ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਜੋੜਾ ਘਰ ਨੇੜੇ ਗੈਂਗਵਾਰ, ਆਪਸ ’ਚ ਭਿੜੇ ਨੌਜਵਾਨ

Saturday, Sep 24, 2022 - 04:27 PM (IST)

ਸੁਲਤਾਨਪੁਰ ਲੋਧੀ (ਧੀਰ)- ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬੀਤੀ ਰਾਤ 8.30 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂ ਨਾਲ ਨੌਜਵਾਨਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਦੋਂ ਸ਼ਰਧਾਲੂ ਜਸਪਾਲ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਰੇਲਵੇ ਰੋਡ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਕਾਰ ਪਾਰਕ ਕਰਕੇ ਦਰਬਾਰ ਸਾਹਿਬ ਵੱਲ ਜਾ ਰਿਹਾ ਸੀ ਤਾਂ ਅਚਾਨਕ 3-4 ਨੌਜਵਾਨ ਆਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਸਵਿੱਫਟ ਕਾਰ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਸਥਿਤੀ ਇੰਨੀ ਬੇਕਾਬੂ ਹੋ ਗਈ ਕਿ ਉਨ੍ਹਾਂ ਜਸਪਾਲ ਸਿੰਘ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਰੇ ਨੌਜਵਾਨ ਗੁਰੂ ਘਰ ਦੀ ਪਾਰਕਿੰਗ ’ਚ ਨਸ਼ਾ ਕਰਕੇ ਦਾਖ਼ਲ ਹੋਏ ਸਨ।

ਉਕਤ ਨੌਜਵਾਨਾਂ ਨੇ ਜਸਪਾਲ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਸਪਾਲ ਸਿੰਘ ਨੂੰ ਉਥੇ ਮੌਜੂਦ ਸੰਗਤ ਵੱਲੋਂ ਉਕਤ ਨੌਜਵਾਨਾਂ ਦੇ ਚੁੰਗਲ ’ਚੋਂ ਛੁਡਵਾਇਆ ਗਿਆ। ਜਸਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਉਕਤ ਨੌਜਵਾਨਾਂ ਨੂੰ ਨਹੀਂ ਪਛਾਣਦਾ। ਉਨ੍ਹਾਂ ਸਾਰੇ ਗੁੰਡਾਗਰਦੀ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਜਸਪਾਲ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ: ਬਲਜੀਤ ਸਿੰਘ ਦਾਦੂਵਾਲ ਬੋਲੇ, ਸ਼੍ਰੋਮਣੀ ਕਮੇਟੀ ਗੁਰਧਾਮਾਂ ਦਾ ਪ੍ਰਬੰਧ ਖ਼ੁਦ ਹਰਿਆਣਾ ਕਮੇਟੀ ਨੂੰ ਸੌਂਪੇ

PunjabKesari

ਕੀ ਕਹਿਣੈ ਦੂਜੀ ਧਿਰ ਦਾ
ਦੂਜੇ ਪਾਸੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਜ਼ੇਰੇ ਇਲਾਜ ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਾਹਵਾਲਾ ਅੰਦਰੀਸਾ, ਅਨਮੋਲਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸੱਦੂਵਾਲ, ਦੀਪਕ ਪੁੱਤਰ ਵਕੀਲ ਵਾਸੀ ਚੰਡੀਗੜ੍ਹ ਬਸਤੀ ਨੇ ਦੱਸਿਆ ਕਿ ਜਦੋਂ ਉਹ ਊਧਮ ਸਿੰਘ ਚੌਕ ਤੋਂ ਆ ਰਹੇ ਸਨ ਤਾਂ ਉਕਤ ਨੌਜਵਾਨ ਨੇ ਸਾਨੂੰ ਗੱਡੀ ਨਾਲ ਟੱਕਰ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਆ ਕੇ ਨੌਜਵਾਨ ਨੂੰ ਪੁੱਛਿਆ ਕਿ ਉਸ ਨੇ ਗੱਡੀ ਨਾਲ ਟੱਕਰ ਕਿਉਂ ਮਾਰੀ ਹੈ ਤਾਂ ਨੌਜਵਾਨ ਨੇ ਅੱਗੋਂ ਸਾਡੇ ਨਾਲ ਕੁੱਟਮਾਰ ਕੀਤੀ। ਉਕਤ ਨੌਜਵਾਨਾਂ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਸਵਿੱਫਟ ਕਾਰ ਮਾਲਕ ਬੋਲਿਆ, ਗੁਰੂਘਰ ਦੀ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ’ਤੇ ਹੋਵੇ ਕਾਰਵਾਈ
ਜਾਣਕਾਰੀ ਦਿੰਦਿਆਂ ਸਵਿੱਫਟ ਕਾਰ ਦੇ ਮਾਲਕ ਸ਼ਿਵਾ ਪੁੱਤਰ ਪਵਨਜੀਤ ਵਾਸੀ ਆਰ. ਸੀ. ਐੱਫ਼. ਨੇ ਦੱਸਿਆ ਕਿ ਅੱਜ ਉਸ ਦੀ ਕੁੜੀ ਦਾ ਜਨਮ ਦਿਨ ਸੀ ਅਤੇ ਉਹ ਗੁਰੂ ਘਰ ’ਚ ਨਤਮਸਤਕ ਹੋਣ ਦੇ ਲਈ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਅੰਦਰ ਗਏ ਹੋਏ ਸੀ। ਜਦੋਂ ਉਹ ਬਾਹਰ ਆਏ ਤਾਂ ਉਹ ਦੇਖ ਕੇ ਹੈਰਾਨ ਹੋ ਗਏ ਕਿ ਉਕਤ ਨੌਜਵਾਨਾਂ ਨੇ ਆਪਸ ’ਚ ਲੜਾਈ ਝਗੜਾ ਕਰਦੇ ਹੋਏ ਸਾਡੀ ਸਵਿੱਫਟ ਦੇ ਬੁਰੀ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਸ਼ੀਸ਼ੇ ਤੋੜ ਦਿੱਤੇ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਨੌਜਵਾਨਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਕੇ ਗੁਰੂਘਰ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਾਂ ਕੋਈ ਵੀ ਸ਼ਰਧਾਲੂ ਗੁਰੂ ਘਰ ਮੱਥਾ ਟੇਕਣ ਨਹੀਂ ਆਵੇਗਾ। ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।

PunjabKesari

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਤੋਂ ਜਲੰਧਰ ਲਿਆਵੇਗੀ ਪੁਲਸ, ਸ਼ਹਿਰ ’ਚ ਹਾਈ ਅਲਰਟ

ਥਾਣਾ ਮੁਖੀ ਜਸਪਾਲ ਸਿੰਘ ਭਾਰੀ ਪੁਲਸ ਫੋਰਸ ਨਾਲ ਘਟਨਾ ਸਥਾਨ ’ਤੇ ਪੁੱਜੇ
ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਜਸਪਾਲ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਅਮਰੀਕਾ ’ਚ ਕਤਲ ਕੀਤੇ ਕਪੂਰਥਲਾ ਦੇ ਪਰਮਵੀਰ ਨੂੰ ਭੈਣ ਨੇ ਸਿਰ 'ਤੇ ਕਲਗੀ ਸਜਾ ਕੇ ਦਿੱਤੀ ਅੰਤਿਮ ਵਿਦਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


shivani attri

Content Editor

Related News