300 ਕਰੋੜ ਦੀ ਗੋਲਡਨ ਪ੍ਰਾਪਰਟੀ ਨੂੰ ‘ਪਲੈਟਨਮ’ ਬਣਾ ਕੇ ਵੇਚੇਗਾ ਇੰਪਰੂਵਮੈਂਟ ਟਰੱਸਟ

Wednesday, Oct 24, 2018 - 05:53 AM (IST)

300 ਕਰੋੜ ਦੀ ਗੋਲਡਨ ਪ੍ਰਾਪਰਟੀ ਨੂੰ ‘ਪਲੈਟਨਮ’ ਬਣਾ ਕੇ ਵੇਚੇਗਾ ਇੰਪਰੂਵਮੈਂਟ ਟਰੱਸਟ

ਜਲੰਧਰ,    (ਪੁਨੀਤ)-  ਰੇਲਵੇ ਸਟੇਸ਼ਨ ਦੇ ਕੋਲ ਇੰਪਰੂਵਮੈਂਟ ਟਰੱਸਟ  ਦੀ 2.75 ਏਕੜ ਵਾਲੀ  ਜ਼ਮੀਨ ਨੂੰ ਗੋਲਡਨ ਪ੍ਰਾਪਰਟੀ ਸਮਝਿਆ ਜਾ ਰਿਹਾ ਹੈ। ਇਸ ਪ੍ਰਾਪਰਟੀ ਨੂੰ ਟਰੱਸਟ ਵਲੋਂ ‘ਪਲੈਟਨਮ’ ਪ੍ਰਾਪਰਟੀ ਬਣਾ ਕੇ ਅਤੇ ਮਹਿੰਗੀ ਕੀਮਤ ’ਚ ਵੇਚਿਆ ਜਾਵੇਗਾ। ਚੰਡੀਗੜ੍ਹ ਤੋਂ  ਜਲੰਧਰ ਪਹੁੰਚੇ ਇੰਪਰੂਵਮੈਂਟ ਦੇ ਚੀਫ ਇੰਜੀਨੀਅਰ ਮੁਕੁਲ ਸੋਨੀ ਨੇ ਬੀਤੇ ਦਿਨੀਂ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਪ੍ਰਾਪਰਟੀ ਦੀ ਨੀਲਾਮੀ ਪ੍ਰਕਿਰਿਆ ’ਤੇ ਉਹ ਖੁਦ  ਨਜ਼ਰ ਰੱਖ ਰਹੇ ਹਨ। ਇਸ ਪ੍ਰਾਪਰਟੀ ਲਈ ਟਰੱਸਟ ਵਲੋਂ ਮਾਰਕੀਟ ਟਰੈਂਡ ਨੂੰ ਜਾਣਿਆ ਜਾਵੇਗਾ।  ਟਰੱਸਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਮੀਨ ਦੇ ਮਿਕਸਲੈਂਡ ਯੂਜ਼ ਲਈ ਸਰਕਾਰ ਤੋਂ  ਪ੍ਰਵਾਨਗੀ ਮੰਗੀ ਜਾ ਰਹੀ ਹੈ ਤਾਂ ਜੋ ਇਸ ਦਾ ਇਸਤੇਮਾਲ ਮਾਰਕੀਟ ਟਰੈਂਡ ਦੇ ਮੁਤਾਬਕ ਕੀਤਾ  ਜਾ ਸਕੇ। 
ਇਸ ਜ਼ਮੀਨ ਦਾ ਟਰੱਸਟ ਨੂੰ ਬੇਹੱਦ ਲਾਭ ਹੋਵੇਗਾ ਕਿਉਂਕਿ ਜ਼ਮੀਨ ਦੇ ਸਾਹਮਣੇ  ਰੇਲਵੇ ਸਟੇਸ਼ਨ ਦਾ ਸੈਕਿੰਡ ਐਂਟਰੀ ਗੇਟ ਖੋਲ੍ਹਿਆ ਜਾ ਰਿਹਾ ਹੈ, ਜਿਸ ਕਾਰਨ ਇਸ ਦੀ ਕੀਮਤ  ਆਸਮਾਨ ਨੂੰ ਛੂਹ ਜਾਵੇਗੀ ਅਤੇ ਉੱਚੀ ਬੋਲੀ ਲੱਗੇਗੀ। ਫਿਲਹਾਲ ਜੋ ਜਾਣਕਾਰੀ ਮਿਲ ਰਹੀ  ਹੈ, ਉਸ ਮੁਤਾਬਕ ਇਸ ਜ਼ਮੀਨ ਦੀ ਕੀਮਤ 300 ਕਰੋੜ ਦੇ ਕਰੀਬ ਹੋ ਸਕਦੀ ਹੈ। ਇਸ ਜ਼ਮੀਨ ਨੂੰ ਟਰੱਸਟ ਵਲੋਂ ਹੋਟਲ ਸਾਈਟ ਲਈ ਵੇਚਿਆ ਜਾ ਸਕਦਾ ਹੈ। ਟਰੱਸਟ ਦੇ ਸੁਪਰਿੰਟੈਂਡੈਂਟ  ਇੰਜੀਨੀਅਰ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਮਾਰਕੀਟ ਵਿਚ ਐੱਸ. ਸੀ. ਓ. ਦੀ ਡਿਮਾਂਡ ਸਾਹਮਣੇ ਆਵੇਗੀ ਤਾਂ ਟਰੱਸਟ ਉਸ ’ਤੇ ਵੀ ਵਿਚਾਰ ਕਰੇਗਾ। ਐੱਸ. ਸੀ. ਓ. ਬਣਨ ਦੀ  ਲੜੀ ਵਿਚ ਟਰੱਸਟ ਵਲੋਂ ਬੇਸਮੈਂਟ ਪਾਰਕਿੰਗ ਆਦਿ ਬਣਾ ਕੇ ਇਸ ਦੀ ਕੀਮਤ ਦਾ ਵਧਾ ਕੇ  ਇਸ ਨੂੰ ਪਲੈਟਨਮ ਪ੍ਰਾਪਰਟੀ ਬਣਾਇਆ ਜਾਵੇਗਾ। ਅਧਿਕਾਰੀ ਕਹਿੰਦੇ ਹਨ ਕਿ ਇਸ ਜ਼ਮੀਨ ’ਤੇ 3  ਹੋਟਲ ਬਣਾਏ ਜਾ ਸਕਦੇ ਹਨ। ਇਸ ਲਈ ਟਰੱਸਟ ਮਾਰਕੀਟ ਟਰੇਡ ਜਾਣੇਗਾ। 
ਮੌਜੂਦਾ ਸਮੇਂ  ’ਤੇ ਟਰੱਸਟ ’ਤੇ 225 ਕਰੋੜ ਦਾ ਬਕਾਇਆ ਹੈ। ਇਸ ਜ਼ਮੀਨ ਨੂੰ ਵੇਚਣ ਨਾਲ ਟਰੱਸਟ ਦੇ ਸਾਰੇ  ਕਰਜ਼ੇ ਉਤਰ ਜਾਣਗੇ ਅਤੇ ਟਰੱਸਟ ਦੀ ਵਿੱਤੀ ਹਾਲਤ ਬੇਹੱਦ ਮਜ਼ਬੂਤ ਹੋ ਜਾਵੇਗੀ। ਚੰਡੀਗੜ੍ਹ ਬੈਠੇ ਅਧਿਕਾਰੀਆਂ ਵਲੋਂ ਜ਼ਮੀਨ ਦੀ ਨੀਲਾਮੀ ਪ੍ਰਕਿਰਿਆ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ  ਤਾਂ ਜੋ ਮਿਲੀਭੁਗਤ ਦੇ ਕਾਰਨ ਜ਼ਮੀਨ ਨੂੰ ਘੱਟ ਕੀਮਤਾਂ ’ਚ ਨੀਲਾਮ ਨਾ ਕੀਤਾ ਜਾਵੇ। ਇਸ ਦੀ  ਈ-ਆਕਸ਼ਨ ਵੀ ਕਰਵਾਈ ਜਾ ਸਕਦੀ ਹੈ ਤਾਂ ਜੋ ਨੀਲਾਮੀ ਪ੍ਰਕਿਰਿਆ ਵਿਚ ਵੱਡੀਅਾਂ ਕੰਪਨੀਆਂ ਹਿੱਸਾ ਲੈ ਸਕਣ। ਟਰੱਸਟ ਨੂੰ ਇਸ ਤੋਂ ਲਾਭ ਹੋਵੇਗਾ। ਟਰੱਸਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੀਲਾਮੀ ਦੇ ਨਾਲ-ਨਾਲ ਟਰੱਸਟ ਵਲੋਂ 289 ਕਰੋੜ ਦੀ ਉਸ ਜਾਇਦਾਦ ਨੂੰ ਵੀ ਨੀਲਾਮ  ਕੀਤਾ ਜਾਵੇਗਾ ਜੋ ਪੀ. ਐੱਨ. ਬੀ. ਦੇ ਕੋਲ ਗਿਰਵੀ ਪਈ ਹੈ। ਟਰੱਸਟ ਅਧਿਕਾਰੀਆਂ ਦਾ ਕਹਿਣਾ  ਹੈ ਕਿ ਗਿਰਵੀ ਪਈ ਜ਼ਮੀਨ ਦੀ ਨੀਲਾਮੀ ਲਈ ਕੀਮਤ ਰਿਵਾਈਜ਼ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੀ  ਵਾਰ ਦੇ ਮੁਕਾਬਲੇ ਇਸ ਵਾਰ ਕੀਮਤ ਘੱਟ ਕੀਤੀ ਜਾਵੇਗੀ ਤਾਂ ਜੋ ਮਾਰਕੀਟ ਤੋਂ ਚੰਗਾ  ਰਿਸਪਾਂਸ ਮਿਲ ਸਕੇ। 
 


Related News