ਖੇਤੀ ਨਾਲ ਸਬੰਧਤ ਚੀਜ਼ਾਂ 'ਤੇ ਜੀ. ਐੱਸ. ਟੀ. ਹੋਵੇ ਖਤਮ : ਚੰਦੂਮਾਜਰਾ

Tuesday, Dec 25, 2018 - 12:42 PM (IST)

ਖੇਤੀ ਨਾਲ ਸਬੰਧਤ ਚੀਜ਼ਾਂ 'ਤੇ ਜੀ. ਐੱਸ. ਟੀ. ਹੋਵੇ ਖਤਮ : ਚੰਦੂਮਾਜਰਾ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ)—ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬਾਗੀ ਅਕਾਲੀਆਂ ਵਲੋਂ ਨਵਾਂ ਅਕਾਲੀ ਦਲ ਬਣਾਉਣ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਨਵੀਂ ਪਾਰਟੀ ਬਣਾਉਣ ਦਾ ਸਭ ਕੋਲ ਹੱਕ ਹੈ ਪਰ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਦੇਣ ਕਦੇ ਵੀ ਭੁਲਾਈ ਨਹੀਂ ਜਾ ਸਕਦੀ।

ਅੱਜ ਸ੍ਰੀ ਅਨੰਦਪੁਰ ਸਾਹਿਬ ਫੇਰੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ  ਕਿਹਾ ਕਿ ਕਿਸਾਨਾਂ ਦੇ ਭਲੇ ਲਈ ਖੇਤੀ ਨਾਲ ਸਬੰਧਤ ਚੀਜ਼ਾਂ 'ਤੇ ਜੀ.ਐੱਸ.ਟੀ. ਮੁਆਫ ਕਰਨ ਦੀ ਭਾਰਤ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਤਾਂ ਕਿ ਦੇਸ਼ ਦੇ ਅੰਨਦਾਤੇ ਨੂੰ ਸਹੂਲਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ ਤੇ ਕਰਜ਼ੇ ਦੀ ਮਾਰ ਝੱਲ ਰਿਹਾ ਹੈ, ਉਸ ਨੂੰ ਇਸ ਹਾਲਾਤ 'ਚ ਕੱਢਣ ਲਈ ਜੀ.ਐੱਸ.ਟੀ. ਤੋਂ ਛੋਟ ਮਿਲਣੀ ਬਹੁਤ ਜਰੂਰੀ ਹੈ। ਪੰਚਾਇਤੀ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਸ਼ਹੀਦੀ ਹਫਤੇ ਦੌਰਾਨ ਪੰਚਾਇਤੀ ਚੋਣਾਂ ਕਰਵਾਉਣੀਆਂ ਅਫਸੋਸਨਾਕ ਹਨ, ਭਾਵੇਂ ਅਕਾਲੀ ਦਲ ਦੀ ਪੰਚਾਇਤੀ ਚੋਣਾਂ ਅੱਗੇ ਪਾਏ ਜਾਣ ਦੀ ਗੱਲ ਸਰਕਾਰ ਵਲੋਂ ਨਹੀਂ ਮੰਨੀ ਗਈ ਪਰ ਹੁਣ ਕਈ ਕਾਂਗਰਸੀ ਮੰਤਰੀ ਵੀ ਇਸ ਨਾਲ ਸਹਿਮਤ ਹਨ ਕਿ ਇਨ੍ਹਾਂ ਸ਼ਹੀਦੀ ਦਿਨਾਂ ਵਿਚ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਸਨ। ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਵਾਸੀਆਂ ਨੂੰ ਪਾਣੀ ਦੇ ਵਧੇ ਰੇਟਾਂ ਵਾਲੇ ਬਿੱਲ ਆਉਣ ਸਬੰਧੀ ਚੰਦੂਮਾਜਰਾ ਨੇ ਕਿਹਾ ਕਿ ਇਸ ਗੁਰੂ ਨਗਰੀ ਨੂੰ ਤਾਂ ਮੁਫਤ ਪਾਣੀ ਦੇਣਾ ਚਾਹੀਦਾ ਸੀ ਪਰ ਅਫਸੋਸ ਇਸ ਗੁਰੂ ਨਗਰੀ ਸਹਿਤ ਪੰਜਾਬ ਦੇ ਪੰਜ ਸ਼ਹਿਰਾਂ 'ਚ ਪਾਣੀ ਦੇ ਤਿੱਗਣੇ ਰੇਟ ਕਰ ਦੇਣੇ ਸੂਬਾ ਸਰਕਾਰ ਨੂੰ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਬਾਰੇ ਉਨ੍ਹਾਂ ਕਿਹਾ ਕਿ ਕੋਈ ਵੀ ਅਕਾਲੀ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦਾ।  ਇਸ ਲਈ ਸਮੁੱਚੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਖਿਮਾ ਜਾਚਨਾ ਦੀ ਅਰਦਾਸ ਵੀ ਕੀਤੀ ਤੇ ਪਾਰਟੀ ਮੰਗ ਕਰਦੀ ਹੈ ਕਿ ਇਸ ਦਾ ਸੱਚ ਸਾਹਮਣੇ ਜ਼ਰੂਰ ਆਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਰਕਲ ਪ੍ਰਧਾਨ ਮਾਸਟਰ ਹਰਜੀਤ ਸਿੰਘ ਅਚਿੰਤ ਅਤੇ ਜਥੇਦਾਰ ਸੁਰਿੰਦਰ ਸਿੰਘ ਮਟੋਰ, ਯੂਥ ਆਗੂ ਇੰਦਰਜੀਤ ਸਿੰਘ ਬੇਦੀ, ਆਸ਼ੂ ਧੀਮਾਨ ਆਦਿ ਹਾਜ਼ਰ ਸਨ।


author

Shyna

Content Editor

Related News