ਮੀਂਹ ਨਾਲ ਚੱਲੇ ਤੂਫ਼ਾਨ ਨੇ ਮਚਾਈ ਤਬਾਹੀ, ਨੂਰਪੁਰਬੇਦੀ ਦੇ 125 ਤੋਂ ਵੀ ਵੱਧ ਪਿੰਡ ਸਾਰੀ ਰਾਤ ਹਨੇਰੇ ’ਚ ਰਹੇ ਡੁੱਬੇ
Monday, Jul 18, 2022 - 02:31 PM (IST)

ਨੂਰਪੁਰਬੇਦੀ (ਭੰਡਾਰੀ)- ਦੇਰ ਰਾਤ ਮੀਂਹ ਦੇ ਨਾਲ-ਨਾਲ ਚੱਲੀ ਤੇਜ਼ ਤੂਫ਼ਾਨ ਨੇ ਨੂਰਪੁਰਬੇਦੀ ਖੇਤਰ ’ਚ ਹਰ ਪਾਸੇ ਭਾਰੀ ਤਬਾਹੀ ਮਚਾਈ ਰਹੀ, ਜਿਸ ਨਾਲ ਵੇਖਦੇ ਹੀ ਦੇਖਦੇ ਲੋਕਾਂ ਦੇ ਜੀਵਨ ਚੱਕਰ ਦਾ ਪਹੀਆ ਰੁਕ ਗਿਆ। ਪੇਂਡੂ ਖੇਤਰ ਹੋਣ ਕਾਰਨ ਜਗ੍ਹਾ-ਜਗ੍ਹਾ ਦਰੱਖ਼ਤਾਂ ਦੇ ਉੱਖੜੇ ਹੋਣ ਦੇ ਚਲਦਿਆਂ ਨੂਰਪੁਰਬੇਦੀ ਖੇਤਰ ਤੋਂ ਬਾਹਰਲੇ ਇਲਾਕਿਆਂ ਨੂੰ ਜਾਣ ਲਈ ਤਮਾਮ ਰਸਤੇ ਬੰਦ ਹੋ ਗਏ। ਕਰੀਬ ਇਕ ਘੰਟੇ ਤੋਂ ਵੀ ਵੱਧ ਸਮੇਂ ਤਕ ਮੀਂਹ ਦੇ ਨਾਲ ਚੱਲੀ ਹਨ੍ਹੇਰੀ ਅਤੇ 2 ਤੋਂ 3 ਘੰਟਿਆਂ ਦਰਮਿਆਨ ਹੋਈ ਬਰਸਾਤ ਕਾਰਨ ਰਾਹਗੀਰਾਂ ਨੂੰ ਆਪਣੀ ਮੰਜਿਲ ’ਤੇ ਪਹੁੰਚਣ ਲਈ ਭਾਰੀ ਔਕੜਾਂ ਪੇਸ਼ ਆਈਆਂ।
ਇਸ ਦੌਰਾਨ ਰਾਤ ਕਰੀਬ 9 ਵਜੇ ਤੂਫ਼ਾਨ ਦੇ ਚੱਲਣ ਕਾਰਨ ਅਚਾਨਕ ਨੂਰਪੁਰਬੇਦੀ ਇਲਾਕੇ ਦੇ ਸਮੁੱਚੇ 138 ਪਿੰਡਾਂ ਦੀ ਬਿਜਲੀ ਗੁੱਲ ਹੋ ਗਈ। ਇਸ ਦੌਰਾਨ ਕਈ ਘੰਟਿਆਂ ਬਾਅਦ ਅੱਧੀ ਰਾਤ ਨੂੰ ਮੀਂਹ ਦੇ ਰੁਕਣ ਕਾਰਨ ਭਾਵੇਂ ਦਰਜਨ ਕੁ ਪਿੰਡਾਂ ਦੀ ਬਿਜਲੀ ਬਹਾਲ ਹੋ ਸਕੀ ਜਦਕਿ 66 ਕੇ. ਵੀ. ਸਬ-ਸਟੇਸ਼ਨ ਬਜਰੂੜ, ਸਿੰਘਪੁਰ ਅਤੇ ਨਲਹੋਟੀ ਅਧੀਨ ਪੈਂਦੇ ਕਰੀਬ 138 ਪਿੰਡਾਂ ’ਚੋਂ 125 ਤੋਂ ਵੀ ਵੱਧ ਪਿੰਡ ਬਿਜਲੀ ਸਪਲਾਈ ਬਹਾਲ ਨਾ ਹੋਣ ਕਾਰਨ ਸਮੁੱਚੀ ਰਾਤ ਹਨੇਰੇ ’ਚ ਡੁੱਬੇ ਰਹੇ ਅਤੇ ਇਲਾਕੇ ਭਰ’ ਚ ਬਲੈਕ ਆਊਟ ਵਰਗੀ ਸਥਿਤੀ ਬਣੀ ਰਹੀ। ਵੱਖ-ਵੱਖ ਥਾਈਂ ਵੱਡੇ ਦਰੱਖਤਾਂ ਦੇ ਡਿੱਗਣ ਕਾਰਨ ਪਾਵਰਕਾਮ ਦੇ ਕਈ ਬਿਜਲੀ ਖੰਭੇ ਨੁਕਸਾਨੇ ਗਏ ਜਦਕਿ ਕਈ ਜਗ੍ਹਾ ’ਤੇ ਤਾਰਾਂ ਟੁੱਟ ਕੇ ਡਿੱਗ ਪਈਆਂ। ਭਾਵੇਂ ਪਾਵਰਕਾਮ ਦੇ ਅਧਿਕਾਰੀ ਅਤੇ ਕਰਮਚਾਰੀ ਰਾਤ ਤੋਂ ਹੀ ਮੀਂਹ ’ਚ ਬਿਜਲੀ ਬਹਾਲ ਕਰਨ ਦੇ ਯਤਨਾਂ ’ਚ ਜੁਟੇ ਹੋਏ ਸਨ ਪਰ ਰਾਤ ਦਾ ਸਮਾਂ ਹੋਣ ਅਤੇ ਟੁੱਟੇ ਖੰਭੇ ਅਤੇ ਦਰੱਖਤ ਬਿਜਲੀ ਬਹਾਲ ਕਰਨ ਦੇ ਯਤਨਾਂ ’ਚ ਵੱਡੀ ਰੁਕਾਵਟ ਬਣੇ ਜਿਸ ਦੇ ਚਲਦਿਆਂ ਬਾਅਦ ਦੁਪਹਿਰ ਤਕ ਵੀ ਜ਼ਿਆਦਾਤਰ ਪਿੰਡਾਂ ਦੀ ਬਿਜਲੀ ਸਪਲਾਈ ਬਹਾਲ ਨਾ ਹੋ ਸਕੀ।
ਇਹ ਵੀ ਪੜ੍ਹੋ: ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਵੈਸ਼ਣੋ ਦੇਵੀ ਤੋਂ ਪਰਤ ਰਿਹਾ ਸੀ ਪਰਿਵਾਰ
ਲੋਕ ਪੂਰਾ ਦਿਨ ਪੀਣ ਵਾਲੇ ਪਾਣੀ ਨੂੰ ਤਰਸੇ
ਬਾਅਦ ਦੁਪਹਿਰ ਤਕ ਜ਼ਿਆਦਾਤਰ ਪਿੰਡਾਂ ਦੀ ਬਿਜਲੀ ਸਪਲਾਈ ਬਹਾਲ ਨਾ ਹੋਣ ਅਤੇ ਜਨਰੇਟਰਾਂ ਦੀ ਅਣਹੋਂਦ ਦੇ ਚੱਲਦਿਆਂ ਸਮੁੱਚੇ ਵਾਟਰ ਵਰਕਸ ਬੰਦ ਰਹੇ। ਇਸ ਸਥਿਤੀ ਦੇ ਚੱਲਦਿਆਂ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆਈ ਉੱਥੇ ਹੀ ਉਨ੍ਹਾਂ ਨੂੰ ਆਪਣੇ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਵੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਗਰਮੀ ਦਾ ਮੌਸਮ ਹੋਣ ਕਾਰਨ ਪਾਣੀ ਦੀ ਸਮੱਸਿਆ ਲੋਕਾਂ ਲਈ ਸਭ ਤੋਂ ਵੱਡੀ ਮੁਸੀਬਤ ਬਣ ਕੇ ਆਈ।
ਜਗ੍ਹਾ-ਜਗ੍ਹਾ ਦਰੱਖ਼ਤ ਉਖਡ਼ਨ ਕਾਰਨ ਤਮਾਮ ਰਸਤੇ ਬੰਦ ਹੋਏ
ਤੇਜ਼ ਹਨੇਰੀ ਕਾਰਨ ਜਗ੍ਹਾ-ਜਗ੍ਹਾ ਮੁੱਖ ਮਾਰਗਾਂ ’ਤੇ ਡਿੱਗੇ ਦਰੱਖਤਾਂ ਦੇ ਚੱਲਦਿਆਂ ਨੂਰਪੁਰਬੇਦੀ ਤੋਂ ਬੁੰਗਾ ਸਾਹਿਬ, ਨੂਰਪੁਰਬੇਦੀ ਤੋਂ ਬਲਾਚੌਰ, ਨੂਰਪੁਰਬੇਦੀ ਤੋਂ ਗੜ੍ਹਸ਼ੰਕਰ ਅਤੇ ਬਰਸਾਤ ਦੌਰਾਨ ਟਿੱਪਰ ਪਲਟਣ ਅਤੇ ਨੂਰਪੁਰਬੇਦੀ-ਰੂਪਨਗਰ ਮਾਰਗ ਸਮੇਤ ਵੱਖ-ਵੱਖ ਪਿੰਡਾਂ ਨੂੰ ਜਾਣ ਵਾਲੇ ਰਸਤੇ ਬੰਦ ਰਹਿਣ ’ਤੇ ਆਵਾਜਾਈ ਪ੍ਰਭਾਵਤ ਹੋਈ। ਜਿਸਦੇ ਚਲਦਿਆਂ ਰਾਹਗੀਰਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਮੰਜਿਲ ’ਤੇ ਪਹੁੰਚਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਈ ਪਿੰਡਾਂ ’ਚ ਲੋਕਾਂ ਨੇ ਰਾਹਗੀਰਾਂ ਦੀ ਮੁਸ਼ਕਿਲ ਨੂੰ ਵੇਖਦਿਆਂ ਆਪਣੇ ਪੱਧਰ ’ਤੇ ਉਕਤ ਦਰੱਖਤਾਂ ਨੂੰ ਕੱਟ ਕੇ ਆਵਾਜਾਈ ਬਹਾਲ ਕਰਨ ’ਚ ਅਹਿਮ ਯੋਗਦਾਨ ਪਾਇਆ।
ਇਹ ਵੀ ਪੜ੍ਹੋ: ਰੋਜ਼ੀ-ਰੋਟੀ ਲਈ ਦੁਬਈ ਗਏ ਨੌਜਵਾਨਾਂ ਨੂੰ ਬਣਾਇਆ ਬੰਧਕ, ਪਰਿਵਾਰ ਨੂੰ ਵੀਡੀਓ ਭੇਜ ਸੁਣਾਈ ਦੁੱਖ਼ ਭਰੀ ਦਾਸਤਾਨ
ਕਈ ਪਿੰਡਾਂ ਦੇ ਘਰਾਂ ਅਤੇ ਬਸਤੀ ’ਚ ਦਾਖਲ ਹੋਇਆ ਪਾਣੀ
ਇਸ ਤੂਫ਼ਾਨ ਅਤੇ ਰਾਤ ਭਰ ਹੋਏ ਭਾਰੀ ਮੀਂਹ ਦੌਰਾਨ ਕਈ ਪਿੰਡਾਂ ਚ ਸਥਿਤ ਘਰਾਂ ਅਤੇ ਨੂਰਪੁਰਬੇਦੀ ਸਥਿਤ ਬੰਗਾਲਾ ਬਸਤੀ ’ਚ ਪਾਣੀ ਦਾਖਲ ਹੋਣ ਦੀਆਂ ਵੀ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਹਨੇਰੀ ਕਾਰਨ ਕਈ ਗਰੀਬ ਲੋਕਾਂ ਦੀਆਂ ਛੰਨਾ ਨੁਕਸਾਨੀਆਂ ਗਈਆਂ ਜਦਕਿ ਕਈ ਲੋਕਾਂ ਦੇ ਘਰਾਂ ’ਚ ਪਾਣੀ ਦਾਖਲ ਹੋਣ ਕਾਰਨ ਉਨ੍ਹਾਂ ਦਾ ਮਾਲੀ ਨੁਕਸਾਨ ਵੀ ਹੋਇਆ ਹੈ। ਜਿਨ੍ਹਾਂ ਦੀ ਸਹਾਇਤਾ ਲਈ ਲੋਕ ਅੱਗੇ ਆ ਰਹੇ ਹਨ।
ਦੁਪਹਿਰ ਤਕ ਸਮੁੱਚੇ ਪਿੰਡਾਂ ਦੀ ਬਿਜਲੀ ਬਹਾਲ ਹੋ ਜਾਵੇਗੀ ਐੱਸ. ਡੀ. ਓ.
ਪਾਵਰਕਾਮ ਦਫ਼ਤਰ ਸਿੰਘਪੁਰ ਦੇ ਐੱਸ.ਡੀ.ਓ. ਬਿਕਰਮ ਸੈਣੀ ਨੇ ਆਖਿਆ ਕਿ ਤੂਫਾਨ, ਤੇਜ਼ ਵਰਖਾ ਅਤੇ ਹਨ੍ਹੇਰਾ ਆਦਿ ਕਾਰਨ ਬਿਜਲੀ ਬਹਾਲੀ ਦੇ ਯਤਨਾਂ ਚ ਰੁਕਾਵਟ ਬਣੇ ਹਨ। ਉਨ੍ਹਾਂ ਕਿਹਾ ਕਿ ਕਰੀਬ 20 ਫੀਸਦੀ ਪਿੰਡਾਂ ਦੀ ਹੀ ਬਿਜਲੀ ਸਪਲਾਈ ਬਹਾਲ ਰਹਿ ਸਕੀ ਹੈ ਜਦਕਿ ਬਾਕੀ ਸਮੁੱਚੇ ਪਿੰਡ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਕਰਮਚਾਰੀ ਰਾਤ ਤੋਂ ਹੀ ਕੰਮ ’ਚ ਜੁਟੇ ਹੋਏ ਹਨ ਅਤੇ ਬਾਅਦ ਦੁਪਹਿਰ ਤੱਕ ਸਮੁੱਚੇ ਪਿੰਡਾਂ ਦੀ ਬਿਜਲੀ ਸਪਲਾਈ ਬਹਾਲ ਹੋਣ ਦੀ ਆਸ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ ਸ਼ਰਮਨਾਕ ਘਟਨਾ, ਦੋਸਤ ਦੀ ਕੋਠੀ 'ਚ ਲਿਜਾ ਕੇ 15 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ