ਮਾਮਲਾ ਹੈਰੋਇਨ ਤੇ ਨਾਜਾਇਜ਼ ਪਿਸਤੌਲਾਂ ਦੀ ਬਰਾਮਦਗੀ ਦਾ, JIC ਅੰਮ੍ਰਿਤਸਰ ਭੇਜੇ ਜਾਣਗੇ ਡਰੱਗ ਸਮੱਗਲਰ

05/08/2022 1:49:37 PM

ਕਪੂਰਥਲਾ (ਭੂਸ਼ਣ)-ਇਕ ਕਿੱਲੋ ਹੈਰੋਇਨ ਤੇ 2 ਨਾਜਾਇਜ਼ ਪਿਸਤੌਲਾਂ ਸਮੇਤ ਫਡ਼ੇ ਗਏ ਦੋਵੇਂ ਡਰੱਗ ਸਮੱਗਲਰਾਂ ਨੇ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਜਿੱਥੇ ਕਈ ਸਨਸਨੀਖੇਜ ਖੁਲਾਸੇ ਕੀਤੇ ਹਨ, ਉੱਥੇ ਹੀ ਗ੍ਰਿਫਤਾਰ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਨੇ ਸੋਮਵਾਰ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ, ਉੱਥੇ ਹੀ ਮੁਲਜ਼ਮਾਂ ਵੱਲੋਂ ਕੀਤੇ ਗਏ ਵੱਡੇ ਖੁਲਾਸਿਆਂ ਤੋਂ ਬਾਅਦ ਉਨ੍ਹਾਂ ਪਾਸੋਂ ਹੋਰ ਵੀ ਗਹਿਰਾਈ ਨਾਲ ਪੁੱਛਗਿੱਛ ਕਰਨ ਦੇ ਮਕਸਦ ਨਾਲ ਜਲਦੀ ਹੀ ਦੋਹਾਂ ਡਰੱਗ ਸਮੱਗਲਰਾਂ ਨੂੰ ਜੁਆਇੰਟ ਇੰਟੈਰੋਗੇਸ਼ਨ ਸੈਂਟਰ (ਜੇ. ਆਈ। ਸੀ.) ਅੰਮ੍ਰਿਤਸਰ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਦੇ ਹੁਕਮਾਂ ’ਤੇ ਕਾਰਵਾਈ ਕਰਦੇ ਹੋਏ ਸੀ. ਆਈ. ਏ. ਸਟਾਫ ਕਪੂਰਥਲਾ ਦੀ ਟੀਮ ਨੇ ਦੋ ਡਰੱਗ ਸਮੱਗਲਰਾਂ ਰਣਜੀਤ ਸਿੰਘ ਉਰਫ ਬੱਬਲੂ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਬਤ ਨਗਰ ਕਪੂਰਥਲਾ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਬਤ ਨਗਰ ਕਪੂਰਥਲਾ ਨੂੰ ਇਕ ਕਿੱਲੋ ਹੈਰੋਇਨ ਤੇ ਦੋ ਨਾਜਾਇਜ਼ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਸੀ, ਜਦਕਿ ਇਸ ਪੂਰੇ ਡਰੱਗ ਨੈੱਟਵਰਕ ਨੂੰ ਚਲਾ ਰਿਹਾ ਮੁਲਜ਼ਮ ਹਿਮਾਂਸ਼ੂ ਜੋ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਦਾ ਸਾਲਾ ਹੈ, ਵਿਦੇਸ਼ ’ਚ ਰਹਿ ਰਿਹਾ ਹੈ। ਗ੍ਰਿਫਤਾਰ ਦੋਵਾਂ ਮੁਲਜ਼ਮਾਂ ਪਾਸੋਂ ਸ਼ਨੀਵਾਰ ਨੂੰ ਐੱਸ. ਪੀ. (ਡੀ.) ਜਗਜੀਤ ਸਿੰਘ ਸਰੋਆਂ ਤੇ ਡੀ. ਐੱਸ. ਪੀ. (ਡੀ.) ਅੰਮ੍ਰਿਤ ਸਰੂਪ ਡੋਗਰਾ ਦੀ ਨਿਗਰਾਨੀ ’ਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਕਈ ਘੰਟੇ ਲੰਬੀ ਪੁੱਛਗਿੱਛ ਕੀਤੀ।

ਪਾਕਿਸਤਾਨੀ ਬਾਰਡਰ ਨੇਡ਼ੇ ਸਰਗਰਮ ਕਈ ਵੱਡੇ ਸਮੱਗਲਰਾਂ ਦੇ ਨਾਂ ਆਏ ਸਾਹਮਣੇ
ਦੱਸਿਆ ਜਾਂਦਾ ਹੈ ਕਿ ਗ੍ਰਿਫਤਾਰ ਦੋਵਾਂ ਡਰੱਗ ਸਮੱਗਲਰਾਂ ਨੇ ਪੁੱਛਗਿੱਛ ਦੌਰਾਨ ਪਾਕਿਸਤਾਨੀ ਬਾਰਡਰ ਦੇ ਨਾਲ ਲੱਗਦੇ ਖੇਤਰਾਂ ’ਚ ਸਰਗਰਮ ਕਈ ਵੱਡੇ ਡਰੱਗ ਸਮੱਗਲਰਾਂ ਦੇ ਨਾਂ ਲਏ ਹਨ। ਇਹ ਡਰੱਗ ਸਮੱਗਲਰ ਗ੍ਰਿਫਤਾਰ ਮੁਲਜ਼ਮਾਂ ਨੂੰ ਹੈਰੋਇਨ ਦੀ ਸਪਲਾਈ ਕਰਦੇ ਸਨ। ਮੁਲਜ਼ਮਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ ’ਚ ਬੈਠਾ ਹਿਮਾਂਸ਼ੂ ਲਗਾਤਾਰ ਡਰੱਗ ਸਮਗਲਿੰਗ ਲਈ ਫੀਡਬੈਕ ਦਿੰਦਾ ਸੀ।

 ਰਾਤੋਂ-ਰਾਤ ਅਮੀਰ ਬਣਨ ਲਈ ਡਰੱਗ ਦੇ ਧੰਦੇ ’ਚ ਸ਼ਾਮਲ ਹੋਏ ਸਨ ਦੋਵੇਂ ਮੁਲਜ਼ਮ
ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਰਾਤੋਂ-ਰਾਤ ਅਮੀਰ ਬਣਨ ਦੀ ਨੀਅਤ ਨਾਲ ਡਰੱਗ ਦੇ ਕਾਲੇ ਕਾਰੋਬਾਰ ਨੂੰ ਕਰਨਾ ਸ਼ੁਰੂ ਕੀਤਾ। ਪੁਲਸ ਟੀਮ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਪਾਸੋਂ ਹਿਮਾਂਸ਼ੂ ਨਾਲ ਜੁਡ਼ੇ ਵਿਅਕਤੀਆਂ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਮਕਸਦ ਨਾਲ ਹੀ ਹੁਣ ਸੋਮਵਾਰ ਨੂੰ ਰਿਮਾਂਡ ਖਤਮ ਹੁੰਦੇ ਹੀ ਮੁਲਜ਼ਮਾਂ ਦਾ ਹੋਰ ਰਿਮਾਂਡ ਲੈਣ ਦੀ ਕੋਸ਼ਿਸ ਕਰ ਕੇ ਉਨ੍ਹਾਂ ਨੂੰ ਪੁੱਛਗਿੱਛ ਲਈ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਭੇਜਿਆ ਜਾਵੇਗਾ। ਜੇਕਰ ਹੁਣ ਤੱਕ ਹੋਈ ਪੁਲਸ ਜਾਂਚ ਵੱਲ ਨਜ਼ਰ ਮਾਰੀਏ ਤਾਂ ਆਉਣ ਵਾਲੇ ਦਿਨਾਂ ’ਚ ਇਸ ਪੂਰੇ ਮਾਮਲੇ ’ਚ ਇਕ ਵੱਡੇ ਡਰੱਗ ਨੈੱਟਵਰਕ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। ਜਿਸਦੀ ਪੁਲਸ ਅਧਿਕਾਰੀਆਂ ਨੇ ਵੀ ਪੁਸ਼ਟੀ ਕੀਤੀ ਹੈ।

 ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ ’ਚ ਜਦੋਂ ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗ੍ਰਿਫਤਾਰ ਮੁਲਜ਼ਮਾਂ ਪਾਸੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਜਲਦੀ ਹੀ ਇਸ ਪੂਰੇ ਨੈੱਟਵਰਕ ’ਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।


Manoj

Content Editor

Related News