ਹਿਮਾਚਲ ਦੀ ਤਰਜ਼ ''ਤੇ ਪੰਜਾਬ ਤੇ ਹਰਿਆਣਾ ਸਰਕਾਰ ਵੀ ਘਟਾਵੇ ਟੂਰਿਸਟ ਵਾਹਨਾਂ ''ਤੇ ਲੱਗਾ ਟੈਕਸ
Thursday, Jun 28, 2018 - 03:57 PM (IST)

ਜਲੰਧਰ, (ਕਮਲੇਸ਼)—ਹਿਮਾਚਲ ਵਿਚ ਟੂਰਿਸਟ ਵਾਹਨਾਂ 'ਤੇ ਲੱਗੇ ਟੈਕਸ ਨੂੰ ਲੈ ਕੇ 26 ਸੂਬਿਆਂ ਦੇ ਟੂਰਿਸਟ ਟੈਕਸੀ ਯੂਨੀਅਨ ਦੇ ਪ੍ਰਧਾਨ ਅਤੇ ਜਨਰਲ ਸੈਕਟਰੀ ਨੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਟਰਾਂਸਪੋਰਟ ਮੰਤਰੀ ਗੋਵਿੰਦ ਠਾਕੁਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਬਿਨਾਂ ਉਨ੍ਹਾਂ ਦੀ ਸਹਿਮਤੀ ਦੇ ਕੋਈ ਟੈਕਸ ਨਹੀਂ ਵਧੇਗਾ ਅਤੇ ਇਸ ਲਈ ਹਿਮਾਚਲ ਸਰਕਾਰ ਇਕ ਵੈੱਬਸਾਈਟ ਬਣਾਏਗੀ, ਜਿਸ ਵਿਚ ਇਸ ਮੁੱਦਿਆਂ 'ਤੇ ਲੋਕਾਂ ਦੇ ਸੁਝਾਅ ਵੀ ਲਏ ਜਾਣਗੇ।
ਅੱਜ ਜਲੰਧਰ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਸੰਘਰਸ਼ ਕਮੇਟੀ ਦੇ ਮੈਂਬਰ ਅਤੇ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਹਿਮਾਚਲ ਦੀ ਤਰਜ਼ 'ਤੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਵੀ ਟੂਰਿਸਟ ਗੱਡੀਆਂ 'ਤੇ ਲੱਗੇ ਟੈਕਸ ਨੂੰ ਹਟਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਉਣ ਵਾਲੇ ਟੂਰਿਸਟ ਵਾਹਨਾਂ 'ਤੇ ਲੱਗਣ ਵਾਲੇ ਟੈਕਸ 'ਚ 100 ਫੀਸਦੀ ਵਾਧਾ ਹੋਇਆ ਹੈ, ਜਿਸ ਕਾਰਨ ਟੈਕਸੀ ਯੂਨੀਅਨਾਂ ਵਿਚ ਕਾਫੀ ਰੋਸ ਹੈ। ਇਸ ਦੌਰਾਨ ਯੂਨੀਅਨ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ, ਜਿਸ ਵਿਚ ਆਲ ਇੰਡੀਆ ਟੂਰਿਸਟ ਪਰਮਿਟ ਨੂੰ 15 ਸਾਲਾਂ ਤੋਂ ਘਟਾ ਕੇ 9 ਸਾਲ ਤੱਕ ਕਰ ਦਿੱਤਾ ਗਿਆ। ਮੈਂਬਰਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਦਲੀਲ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਫਿਰ ਤੋਂ ਆਪਣੇ ਇਸ ਫੈਸਲੇ 'ਤੇ ਵਿਚਾਰ ਕਰਨਾ ਚਾਹੀਦਾ ਹੈ। ਯੂਨੀਅਨ ਦੇ ਮੈਂਬਰਾਂ ਨੇ ਇਹ ਮੰਗ ਰੱਖੀ ਹੈ ਕਿ ਟਰੱਕਾਂ ਦੀ ਤਰ੍ਹਾਂ ਟੂਰਿਸਟ ਵਾਹਨਾਂ ਦਾ ਵੀ ਵਨ ਟਾਈਮ ਟੈਕਸ ਕਰ ਦਿੱਤਾ ਜਾਵੇ ਤਾਂ ਜੋ ਇਸ ਕਾਰੋਬਾਰ ਵਿਚ ਵੱਧ ਰਹੇ ਬੋਝ ਵਿਚ ਘੱਟ ਹੋਵੇ। ਇਸ ਮੌਕੇ ਇੰਦਰਜੀਤ ਸਿੰਘ ਧਾਲੀਵਾਲ, ਬਲਵੰਤ ਸਿੰਘ ਭੁੱਲਰ, ਸੁਸ਼ੀਲ ਤਿਵਾੜੀ, ਗੁਰਮੀਤ ਸਿੰਘ ਔਲਖ ਤੇ ਹੋਰ ਮੌਜੂਦ ਸਨ।