ਸਿਹਤ ਕਾਮਿਆਂ ਨੇ ਤੀਜੇ ਦਿਨ ਵੀ ਸੇਵਾਵਾਂ ਕੀਤੀਆਂ ਠੱਪ, ਸੂਬਾ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Thursday, May 06, 2021 - 11:56 AM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਐੱਨ. ਐੱਚ. ਐੱਮ. ਇੰਪਲਾਈਜ਼ ਯੂਨੀਅਨ ਨਾਲ ਜੁੜੇ ਸਰਕਾਰੀ ਹਸਪਤਾਲ ਦੇ ਸਟਾਫ ਮੈਂਬਰਾਂ ਵੱਲੋਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਅਣਮਿੱਥੇ ਸਮੇਂ ਲਈ ਚੱਲ ਰਹੀ ਹੜਤਾਲ ਅੱਜ ਤੀਸਰੇ ਦਿਨ ਵੀ ਜਾਰੀ ਰਹੀ, ਜਿਸ ਕਾਰਨ ਸਰਕਾਰੀ ਹਸਪਤਾਲ ਦੀਆਂ ਸਿਹਤ ਸੇਵਾਵਾਂ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਗਈਆਂ ਹਨ। ਟਾਂਡਾ ’ਚ ਸੇਵਾਵਾਂ ਦੇ ਰਹੇ ਇਨ੍ਹਾਂ 45 ਕਰਮਚਾਰੀਆਂ ਦੀ ਹੜਤਾਲ ਕਾਰਨ ਅੱਜ ਪਿੰਡਾਂ ’ਚ ਹੋਣ ਵਾਲੀ ਕੋਵਿਡ ਟੈਸਟਿੰਗ ਅਤੇ ਟੀਕਾਕਰਨ ਦੀ ਮੁਹਿੰਮ ਅਤੇ ਹੋਰ ਸੇਵਾਵਾਂ ਪ੍ਰਭਾਵਿਤ ਹੋਈਆਂ। ਹਸਪਤਾਲ ’ਚ ਧਰਨੇ ’ਤੇ ਬੈਠੇ ਇਨ੍ਹਾਂ ਕਰਮਚਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਬੀਤੇ ਦਿਨ ਹੋਈ ਸਿਹਤ ਮੰਤਰੀ ਨਾਲ ਮੀਟਿੰਗ ਦੌਰਾਨ ਦਿੱਤੀ ਗਈ 15 ਫ਼ੀਸਦੀ ਤਨਖਾਹ ਦੇ ਵਾਧੇ ਦੀ ਪੇਸ਼ਕਸ਼ ਨੂੰ ਰੱਦ ਕਰਦਿਆਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਹੜਤਾਲ ਜਾਰੀ ਰੱਖਣ ਦਾ ਸੰਕਲਪ ਲਿਆ।
ਡਾ. ਰਵੀ ਕੁਮਾਰ, ਤਰਵਿੰਦਰ ਕੁਮਾਰ, ਅਨੀਤਾ, ਸਪਨਾ ਭੱਲਾ, ਡਾ. ਪਰਮਜੀਤ ਕੌਰ, ਡਾ. ਸਰੋਜ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦਿਆਂ ਆਖਿਆ ਕਿ ਉਨ੍ਹਾਂ ਦਾ ਸੰਘਰਸ਼ ਰੈਗੂਲਰ ਕਰਨ ਅਤੇ ਰੈਗੂਲਰ ਕਰਮਚਾਰੀਆਂ ਦੀ ਤਰ੍ਹਾਂ ਪੇ-ਸਕੇਲ ਹਾਸਿਲ ਹੋਣ ਤੱਕ ਜਾਰੀ ਰਹੇਗਾ। ਇਸ ਮੌਕੇ ਅਮਨਦੀਪ ਕੌਰ, ਉਰਮਿਲਾ ਦੇਵੀ, ਹਰਮਨਦੀਪ ਕੌਰ, ਜੋਤੀ, ਕੁਲਦੀਪ ਕੌਰ, ਭੁਪਿੰਦਰ ਕੌਰ, ਹਰਦੀਪ ਕੌਰ, ਚਰਨਜੀਤ ਕੌਰ, ਰਮਨਦੀਪ ਸਿੰਘ, ਯੋਗੇਸ਼ ਕੁਮਾਰ, ਰਵਿੰਦਰ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ ਆਦਿ ਮੌਜੂਦ ਸਨ।