ਜੀ.ਐੱਸ.ਟੀ. ਮੋਬਾਇਲ ਵਿੰਗ ਕੋਲ ਨਹੀਂ ਪਹੁੰਚੇ ਫੜੇ ਗਏ ਮਾਲ ਦੇ ਬਿੱਲ, ਬਣਦੀ ਕਾਰਵਾਈ ਅਤੇ ਹੋਵੇਗਾ ਜੁਰਮਾਨਾ

12/12/2020 3:22:50 PM

ਜਲੰਧਰ(ਗੁਲਸ਼ਨ): ਜੀ.ਐੱਸ.ਟੀ. ਵਿਭਾਗ ਦੇ ਮੋਬਾਇਲ ਵਿੰਗ ਦੇ ਅਸਿਸਟੈਂਟ ਕਮਿਸ਼ਨਰ ਜੀ. ਐੱਸ. ਗਰਚਾ ਨੇ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਕੱਲ ਈ. ਟੀ. ਓ. ਦਵਿੰਦਰ ਸਿੰਘ ਪੰਨੂ ਅਤੇ ਪਵਨ ਕੁਮਾਰ ਨੇ ਲੁਧਿਆਣਾ ਦੇ ਸ਼ੇਰਪੁਰ ਰੋਡ 'ਤੇ ਨਾਕਾਬੰਦੀ ਕਰ ਕੇ ਇਕ ਟਰਾਂਸਪੋਰਟ ਕੰਪਨੀ ਦੇ ਟਰੱਕ ਨੂੰ ਫੜਿਆ ਸੀ, ਜਿਸ ਵਿਚ ਭਾਰੀ ਗਿਣਤੀ ਵਿਚ ਨਗ ਲੋਡ ਕੀਤੇ ਗਏ ਸਨ। ਇਨ੍ਹਾਂ ਨਗਾਂ ਦੀ ਜਾਂਚ ਲਈ ਟਰੱਕ ਨੂੰ ਵੀਰਵਾਰ ਸ਼ਾਮੀਂ ਲਿਆਂਦਾ ਗਿਆ ਸੀ।
ਅਧਿਕਾਰੀਆਂ ਮੁਤਾਬਕ ਇਸ ਵਿਚ 3 ਟਰਾਂਸਪੋਰਟ ਕੰਪਨੀਆਂ ਐੱਮ. ਵੀ. ਐੱਨ., ਨਿਊ ਇੰਡੀਆ ਅਤੇ ਸ਼ਿਵ ਸ਼ਕਤੀ ਨਾਂ ਦੀਆਂ ਬਿਲਟੀਆਂ ਹਨ। ਸ਼ੁੱਕਰਵਾਰ ਨੂੰ ਮਾਲ ਨੂੰ ਛੁਡਾਉਣ ਲਈ ਕੋਈ ਵੀ ਵਿਅਕਤੀ ਜੀ. ਐੱਸ. ਟੀ. ਭਵਨ ਵਿਚ ਨਹੀਂ ਪਹੁੰਚਿਆ, ਜਿਸ ਕਾਰਨ ਮਾਲ ਦੀ ਜਾਂਚ ਨਹੀਂ ਕੀਤੀ ਜਾ ਸਕੀ। ਇਸ ਤੋਂ ਇਲਾਵਾ ਫੁੱਟਬਾਲ ਚੌਕ ਤੋਂ ਫੜੇ ਗਏ ਜੁੱਤੀਆਂ ਦੇ ਕਰੀਬ 20 ਨਗਾਂ ਵਿਚੋਂ ਕੁਝ ਦੇ ਬਿੱਲ ਅਧਿਕਾਰੀਆਂ ਕੋਲ ਆਏ ਸਨ ਪਰ ਇਹ ਮਾਲ ਦੇ ਅਨੁਸਾਰ ਨਹੀਂ ਸਨ। ਅਧਿਕਾਰੀਆਂ ਨੇ ਕਿਹਾ ਕਿ ਪੂਰਾ ਬਿੱਲ ਮਿਲਣ 'ਤੇ ਹੀ ਮਾਲ ਨੂੰ ਰਿਲੀਜ਼ ਕੀਤਾ ਜਾਵੇਗਾ, ਨਹੀਂ ਤਾਂ ਬਣਦੀ ਕਾਰਵਾਈ ਕਰਦਿਆਂ ਜੁਰਮਾਨਾ ਵਸੂਲਿਆ ਜਾਵੇਗਾ। ਸੂਚਨਾ ਮੁਤਾਬਕ ਜਿਸ ਵਿਅਕਤੀ ਦਾ ਇਹ ਮਾਲ ਹੈ, ਉਹ ਪਹਿਲਾਂ ਰੇਲਵੇ ਸਟੇਸ਼ਨ 'ਤੇ ਕੰਮ ਕਰਦਾ ਸੀ। ਟਰੇਨਾਂ ਬੰਦ ਹੋਣ ਕਾਰਣ ਉਹ ਟਰਾਂਸਪੋਰਟ ਜ਼ਰੀਏ ਧੜੱਲੇ ਨਾਲ ਦੋ ਨੰਬਰ ਦਾ ਮਾਲ ਮੰਗਵਾ ਰਿਹਾ ਹੈ। ਇਸ ਵਿਅਕਤੀ ਕੋਲੋਂ ਪਹਿਲਾਂ ਫੜੇ 2 ਨਗਾਂ ਨੂੰ ਵੀ ਅੱਜ ਅਧਿਕਾਰੀਆਂ ਨੇ ਜੁਰਮਾਨਾ ਲਾਇਆ ਹੈ। ਵਾਰ-ਵਾਰ ਮਾਲ ਫੜੇ ਜਾਣ ਦੇ ਬਾਵਜੂਦ ਉਕਤ ਿਵਅਕਤੀ ਇਸ ਨਾਜਾਇਜ਼ ਧੰਦੇ ਤੋਂ ਬਾਜ਼ ਨਹੀਂ ਆ ਰਿਹਾ। 'ਜਗ ਬਾਣੀ' ਵੱਲੋਂ ਇਸ ਬਾਰੇ ਜਲਦ ਹੋਰ ਵੀ ਖੁਲਾਸੇ ਕੀਤੇ ਜਾਣਗੇ।
ਦੂਜੇ ਪਾਸੇ ਮੋਬਾਇਲ ਵਿੰਗ ਵੱਲੋਂ ਰੇਲਵੇ ਸਟੇਸ਼ਨ ਤੋਂ ਕੁਝ ਦਿਨ ਪਹਿਲਾਂ ਕਬਜ਼ੇ ਵਿਚ ਲਏ ਗਏ 33 ਨਗਾਂ ਵਿਚੋਂ ਸਿਰਫ 10 'ਤੇ ਕਰੀਬ ਇਕ ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਬਾਕੀ ਦੇ ਨਗ ਅਜੇ ਵੀ ਜੀ. ਐੱਸ. ਟੀ. ਵਿਭਾਗ ਦੇ ਕਬਜ਼ੇ ਵਿਚ ਹਨ। ਇਨ੍ਹਾਂ ਦੇ ਬਿੱਲ ਵੀ ਅਧਿਕਾਰੀਆਂ ਤੱਕ ਨਹੀਂ ਪਹੁੰਚੇ। ਅਧਿਕਾਰੀਆਂ ਨੇ ਕਿਹਾ ਕਿ ਬਿੱਲ ਨਾ ਆਉਣ ਦੀ ਸੂਰਤ ਵਿਚ ਬਣਦੀ ਕਾਰਵਾਈ ਕਰ ਕੇ ਜੁਰਮਾਨਾ ਵਸੂਲਿਆ ਜਾਵੇਗਾ।


Aarti dhillon

Content Editor

Related News