ਹਰ ਬੱਚੇ ਨੂੰ ਸਿਹਤ ਸੁਰੱਖਿਆ ਤੇ ਨਿਰੋਗ ਜੀਵਨ ਪ੍ਰਦਾਨ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ: ਸਿਹਤ ਮੰਤਰੀ

05/28/2023 5:11:31 PM

ਨਵਾਂਸ਼ਹਿਰ (ਤ੍ਰਿਪਾਠੀ)- ਸੂਬੇ ਨੂੰ ਪੋਲੀਓ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਸੂਬੇ ਦੇ 12 ਉੱਚ ਜ਼ੋਖਮ ਵਾਲੇ ਜ਼ਿਲ੍ਹਿਆਂ ਲਈ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਨ੍ਹਾਂ 12 ਜ਼ਿਲ੍ਹਿਆਂ ਇਹ ਰਾਊਂਡ ਕਰਵਾਇਆ ਜਾ ਰਿਹਾ ਹੈ, ਉਨ੍ਹਾਂ ਵਿਚ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਤਿਹਗੜ੍ਹ ਸਾਹਿਬ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਪਠਾਨਕੋਟ, ਪਟਿਆਲਾ, ਐੱਸ. ਬੀ. ਐੱਸ. ਨਗਰ ਅਤੇ ਤਰਨਤਾਰਨ ਆਦਿ ਸ਼ਾਮਲ ਹਨ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਅੱਜ ਸੂਬਾ ਪੱਧਰੀ ਸਮਾਰੋਹ ਦੌਰਾਨ ਬੱਚਿਆਂ ਨੂੰ ‘ਓਰਲ ਪੋਲੀਓ ਵੈਕਸੀਨ’ (ਓ. ਪੀ. ਵੀ.) ਦੀਆਂ ਬੂੰਦਾਂ ਪਿਆਉਣ ਤੋਂ ਬਾਅਦ ਆਸਮਾਨ ਵਿਚ ਰੰਗ-ਬਿਰੰਗੇ ਗੁਬਾਰੇ ਛੱਡ ਕੇ, ਇਸ ਤਿੰਨ ਦਿਨਾਂ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦਾ ਉਦਘਾਟਨ ਕੀਤਾ। 

ਇਸ ਮੌਕੇ ਉਨ੍ਹਾਂ ਨਾਲ ਵਿਧਾਇਕਾ ਸੰਤੋਸ਼ ਕਟਾਰੀਆ, ਵਿਧਾਇਕ ਡਾ. ਨਛੱਤਰ ਪਾਲ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਸਤਨਾਮ ਜਲਾਲਪੁਰ, ਚੇਅਰਮੈਨ ਇੰਪਰੂਵਮੈਂਟ ਟਰੱਸਟ ਸਤਨਾਮ ਸਿੰਘ ਜਲਵਾਹਾ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਆਦਰਸ਼ ਪਾਲ ਕੌਰ, ਡਾਇਰੈਕਟਰ ਪਰਿਵਾਰ ਭਲਾਈ ਡਾ. ਰਵਿੰਦਰ ਪਾਲ ਕੌਰ, ਐੱਸ. ਡੀ. ਐੱਮ. ਮੇਜਰ ਡਾ. ਸ਼ਿਵਰਾਜ ਸਿੰਘ ਬੱਲ, ਸਿਵਲ ਸਰਜਨ ਡਾ. ਜਸਪ੍ਰੀਤ ਕੌਰ, ਵਿਸ਼ਵ ਸਿਹਤ ਸੰਗਠਨ ਦੇ ਸਰਵੀਲੈਂਸ ਮੈਡੀਕਲ ਅਫਸਰ ਡਾ. ਗਗਨ ਸ਼ਰਮਾ ਅਤੇ ਐੱਸ. ਐੱਮ. ਓ. ਨਵਾਂਸ਼ਹਿਰ ਡਾ. ਸਤਵਿੰਦਰ ਕੌਰ ਵਾਲੀਆ ਮੌਜੂਦ ਸਨ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਦੇ ਉੱਚ ਜ਼ੋਖਮ ਵਾਲੇ 12 ਜ਼ਿਲ੍ਹਿਆਂ ’ਚ ਜ਼ੀਰੋ ਤੋਂ ਪੰਜ ਸਾਲ ਤੱਕ ਦੇ 14,83,072 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਉਈਆਂ ਜਾ ਰਹੀਆਂ ਹਨ। ਇਸ ਤਿੰਨ ਦਿਨਾਂ ਮੁਹਿੰਮ ਦੌਰਾਨ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆਂ ਦੀ ਸਿਹਤ ਪ੍ਰਤੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ, ਜੋਕਿ ਪੰਜਾਬ ਸਰਕਾਰ ਦਾ ਵਿਸ਼ੇਸ਼ ਟੀਚਾ ਹੈ।

ਇਹ ਵੀ ਪੜ੍ਹੋ - 18 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਖੁੱਲ੍ਹਿਆ ਭੇਤ ਤਾਂ ਮੁੰਡੇ ਦੇ ਪੈਰਾਂ ਹੇਠਾਂ ਖਿਸਕੀ ਜ਼ਮੀਨ

PunjabKesari

ਸਿਹਤ ਮੰਤਰੀ ਨੇ ਉਪ ਰਾਸ਼ਟਰੀ ਟੀਕਾਕਰਨ ਦਿਵਸ ਮਨਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਰੰਗਲਾ ਪੰਜਾਬ ਦਾ ਉਦੇਸ਼ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ, ਜੇਕਰ ਸਾਡੇ ਬੱਚੇ ਸਿਹਤਮੰਦ ਹੋਣਗੇ। ‘ਪੋਲੀਓ ਵੈਕਸੀਨੇਸ਼ਨ ਡਰਾਈਵ’ ਦਾ ਉਦੇਸ਼ ਸਾਡੇ ਬੱਚਿਆਂ ਨੂੰ ਪੋਲੀਓ ਤੋਂ ਬਚਾਉਣਾ ਹੈ। ਉਨ੍ਹਾਂ ਵੈਕਸੀਨੇਸ਼ਨ ਟੀਮ ਮੈਂਬਰਾਂ ਨੂੰ ਪੋਲੀਓ ਦੀਆਂ ਬੂੰਦਾਂ ਕੋਰੋਨਾ ਸੁਰੱਖਿਆ ਪ੍ਰੋਟੋਕਾਲ ਨੂੰ ਧਿਆਨ ਵਿਚ ਰੱਖ ਕੇ ਪਿਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੋਲੀਓ ਬੂੰਦਾਂ ਪਿਆਉਣ ਸਮੇਂ ਮਾਸਕ, ਸੈਨੇਟਾਈਜ਼ਰ, ਆਪਸੀ ਦੂਰੀ ਦਾ ਖ਼ਾਸ ਧਿਆਨ ਰੱਖਿਆ ਜਾਵੇ ਤਾਂ ਜੋ ਪੋਲੀਓ ਦੇ ਨਾਲ-ਨਾਲ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵੀ ਸਾਵਧਾਨੀਆਂ ਵਰਤੀਆਂ ਜਾ ਸਕਣ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ 7054 ਬੂਥ ਬਣਾਏ ਗਏ ਹਨ। ਅੱਜ ਪਹਿਲੇ ਦਿਨ ਬੂਥਾਂ ’ਤੇ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾ ਰਹੀਆਂ ਹਨ ਅਤੇ ਬਾਕੀ ਦੋ ਦਿਨ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ। 13136 ਘਰ-ਘਰ ਜਾਣ ਵਾਲੀਆਂ ਟੀਮਾਂ, 334 ਮੋਬਾਇਲ ਟੀਮਾਂ ਅਤੇ 279 ਟਰਾਂਜ਼ਿਟ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁੱਲ 27109 ਵੈਕਸੀਨੇਟਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ 1335 ਸੁਪਰਵਾਈਜ਼ਰ ਵੈਕਸੀਨੇਟਰਾਂ ਦੇ ਕੰਮ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਟੀਮਾਂ 5109 ਉੱਚ ਜ਼ੋਖਮ ਵਾਲੇ ਖੇਤਰਾਂ ਦਾ ਵੀ ਦੌਰਾ ਕਰਨਗੀਆਂ, ਜਿਨ੍ਹਾਂ ’ਚ 2107 ਝੁੱਗੀਆਂ, 132 ਉਸਾਰੀ ਵਾਲੀਆਂ ਥਾਵਾਂ, 902 ਖਾਨਾਬਦੋਸ਼ ਸਾਈਟਾਂ, 132 ਇੱਟਾਂ ਦੇ ਭੱਠਿਆਂ ਅਤੇ 729 ਹੋਰ ਸਾਈਟਾਂ ਸ਼ਾਮਲ ਹਨ।

ਇਹ ਵੀ ਪੜ੍ਹੋ - ਕਪੂਰਥਲਾ ਤੋਂ ਵੱਡੀ ਖ਼ਬਰ: ਹਵਸ 'ਚ ਅੰਨ੍ਹੇ ਨੌਜਵਾਨ ਨੇ 70 ਸਾਲਾ ਬਜ਼ੁਰਗ ਔਰਤ ਨਾਲ ਕੀਤਾ ਜਬਰ-ਜ਼ਿਨਾਹ

ਸਟੇਟ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਸਾਰੇ 12 ਜ਼ਿਲਿਆਂ ’ਚ ਮੁਹਿੰਮ ਦੀ ਨਿਗਰਾਨੀ ਡੀ. ਐੱਚ. ਐੱਸ. ਦਫ਼ਤਰ ਅਤੇ ਐੱਨ. ਪੀ. ਐੱਸ. ਪੀ.-ਡਬਲਿਊ. ਐੱਚ. ਓ. ਮਾਨੀਟਰਾਂ ਦੇ ਸਟੇਟ ਅਬਜ਼ਰਵਰਾਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ-ਪਾਕਿ ਸਰਹੱਦ ਪਾਰ ਕਰਨ ਵਾਲੇ ਵਿਅਕਤੀਆਂ ਦੀ ਵੈਕਸੀਨੇਸ਼ਨ ਯਕੀਨੀ ਬਣਾਉਣ ਲਈ ਅਟਾਰੀ ਬਾਰਡਰ ’ਤੇ ਟਰਾਂਜ਼ਿਟ ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਕਰਤਾਰਪੁਰ ਲਾਂਘਾ ਖੁੱਲ੍ਹਣ ’ਤੇ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਚੌਂਕੀ ਵਿਖੇ ਟੀਕਾਕਰਨ ਸਾਈਟਾਂ ਸਥਾਪਿਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ - ਮੁੜ ਠੰਡੇ ਬਸਤੇ 'ਚ ਪਈ ਪੰਜਾਬ ਨੂੰ ਲੈ ਕੇ ਭਾਜਪਾ ਦੀ ਇਹ ਯੋਜਨਾ, ਸ਼ੁਰੂ ਹੋਈ ਨਵੀਂ ਚਰਚਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News