ਘਾਨਾ ਦੇ ਹਾਈ ਕਮਿਸ਼ਨਰ ਤੇ ਰੇਲਵੇ ਮੰਤਰੀ ਗੁ. ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ

10/22/2019 12:57:04 PM

ਸੁਲਤਾਨਪੁਰ ਲੋਧੀ (ਸੋਢੀ, ਧੀਰ)— 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਆਪਣੀ ਪਲੇਠੀ ਕੂਟਨੀਤਕ ਫੇਰੀ ਦੌਰਾਨ ਘਾਨਾ ਦੇ ਹਾਈ ਕਮਿਸ਼ਨਰ ਮਿਸ਼ੇਲ ਨਿਲ ਨੋਰਟੇ ਓਕੂਏ, ਘਾਨਾ ਦੇ ਰੇਲ ਮੰਤਰੀ ਜੋਏ ਘਾਰਟੇ ਸਣੇ ਹਾਈ ਕਮਿਸ਼ਨਰ ਦੇ ਹੋਰ ਨੁਮਾਇੰਦੇ ਬੀਤੇ ਦਿਨ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਆਪਣੀ ਫੇਰੀ ਨੂੰ ਜੀਵਨ ਦੇ ਯਾਦਗਾਰੀ ਪਲ ਦੱਸਦਿਆਂ ਵਫਦ ਨੇ ਸੱਭਿਆਚਾਰਕ ਅਤੇ ਖੇਤੀਬਾੜੀ ਖੇਤਰ 'ਚ ਭਾਰਤ ਨਾਲ ਖਾਸ ਕਰਕੇ ਪੰਜਾਬ ਨਾਲ ਦੁਵੱਲੇ ਰਿਸ਼ਤੇ ਮਜ਼ਬੂਤ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ। 

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭਾਈਚਾਰਕ ਸਾਂਝ ਅਤੇ ਵਿਸ਼ਵ ਵਿਆਪੀ ਸਾਂਝ ਦੇ ਸੰਦੇਸ਼ ਦੇ ਸਤਿਕਾਰ ਵਿਚ ਉਹ ਇਸ ਪਵਿੱਤਰ ਨਗਰੀ ਨੂੰ ਸਿਜਦਾ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮੁਕੱਦਸ ਅਸਥਾਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਰਿਪਬਲਿਕ ਆਫ ਘਾਨਾ ਦੇ ਰੇਲਵੇ ਮੰਤਰੀ ਜੋਏ ਘਾਰਟੇ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਵੀ ਦੌਰਾ ਕੀਤਾ।
ਉਨ੍ਹਾਂ ਕਿਹਾ ਕਿ ਉਹ ਘਾਨਾ ਸਰਕਾਰ ਅਤੇ ਘਾਨਾ ਦੇ ਲੋਕਾਂ ਵੱਲੋਂ ਮਨੁੱਖਤਾ ਲਈ ਪਿਆਰ ਵਾਲਾ ਸੰਦੇਸ਼ ਲੈ ਕੇ ਭਾਰਤ ਆਏ ਹਨ। ਪੰਜਾਬ ਸਰਕਾਰ ਵੱਲੋਂ ਵਫਦ ਦੇ ਦੌਰੇ ਅਤੇ ਪ੍ਰਾਹੁਣਚਾਰੀ ਲਈ ਕੀਤੇ ਪ੍ਰਬੰਧਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।

ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ, ਵਕੀਲ ਹਰਪ੍ਰੀਤ ਸਿੰਘ ਸੰਧੂ, ਡਾ. ਜਗਤਾਰ ਧੀਮਾਨ, ਪ੍ਰੋ. ਹਰਜੇਸ਼ਵਰ ਪਾਲ ਸਿੰਘ, ਅਭਿਸ਼ੇਕ ਵਿੱਜ, ਰਾਜਨ ਮਾਗੋਂ, ਗੁਰਸ਼ਮਿੰਦਰ ਸਿੰਘ ਅਤੇ ਕੰਵਲਦੀਪ ਸਿੰਘ ਨੇ ਘਾਨਾ ਤੋਂ ਆਏ ਵਫਦ ਨੂੰ ਗੁਰਦੁਆਰਾ ਬੇਰ ਸਾਹਿਬ ਦਾ ਚਿੱਤਰ ਭੇਟ ਕੀਤਾ। ਗੁਰਦੁਆਰਾ ਬੇਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਪ੍ਰਬੰਧਕਾਂ ਨੇ ਵੀ ਘਾਨਾ ਦੇ ਹਾਈ ਕਮਿਸ਼ਨਰ, ਰੇਲਵੇ ਮੰਤਰੀ ਅਤੇ ਹਾਈ ਕਮਿਸ਼ਨ ਦੇ ਹੋਰ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ। ਵਫ਼ਦ ਵਲੋਂ ਗੁਰਦੁਆਰਾ ਸਾਹਿਬ ਅੰਦਰ ਬਣੇ ਪਾਰਕ ਵਿਚ ਪੌਦਾ ਵੀ ਲਗਾਇਆ ਗਿਆ। ਇਸ ਮੌਕੇ ਵਫਦ ਨਾਲ ਐੱਸ. ਡੀ. ਐੱਮ. ਡਾ. ਚਾਰੂਮਿਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।


shivani attri

Content Editor

Related News