉਨ੍ਹਾਂ ਦੇ ਗੁਆਂਢੀਆਂ ਨੇ ਵਧਦੇ ਧੂੰਏਂ ਨੂੰ ਵੇਖ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਘਰ ਦੇ ਬਾਹਰ ਲੱਗੇ ਗੇਟ ਦਾ ਤਾਲਾ ਤੋੜ ਜਦੋਂ ਅੰਦਰ ਵੇਖਿਆ ਤਾਂ ਅੰਦਰ ਅੱਗ ਫੈਲ ਚੁੱਕੀ ਸੀ ਅਤੇ ਘਰ ਦਾ ਸਾਮਾਨ ਅਤੇ ਕਾਸਮੈਟਿਕ ਦਾ ਸਾਮਾਨ ਬੁਰੀ ਤਰ੍ਹਾਂ ਨਾਲ ਸੜ ਚੁੱਕੇ ਸਨ। ਉਕਤ ਲੱਗੀ ਅੱਗ ਨਾਲ ਉਨ੍ਹਾਂ ਦਾ ਅੰਦਾਜ਼ਨ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਇਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਵੇਂ ਅਤੇ ਕਿੰਝ ਲੱਗੀ।


shivani attri

Content Editor

Related News