ਧੋਖਾਦੇਹੀ ਦੇ ਮਾਮਲਿਆਂ ’ਚ ਸਾਈਬਰ ਕ੍ਰਾਈਮ ਪੁਲਸ ਨੇ ਦਰਜ ਕੀਤੇ ਮੁਕੱਦਮੇ

Saturday, Nov 21, 2026 - 07:34 PM (IST)

ਧੋਖਾਦੇਹੀ ਦੇ ਮਾਮਲਿਆਂ ’ਚ ਸਾਈਬਰ ਕ੍ਰਾਈਮ ਪੁਲਸ ਨੇ ਦਰਜ ਕੀਤੇ ਮੁਕੱਦਮੇ

ਹੁਸ਼ਿਆਰਪੁਰ (ਰਾਕੇਸ਼)-ਥਾਣਾ ਸਾਈਬਰ ਕ੍ਰਾਈਮ ਪੁਲਸ ਹੁਸ਼ਿਆਰਪੁਰ ਵੱਲੋਂ ਆਨਲਾਈਨ ਠੱਗੀ ਅਤੇ ਸਾਈਬਰ ਧੋਖਾਧੜੀ ਦੇ ਦੋ ਵੱਖ-ਵੱਖ ਮਾਮਲਿਆਂ ’ਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਦੋਵਾਂ ਵਾਰਦਾਤਾਂ ਵਿੱਚ ਠੱਗਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਕੁੱਲ 3 ਲੱਖ 71 ਹਜ਼ਾਰ 940 ਰੁਪਏ ਦੀ ਠੱਗੀ ਮਾਰੀ ਗਈ ਹੈ।

ਪਹਿਲੇ ਮਾਮਲੇ ’ਚ ਹਰਬੰਸ ਸਿੰਘ ਸਹੋਤਾ ਪੁੱਤਰ ਊਧਮ ਸਿੰਘ ਸਹੋਤਾ ਵਾਸੀ ਮੁਹੱਲਾ ਬਾਬੀਆਂ ਵਾਲਾ, ਗੜ੍ਹਦੀਵਾਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਫ਼ੇਸਬੁੱਕ ’ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਇਕ ਵੀਡੀਓ ਰਾਹੀਂ ਦਿਖਾਇਆ ਜਾ ਰਿਹਾ ਨਿਵੇਸ਼ ਸਬੰਧੀ ਇਸ਼ਤਿਹਾਰ ਦੇਖ ਰਿਹਾ ਸੀ, ਜਿਸ ’ਚ 22,000 ਰੁਪਏ ਲਗਾਉਣ ’ਤੇ ਮੋਟਾ ਮੁਨਾਫ਼ਾ ਮਿਲਣ ਦਾ ਲਾਲਚ ਦਿੱਤਾ ਗਿਆ ਸੀ। ਇਸ਼ਤਿਹਾਰ ’ਚ ਦਿੱਤੇ ਗਏ ਫ਼ਾਰਮ ਰਾਹੀਂ ਆਪਣੀ ਜਾਣਕਾਰੀ ਭਰਨ ਉਪਰੰਤ ਉਸ ਨੂੰ ਇਕ ਮੋਬਾਈਲ ਨੰਬਰ ਤੋਂ ਫ਼ੋਨ ਆਇਆ, ਜਿਸ ’ਚ ਆਪਣੇ ਆਪ ਨੂੰ ਮੈਨੇਜਰ ਦੱਸਣ ਵਾਲੀ ਇਕ ਔਰਤ ਨੇ ਉਸ ਨੂੰ ਪੈਸੇ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ। ਉਸ ਦੇ ਕਹਿਣ ’ਤੇ ਪੀੜਤ ਨੇ ਪਹਿਲਾਂ ਦੋ ਟ੍ਰਾਂਜ਼ੈਕਸ਼ਨਾਂ ਰਾਹੀਂ 21,950 ਰੁਪਏ ਅਤੇ 19,990 ਰੁਪਏ ਭੇਜੇ ਅਤੇ ਬਾਅਦ ’ਚ ਵਿਕਰਮ ਨਾਮਕ ਵਿਅਕਤੀ ਦੇ ਕਹਿਣ ’ਤੇ 2 ਲੱਖ ਰੁਪਏ ਹੋਰ ਟ੍ਰਾਂਸਫ਼ਰ ਕਰ ਦਿੱਤੇ।

ਠੱਗਾਂ ਵੱਲੋਂ ਉਸ ਨੂੰ ਆਨਲਾਈਨ ਟ੍ਰੇਡਿੰਗ ਪਲੇਟਫ਼ਾਰਮ ’ਤੇ ਜਾਅਲੀ ਮੁਨਾਫ਼ਾ ਵੀ ਵਿਖਾਇਆ ਗਿਆ ਅਤੇ ਹੋਰ ਪੈਸੇ ਲਗਾਉਣ ਲਈ ਦਬਾਅ ਪਾਇਆ ਗਿਆ। ਜਦੋਂ ਮੁਲਜ਼ਮਾਂ ਨੇ ਉਸ ਨੂੰ ਕਿਸੇ ਨਿੱਜੀ ਬੈਂਕ ਖ਼ਾਤੇ ’ਚ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਤਾਂ ਉਸ ਨੂੰ ਧੋਖਾਦੇਹੀ ਦਾ ਅਹਿਸਾਸ ਹੋਇਆ। ਇਸ ਤਰ੍ਹਾਂ ਅਣਪਛਾਤੇ ਸਾਈਬਰ ਠੱਗਾਂ ਨੇ ਫ਼ਰਜ਼ੀ ਵੀਡੀਓ ਅਤੇ ਨਿਵੇਸ਼ ਦਾ ਝਾਂਸਾ ਦੇ ਕੇ ਉਸ ਨਾਲ ਕੁੱਲ੍ਹ 2 ਲੱਖ 41 ਹਜ਼ਾਰ 940 ਰੁਪਏ ਦੀ ਠੱਗੀ ਮਾਰੀ।

ਦੂਜੇ ਮਾਮਲੇ ’ਚ ਸੰਜੀਵ ਕੁਮਾਰ ਪੁੱਤਰ ਰਮੇਸ਼ ਚੰਦ ਵਾਸੀ ਪਿੰਡ ਭਡਿਆਰਾਂ ਥਾਣਾ ਤਲਵਾੜਾ ਨੇ ਦੱਸਿਆ ਕਿ ਉਹ ਈ. ਸੀ. ਐੱਚ. ਐੱਸ. ਪੌਲੀਕਲੀਨਿਕ ਤਲਵਾੜਾ ਵਿਖੇ ਕੰਟਰੈਕਟ ਆਧਾਰ ’ਤੇ ਸੇਵਾਵਾਂ ਨਿਭਾ ਰਿਹਾ ਹੈ। ਬੀਤੀ 22 ਮਈ ਨੂੰ ਉਸ ਦੇ ਮੋਬਾਇਲ ਫ਼ੋਨ ’ਤੇ ਅਚਾਨਕ ਸੌਫ਼ਟਵੇਅਰ ਅਪਡੇਟ ਹੋਣ ਦੌਰਾਨ ਉਸ ਦੇ ਪੰਜਾਬ ਨੈਸ਼ਨਲ ਬੈਂਕ ਦੇ ਖ਼ਾਤੇ ’ਚੋਂ 99,000 ਰੁਪਏ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਖ਼ਾਤੇ ’ਚੋਂ 31,000 ਰੁਪਏ ਕੁੱਲ 1,30,000 ਰੁਪਏ ਦੀਆਂ 2 ਅਣਅਧਿਕਾਰਤ ਟ੍ਰਾਂਜ਼ੈਕਸ਼ਨਾਂ ਹੋ ਗਈਆਂ।

ਪੀੜਤ ਮੁਤਾਬਕ 31 ਮਈ ਨੂੰ ਫ਼ੋਨ ਚੈੱਕ ਕਰਨ ’ਤੇ ਉਸ ਨੂੰ ਇਨ੍ਹਾਂ ਟ੍ਰਾਂਜ਼ੈਕਸ਼ਨਾਂ ਦਾ ਪਤਾ ਲੱਗਾ, ਜਦਕਿ ਉਸ ਵੱਲੋਂ ਕਿਸੇ ਵੀ ਵਿਅਕਤੀ ਨਾਲ ਕੋਈ ਓ. ਟੀ. ਪੀ. ਜਾਂ ਬੈਂਕ ਖ਼ਾਤੇ ਦੀ ਗੁਪਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ। ਉਸ ਨੇ ਸ਼ੱਕ ਜਤਾਇਆ ਕਿ ਕਿਸੇ ਅਣਪਛਾਤੇ ਸਾਈਬਰ ਅਪਰਾਧੀ ਨੇ ਉਸ ਦਾ ਮੋਬਾਇਲ ਫ਼ੋਨ ਹੈਕ ਕਰ ਕੇ ਖ਼ਾਤਿਆਂ ’ਚੋਂ ਇਹ ਰਕਮ ਕੱਢਵਾਈ ਹੈ। ਥਾਣਾ ਸਾਈਬਰ ਕ੍ਰਾਈਮ ਪੁਲਿਸ ਨੇ ਦੋਵਾਂ ਸ਼ਿਕਾਇਤਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਤਕਨੀਕੀ ਪੱਖੋਂ ਜਾਂਚ ਆਰੰਭ ਦਿੱਤੀ ਹੈ।
 


author

shivani attri

Content Editor

Related News