ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਚਚੇਰਾ ਭਰਾ ਜ਼ਖ਼ਮੀ
Sunday, Nov 22, 2026 - 08:04 PM (IST)
ਨੂਰਪੁਰਬੇਦੀ (ਭੰਡਾਰੀ)-ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਬੜੀਵਾਲ ਲਾਗੇ ਸਥਿਤ ਬ੍ਰਿਟਿਸ਼ ਕੋਲੰਬੀਆ ਸਕੂਲ ਦੇ ਨੇੜੇ ਬੀਤੀ ਰਾਤ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਚਚੇਰਾ ਭਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਚੰਡੀਗੜ੍ਹ ਸਥਿਤ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ ਹੈ। ਹਾਦਸਾ ਇਕ ਤੇਜ਼ ਰਫ਼ਤਾਰ ਕਾਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਪੁਲਸ ਨੇ ਫਰਾਰ ਹੋਏ ਕਾਰ ਚਾਲਕ ਦੀ ਪਛਾਣ ਕਰਦਿਆਂ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ 10 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ Alert! ਮੌਸਮ ਵਿਭਾਗ ਨੇ ਕੀਤੀ 5 ਦਿਨਾਂ ਲਈ ਵੱਡੀ ਭਵਿੱਖਬਾਣੀ
ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਪ੍ਰਦੀਪ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਿਆਨ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਸਤਾਬਗੜ੍ਹ, ਥਾਣਾ ਮਾਛੀਵਾੜਾ, ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਹ ਆਪਣੇ ਭਤੀਜੇ ਜੀਤ ਸਿੰਘ (21) ਪੁੱਤਰ ਸ਼ਾਮ ਸਿੰਘ ਅਤੇ ਗੁਰਦਿੱਤ ਸਿੰਘ (21) ਪੁੱਤਰ ਅਵਤਾਰ ਸਿੰਘ ਨਾਲ 21 ਨਵੰਬਰ ਨੂੰ ਪਿੰਡ ਕਾਹਨਪੁਰ ਖੂਹੀ ਵਿਖੇ ਪਸ਼ੂ ਵੇਖਣ ਆਏ ਸਨ। ਉਪਰੰਤ ਉਹ ਰੂਪਨਗਰ ਵੱਲ ਜਾ ਰਹੇ ਸਨ। ਇਸ ਦੌਰਾਨ ਗਿਆਨ ਸਿੰਘ ਆਪਣੇ ਮੋਟਰਸਾਈਕਲ ’ਤੇ ਅੱਗੇ ਜਾ ਰਿਹਾ ਸੀ, ਜਦਕਿ ਉਸ ਦੇ ਭਤੀਜੇ ਜੀਤ ਸਿੰਘ ਅਤੇ ਗੁਰਦਿੱਤ ਸਿੰਘ ਮੋਟਰਸਾਈਕਲ ’ਤੇ ਉਸ ਦੇ ਪਿੱਛੇ ਆ ਰਹੇ ਸਨ।
ਰਾਤ ਕਰੀਬ 9:20 ਵਜੇ ਜਦੋਂ ਉਹ ਪਿੰਡ ਬੜੀਵਾਲ ਵਿਖੇ ਬ੍ਰਿਟਿਸ਼ ਕੋਲੰਬੀਆ ਸਕੂਲ ਨੇੜੇ ਪੁੱਜੇ ਤਾਂ ਨੂਰਪੁਰਬੇਦੀ ਵਾਲੇ ਪਾਸਿਓਂ ਆ ਰਹੀ ਇਕ ਚਿੱਟੇ ਰੰਗ ਦੀ ਆਈ-20 ਕਾਰ ਦੇ ਚਾਲਕ ਨੇ ਕਥਿਤ ਤੌਰ ’ਤੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਕਾਰ ਚਲਾਉਂਦਿਆਂ ਅੱਗੇ ਜਾ ਰਹੇ ਵਾਹਨ ਨੂੰ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਪਿੱਛੇ ਆ ਰਹੇ ਉਨ੍ਹਾਂ ਦੇ ਭਤੀਜੇ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਨੌਜਵਾਨ ਸੜਕ ’ਤੇ ਜਾ ਡਿੱਗੇ ਅਤੇ ਕਾਰ ਜੀਤ ਸਿੰਘ ਉੱਪਰੋਂ ਲੰਘ ਗਈ। ਇਸ ਹਾਦਸੇ ਵਿਚ ਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੁਰਦਿੱਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ: ਸੇਵਾ ਤੇ ਵੰਡ ਛਕਣ ਦਾ ਰੂਹਾਨੀ ਸੁਨੇਹਾ ਦਿੰਦੀ ਹੈ Pinkoo TV ਦੀ ਨਵੀਂ ਵੀਡੀਓ 'ਗੁਰੂ ਕਾ ਲੰਗਰ'
ਸ਼ਿਕਾਇਤ ਕਰਤਾ ਮੁਤਾਬਕ ਹਾਦਸੇ ਤੋਂ ਬਾਅਦ ਕਾਰ ਚਾਲਕ ਨੇ ਕੁਝ ਦੂਰੀ ’ਤੇ ਕਾਰ ਰੋਕੀ ਅਤੇ ਮੌਕੇ ’ਤੇ ਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਝੱਜ, ਥਾਣਾ ਨੂਰਪੁਰਬੇਦੀ ਵਜੋਂ ਦੱਸੀ। ਇਸ ਦੌਰਾਨ ਮੌਕੇ ਲੋਕਾਂ ਦੀ ਭੀੜ ਇਕੱਠੀ ਹੋਣ ਦਾ ਫਾਇਦਾ ਉਠਾਉਂਦਿਆਂ ਕਾਰ ਚਾਲਕ ਆਪਣੀ ਕਾਰ ਛੱਡ ਕੇ ਉੱਥੋਂ ਚਲਾ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਨੂਰਪੁਰਬੇਦੀ ਪੁਲਸ ਦੀ ਟੀਮ ਮੌਕੇ ਪੁੱਜੀ ਜਿਸ ਵੱਲੋਂ ਮ੍ਰਿਤਕ ਜੀਤ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾਘਰ ਵਿਚ ਰਖਵਾਇਆ ਗਿਆ, ਜਦਕਿ ਜ਼ਖ਼ਮੀ ਗੁਰਦਿੱਤ ਸਿੰਘ ਨੂੰ ਇਲਾਜ ਲਈ ਸੀ.ਐੱਚ.ਸੀ. ਸਿੰਘਪੁਰ ਲਿਜਾਇਆ ਗਿਆ। ਉਪਰੰਤ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਜੀ. ਐੱਮ. ਸੀ. ਐੱਚ. ਸੈਕਟਰ-32, ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਉਸ ਨੂੰ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਇਲਾਜ ਲਈ ਭੇਜਿਆ ਗਿਆ। ਇਸ ਮਾਮਲੇ ਸਬੰਧੀ ਗਿਆਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਨੂਰਪੁਰਬੇਦੀ ਦੀ ਪੁਲਸ ਨੇ ਕਾਰ ਦੇ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਝੱਜ, ਥਾਣਾ ਨੂਰਪੁਰਬੇਦੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਅਤੇ ਮਾਮਲੇ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਅੰਤਿਮ ਸੰਸਕਾਰ ਮਗਰੋਂ ਪਰਤੇ ਵਾਪਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
