ਸ਼ਿਕਾਰ ਲਈ ਜੰਗਲ ਵਿਚ ਰੱਖੀ ਪੋਟਾਸ਼ ਖਾਣ ਨਾਲ ਬੇਸਹਾਰਾ ਬਲਦ ਗੰਭੀਰ ਜ਼ਖ਼ਮੀ, ਮੂੰਹ ਫਟਿਆ
Saturday, Nov 21, 2026 - 03:39 PM (IST)
ਤਲਵਾੜਾ (ਜੋਸ਼ੀ): ਪਿੰਡ ਰਜਵਾਲ ਦੇ ਜੰਗਲ ਵਿਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਰੱਖੀ ਗਈ ਗੰਧਕ-ਪੋਟਾਸ਼ ਦੀ ਪੋਟਲੀ ਖਾਣ ਨਾਲ ਇੱਕ ਬੇਸਹਾਰਾ ਬਲਦ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਧਮਾਕੇ ਕਾਰਨ ਬਲਦ ਦਾ ਮੂੰਹ ਬੁਰੀ ਤਰ੍ਹਾਂ ਫਟ ਗਿਆ। ਇਸ ਘਟਨਾ ਨੇ ਜੰਗਲਾਂ ਵਿੱਚ ਨਾਜਾਇਜ਼ ਸ਼ਿਕਾਰ ਲਈ ਧਮਾਕਾਖੇਜ਼ ਸਮੱਗਰੀ ਰੱਖੇ ਜਾਣ ਅਤੇ ਬੇਸਹਾਰਾ ਪਸ਼ੂਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਬੰਧੀ ਸਮਾਜ ਸੇਵੀ ਕਰਨ ਕੁਮਾਰ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਵਿਖੇ ਰਹਿੰਦੇ ਹਨ ਅਤੇ ਹਾਦਸਾਗ੍ਰਸਤ ਬੇਸਹਾਰਾ ਤੇ ਜੰਗਲੀ ਪਸ਼ੂਆਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਂਦੇ ਹਨ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਜਦੋਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜੰਗਲ ਵਿੱਚ ਸ਼ਿਕਾਰੀਆਂ ਵੱਲੋਂ ਜੰਗਲੀ ਜਾਨਵਰਾਂ ਦੇ ਸ਼ਿਕਾਰ ਲਈ ਗੰਧਕ-ਪੋਟਾਸ਼ ਦੀ ਪੋਟਲੀ ਰੱਖੀ ਗਈ ਸੀ। ਘਾਹ ਚਰਦੇ ਸਮੇਂ ਬਲਦ ਨੇ ਉਕਤ ਪੋਟਲੀ ਚੱਬ ਲਈ, ਜਿਸ ਕਾਰਨ ਧਮਾਕਾ ਹੋ ਗਿਆ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਕਰਨ ਕੁਮਾਰ ਅਤੇ ਪਿੰਡ ਰਜਵਾਲ ਦੇ ਲੋਕਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਸਮੇਤ ਸਥਾਨਕ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ ਅਤੇ ਜੰਗਲਾਂ ਵਿੱਚ ਬੇਸਹਾਰਾ ਘੁੰਮ ਰਹੇ ਪਸ਼ੂਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਠੋਸ ਰਣਨੀਤੀ ਬਣਾਈ ਜਾਵੇ ਅਤੇ ਨਾਜਾਇਜ਼ ਸ਼ਿਕਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਸ਼ਾ ਮੁਕਤ ਕੰਢੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸਿੰਘ ਅਤੇ ਕੰਢੀ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸੜਕਾਂ 'ਤੇ ਦਿਨ-ਰਾਤ ਘੁੰਮਣ ਵਾਲੇ ਬੇਸਹਾਰਾ ਪਸ਼ੂਆਂ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਦਕਿ ਦੋਪਹੀਆ ਵਾਹਨਾਂ ਦੀ ਟੱਕਰ ਨਾਲ ਅਨੇਕਾਂ ਲੋਕ ਅਪਾਹਜ ਵੀ ਹੋਏ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਜੇਕਰ ਸਰਕਾਰ ਇਸ ਸਮੱਸਿਆ 'ਤੇ ਪ੍ਰਭਾਵਸ਼ਾਲੀ ਕਾਬੂ ਨਹੀਂ ਪਾ ਸਕਦੀ, ਤਾਂ ਬੇਸਹਾਰਾ ਪਸ਼ੂਆਂ ਕਾਰਨ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਜਾਂ ਜਾਨ ਗੁਆਉਣ ਵਾਲੇ ਲੋਕਾਂ ਦੇ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਜੰਗਲਾਂ ਵਿੱਚ ਨਾਜਾਇਜ਼ ਸ਼ਿਕਾਰ ਰੋਕਣ ਲਈ ਜੰਗਲਾਤ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਗਊ ਸੇਵਕ ਵਿਜੇ ਰਾਣਾ ਘਗਵਾਲ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਿਕਾਰ ਲਈ ਜੰਗਲ ਵਿੱਚ ਪੋਟਾਸ਼ ਰੱਖਣ ਵਾਲਿਆਂ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
