ਪੰਜਾਬ ਦੀ ਧੀ ਪਰਵਿੰਦਰ ਕੌਰ ਨੇ AUS ਸੰਸਦ 'ਚ ਸੁਣਾਇਆ ਗੁਰੂ ਨਾਨਕ ਦੇਵ ਜੀ ਦਾ 'ਸੰਦੇਸ਼', ਵੀਡੀਓ ਵਾਇਰਲ
Sunday, Nov 15, 2026 - 03:55 PM (IST)
ਇੰਟਰਨੈਸ਼ਨਲ ਡੈਸਕ: ਆਸਟ੍ਰੇਲੀਆਈ ਸੰਸਦ ਵਿੱਚ ਚੁਣੀ ਗਈ ਪਹਿਲੀ ਸਿੱਖ ਔਰਤ ਅਤੇ ਪੱਛਮੀ ਆਸਟ੍ਰੇਲੀਆ ਦੀ 42ਵੀਂ ਲੈਜਿਸਲੇਟਿਵ ਕੌਂਸਲ ਦੀ ਮੈਂਬਰ ਤੇ ਕਮੇਟੀਆਂ ਦੀ ਡਿਪਟੀ ਚੇਅਰ, ਪੰਜਾਬ ਦੀ ਧੀ ਡਾ. ਪਰਵਿੰਦਰ ਕੌਰ ਇੱਕ ਵਾਰ ਫਿਰ ਤੋਂ ਵੱਡੀ ਚਰਚਾ ਵਿੱਚ ਹੈ। ਡਾ. ਪਰਵਿੰਦਰ ਕੌਰ ਨੇ ਪੱਛਮੀ ਆਸਟ੍ਰੇਲੀਆਈ ਸੰਸਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀਆਂ ਖ਼ੁਸ਼ੀਆਂ ਮਨਾਉਣ ਦੌਰਾਨ ਸੰਸਦ ਨੂੰ ਸੰਬੋਧਨ ਕਰਦਿਆਂ ਸਿੱਖ ਧਰਮ ਦੇ ਸਦੀਆਂ ਪੁਰਾਣੇ ਲੰਗਰ ਦੀ ਪ੍ਰਥਾ ਅਤੇ ਗੁਰੂ ਜੀ ਦੇ ਬਰਾਬਰੀ, ਸਾਂਝੀਵਾਲਤਾ, ਵੰਡ ਛਕਣ ਤੇ ਸੇਵਾ ਦੇ ਸੰਦੇਸ਼ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਬਿਆਨ ਕੀਤਾ। ਉਨ੍ਹਾਂ ਦੇ ਇਸ ਸੰਬੋਧਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਪਰਥ ਸਥਿਤ ਪੱਛਮੀ ਆਸਟ੍ਰੇਲੀਆਈ ਸੰਸਦ ਵਿੱਚ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਡਾ. ਪਰਵਿੰਦਰ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਬਾਲ ਅਵਸਥਾ ਵਿੱਚ ਕੀਤੇ ਗਏ 'ਸੱਚਾ ਸੌਦਾ' ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਗੁਰੂ ਜੀ ਨੂੰ ਵਪਾਰ ਕਰਨ ਲਈ ਪੈਸੇ ਦਿੱਤੇ ਗਏ ਸਨ, ਤਾਂ ਉਨ੍ਹਾਂ ਨੇ ਵਪਾਰਕ ਸਾਮਾਨ ਖਰੀਦਣ ਦੀ ਬਜਾਏ ਉਹ ਸਾਰੀ ਰਕਮ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ 'ਤੇ ਖ਼ਰਚ ਕਰ ਦਿੱਤੀ ਸੀ। ਜਦੋਂ ਪਿਤਾ ਜੀ ਨੇ ਸਵਾਲ ਕੀਤਾ, ਤਾਂ ਗੁਰੂ ਜੀ ਨੇ ਮਾਨਵਤਾ ਦੀ ਸੇਵਾ ਨੂੰ ਕਮਾਈ ਨਾਲੋਂ ਵੱਡਾ ਨਿਵੇਸ਼ ਦੱਸਿਆ। ਉਨ੍ਹਾਂ ਦੱਸਿਆ ਕਿ ਇਹੀ ਭਾਵਨਾ ਅੱਜ 5 ਸਦੀਆਂ ਬਾਅਦ ਵੀ ਵਿਸ਼ਵ ਭਰ ਦੇ ਗੁਰਦੁਆਰਿਆਂ ਵਿੱਚ ਚੱਲ ਰਹੀ ਸੰਗਠਿਤ ਲੰਗਰ ਪ੍ਰਥਾ ਦੇ ਰੂਪ ਵਿੱਚ ਕਾਇਮ ਹੈ।
ਡਾ. ਪਰਵਿੰਦਰ ਕੌਰ ਨੇ ਸਮਝਾਇਆ ਕਿ ਲੰਗਰ ਸਿਰਫ਼ ਭੋਜਨ ਛਕਾਉਣਾ ਨਹੀਂ ਹੈ, ਸਗੋਂ ਇਹ ਜਾਤ-ਪਾਤ, ਧਰਮ, ਸਮਾਜਿਕ ਰੁਤਬੇ ਅਤੇ ਅਮੀਰੀ-ਗਰੀਬੀ ਦੇ ਭੇਦਭਾਵ ਨੂੰ ਚੁਣੌਤੀ ਦੇਣ ਲਈ ਸ਼ੁਰੂ ਕੀਤੀ ਗਈ ਇੱਕ ਮਹਾਨ ਪਰੰਪਰਾ ਹੈ। ਇਹ ਇੱਕ ਅਜਿਹਾ ਸਾਂਝਾ ਮੰਚ ਪ੍ਰਦਾਨ ਕਰਦਾ ਹੈ ਜਿੱਥੇ ਹਰ ਵਰਗ ਦੇ ਲੋਕ ਇੱਕੋ ਪੰਗਤ ਵਿੱਚ ਬੈਠ ਕੇ ਬਰਾਬਰੀ ਨਾਲ ਭੋਜਨ ਛਕਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਵੀ, ਜਦੋਂ ਸਮਾਜ ਵਿੱਚ ਵੱਖ-ਵੱਖ ਆਧਾਰਾਂ 'ਤੇ ਵੰਡੀਆਂ ਪੈ ਰਹੀਆਂ ਹਨ, ਇਹ ਸੰਦੇਸ਼ ਬਹੁਤ ਢੁਕਵਾਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖੀ ਦੇ 3 ਮੁੱਖ ਸਿਧਾਂਤਾਂ—'ਕਿਰਤ ਕਰੋ', 'ਵੰਡ ਛਕੋ' ਅਤੇ 'ਨਾਮ ਜਪੋ' ਦਾ ਜ਼ਿਕਰ ਵੀ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- 10 ਸਾਲ ਬਾਅਦ ਭਾਰਤ ਆ ਰਹੇ ਪ੍ਰਿੰਸ ਵਿਲੀਅਮ ਅਤੇ ਕੇਟ, 'ਅਰਥਸ਼ਾਟ ਪ੍ਰਾਈਜ਼' ਸਮਾਰੋਹ 'ਚ ਕਰਨਗੇ ਸ਼ਿਰਕਤ
ਉਨ੍ਹਾਂ ਦੱਸਿਆ ਕਿ ਪਰਥ ਦੇ ਕੈਨਿੰਗ ਵੇਲ ਅਤੇ ਬੈਨੇਟ ਸਪ੍ਰਿੰਗਜ਼ ਸਥਿਤ ਦੋ ਗੁਰਦੁਆਰਿਆਂ ਵਿੱਚ ਰੋਜ਼ਾਨਾ ਲੰਗਰ ਵਰਤਾਇਆ ਜਾਂਦਾ ਹੈ। ਸੰਸਦ ਭਵਨ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ , ਡਿਪਟੀ ਪ੍ਰੀਮੀਅਰ ਰੀਟਾ ਸਾਫੀਓਤੀ , ਮੰਤਰੀ ਜੈਸਿਕਾ ਸਟੋਜਕੋਵਸਕੀ , ਬੇਸਿਲ ਜ਼ੈਂਪਿਲਾਸ , ਪਰਥ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਬਪ੍ਰੀਤ ਸਿੰਘ, ਆਸਟ੍ਰੇਲੀਆਈ ਸਿੱਖ ਐਸੋਸੀਏਸ਼ਨ (ਕੈਨਿੰਗ ਵੇਲ) ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਹੋਰ ਆਗੂ ਸ਼ਾਮਲ ਹੋਏ। ਭਾਰਤੀ ਨੌਸੈਨਾ ਦੇ ਸੇਵਾਮੁਕਤ ਅਧਿਕਾਰੀ, ਲੇਖਕ ਤੇ ਫਿਲਮ ਨਿਰਮਾਤਾ ਹਰਿੰਦਰ ਐੱਸ. ਸਿੱਕਾ ਨੇ ਵੀ ਡਾ. ਪਰਵਿੰਦਰ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੱਛਮੀ ਜਗਤ ਨੂੰ ਸਿੱਖੀ ਦੇ ਬਰਾਬਰੀ, ਵੰਡ ਛਕਣ ਅਤੇ ਸੇਵਾ ਦੇ ਗਲੋਬਲ ਸੰਦੇਸ਼ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਮਝਾਇਆ ਹੈ।
ਨਵਾਂਸ਼ਹਿਰ ਤੋਂ ਆਸਟ੍ਰੇਲੀਆਈ ਸੰਸਦ ਤੱਕ ਦਾ ਸਫ਼ਰ
ਪੰਜਾਬ ਵਿੱਚ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਇੱਕ ਪਿੰਡ ਨਾਲ ਸਬੰਧਤ ਡਾ. ਪਰਵਿੰਦਰ ਕੌਰ ਇੱਕ ਪੁਰਸਕਾਰ ਜੇਤੂ ਵਿਗਿਆਨੀ ਅਤੇ ਬਾਇਓਟੈਕਨਾਲੋਜਿਸਟ ਹਨ, ਜਿਨ੍ਹਾਂ ਨੇ ਲੇਬਰ ਪਾਰਟੀ ਨਾਲ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ ਸੀ । ਉਨ੍ਹਾਂ ਨੂੰ 2013 ਵਿੱਚ 'ਆਸਟ੍ਰੇਲੀਅਨ ਅਕੈਡਮੀ ਆਫ਼ ਸਾਇੰਸਜ਼' ਵੱਲੋਂ 'ਸਾਇੰਸ ਐਂਡ ਇਨੋਵੇਸ਼ਨ ਐਵਾਰਡ' ਅਤੇ 2019 ਵਿੱਚ ਮਾਈਕ੍ਰੋਸਾਫ਼ਟ ਦਾ 'AI for Earth' ਐਵਾਰਡ ਮਿਲ ਚੁੱਕਾ ਹੈ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ ਮਹੀਨੇ ਵਿੱਚ ਵੀ ਉਨ੍ਹਾਂ ਨੇ ਪੱਛਮੀ ਆਸਟ੍ਰੇਲੀਆਈ ਸੰਸਦ ਵਿੱਚ ਨੰਗੇ ਪੈਰੀਂ, ਭਾਰਤੀ ਪਹਿਰਾਵੇ (ਜਿਸ 'ਤੇ 'ੴ' ਅਤੇ 'ਕੌਰ' ਉੱਕਰਿਆ ਹੋਇਆ ਸੀ) ਵਿੱਚ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ, ਜਿਸ ਦੀ ਦੁਨੀਆ ਭਰ ਵਿੱਚ ਕਾਫ਼ੀ ਚਰਚਾ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
