ਫਰਜ਼ੀ ਬੈਂਕ ਖਾਤੇ ''ਚੋਂ ਲੱਖਾਂ ਦਾ ਸ਼ੱਕੀ ਲੈਣ-ਦੇਣ, ਜਾਂਚ ''ਚ ਜੁਟੀ ਕੇਂਦਰ ਏਜੰਸੀ ਤੇ ਪੰਜਾਬ ਪੁਲਸ

12/16/2019 5:52:02 PM

ਜਲੰਧਰ— ਜਲੰਧਰ ਦੇ ਬੀ. ਐੱਮ. ਸੀ. ਚੌਕ ਨੇੜੇ ਇਕ ਪ੍ਰਾਈਵੇਟ ਬੈਂਕ 'ਚ ਖੁੱਲ੍ਹੇ ਖਾਤੇ 'ਚੋਂ ਲੱਖਾਂ ਦਾ ਸ਼ੱਕੀ ਲੈਣ-ਦੇਣ ਦਾ ਪਰਦਾਫਾਸ਼ ਹੋਇਆ ਹੈ। ਇਹ ਲੈਣ-ਦੇਣ ਜਲੰਧਰ 'ਚ ਹੀ ਨਹੀਂ ਸਗੋਂ ਪੰਜਾਬ ਦੇ ਹੋਰ ਜ਼ਿਲਿਆਂ ਅਤੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ਨਾਲ ਹੋਇਆ ਹੈ। ਮਾਮਲੇ ਦੀ ਭਨਕ ਜਦੋਂ ਕੇਂਦਰ ਸਰਕਾਰ ਦੀ ਵਿੱਤੀ ਖੁਫੀਆ ਯੂਨਿਟ ਨੂੰ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਪੰਜਾਬ ਦੇ ਡੀ. ਜੀ. ਪੀ. ਇੰਟੈਲੀਜੈਂਸ ਨੂੰ ਪੱਤਰ ਭੇਜ ਕੇ ਇਸ ਦੀ ਜਾਂਚ ਲਈ ਕਿਹਾ। ਜਦੋਂ ਜਾਂਚ ਸ਼ੁਰੂ ਹੋਈ ਤਾਂ ਇਸ 'ਚ ਸ਼ੱਕੀ ਲੈਣ-ਦੇਣ 'ਚ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ। 

ਫਰਜ਼ੀ ਨਾਂ-ਪਤੇ 'ਤੇ ਖੁੱਲ੍ਹਵਾਏ ਬੈਂਕ ਖਾਤੇ 
ਜਾਂਚ 'ਚ ਪਤਾ ਲੱਗਾ ਹੈ ਕਿ ਡਿਫੈਂਸ ਕਾਲੋਨੀ ਦੇ ਜਿਸ ਰਾਹੁਲ ਸ਼ਰਮਾ ਨÎਾਂ 'ਤੇ ਇਹ ਬੈਂਕ ਖਾਤਾ ਹੈ, ਉਸ ਦਾ ਨਾਂ ਅਤੇ ਪਤਾ ਫਰਜ਼ੀ ਹੈ। ਬੈਂਕ 'ਚ ਖਾਤਾ ਖੁੱਲ੍ਹਵਾਉਣ ਲਈ ਜੋ ਦਸਤਾਵੇਜ਼ ਲਗਾਏ ਗਏ, ਉਹ ਵੀ ਫਰਜ਼ੀ ਨਿਕਲੇ। ਕੇਂਦਰੀ ਵਿੱਤੀ ਖੁਫੀਆ ਵਿਭਾਗ ਨੇ ਬੈਂਕ ਖਾਤੇ ਨੂੰ ਸੀਲ ਕਰ ਦਿੱਤਾ ਹੈ। ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਦੇ ਆਈ. ਜੀ. ਦੇ ਪੱਤਰ 'ਤੇ ਜਲੰਧਰ ਪੁਲਸ ਦੇ ਸ਼ੁਰੂਆਤੀ ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ 'ਚ ਰਾਹੁਲ ਸ਼ਰਮਾ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। 

ਘਰ ਦੇ ਪਤੇ 'ਤੇ ਨਿਕਲੀ ਦੁਕਾਨ, ਡਰਾਈਵਿੰਗ ਲਾਇਸੈਂਸ ਵੀ ਨਿਕਲਿਆ ਫਰਜ਼ੀ 
ਕੇਂਦਰੀ ਵਿੱਤੀ ਖੁਫੀਆ ਵਿਭਾਗ ਤੋਂ ਪੱਤਰ ਮਿਲਣ ਤੋਂ ਬਾਅਦ ਡੀ. ਜੀ. ਪੀ. ਇੰਟੈਲੀਜੈਂਸ ਵੱਲੋਂ ਆਈ. ਜੀ. ਇਟੈਲੀਜੈਂਸ ਨੇ ਜਲੰਧਰ ਪੁਲਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਸ ਦੀ ਜਾਂਚ ਲਈ ਕਿਹਾ। ਕਮਿਸ਼ਨਰ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਬੈਂਕ ਖਾਤਾਧਾਰਕ ਰਾਹੁਲ ਸ਼ਰਮਾ ਨੇ ਜਲੰਧਰ ਦੀ ਡਿਫੈਂਸ ਕਾਲੋਨੀ 'ਚ ਇਥੇ ਆਪਣਾ ਘਰ ਦੱਸਿਆ ਸੀ, ਉਥੇ ਦੁਕਾਨ ਸਥਿਤ ਹੈ। ਇਸ ਦੁਕਾਨ ਦਾ ਬੈਂਕ 'ਚ ਖੁੱਲ੍ਹੇ ਖਾਤੇ ਜਾਂ ਉਸ ਦੇ ਮਾਲਕ ਯਾਨੀ ਰਾਹੁਲ ਸ਼ਰਮਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਰਾਹੁਲ ਸ਼ਰਮਾ ਨਾਂ ਦੇ ਕਿਸੇ ਵਿਅਕਤੀ ਨੂੰ ਜਾਣਦਾ ਤੱਕ ਨਹੀਂ। ਰਾਹੁਲ ਸ਼ਰਮਾ ਨੇ ਜਿਹੜੇ ਡਰਾਈਵਿੰਗ ਲਾਇਸੈਂਸ 'ਤੇ ਬੈਂਕ ਖਾਤਾ ਖੁੱਲ੍ਹਵਾਇਆ ਸੀ, ਉਹ ਵੀ ਫਰਜ਼ੀ ਨਿਕਲਿਆ। ਇਸ ਦੀ ਪੁਸ਼ਟੀ ਟਰਾਂਸਪੋਰਟ ਮਹਿਕਮੇ ਤੋਂ ਹੋ ਗਈ। ਇਹ ਹੀ ਨਹੀਂ ਸਗੋਂ ਜਿਹੜੇ ਦੋ ਮੋਬਾਇਲ ਨੰਬਰਾਂ ਨੂੰ ਰਾਹੁਲ ਬੈਂਕ ਖਾਤਿਆਂ ਦੇ ਨਾਲ ਲਿੰਕ ਕੀਤਾ ਸੀ, ਉਹ ਚੰਡੀਗੜ੍ਹ ਦੇ ਕਿਸੇ ਕ੍ਰਿਸ਼ਨਾ ਸਿੰਘ ਦੇ ਨਾਂ 'ਤੇ ਸਨ। ਪੁਲਸ ਉਥੇ ਪਹੁੰਚੀ ਤਾਂ ਰਾਹੁਲ ਨਾਂ ਦਾ ਕੋਈ ਵਿਅਕਤੀ ਨਹੀਂ ਮਿਲਿਆ। 
ਇਸ ਸ਼ੱਕੀ ਲੈਣ-ਦੇਣ ਦੇ ਪਿੱਛੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਜਿਸ ਹਿਸਾਬ ਨਾਲ ਕੇਂਦਰੀ ਵਿੱਤੀ ਖੁਫੀਆ ਏਜੰਸੀ ਅਤੇ ਪੰਜਾਬ ਇੰਟੈਲੀਜੈਂਸ ਸਰਗਰਮ ਹੋਈਆਂ ਹਨ, ਉਸ ਨਾਲ ਇਸ 'ਚ ਵੱਡੀ ਗੜਬੜੀ ਦਾ ਸ਼ੱਕ ਹੈ। ਅੱਤਵਾਦੀ ਫੰਡਿੰਗ ਵੀ ਇਸੇ ਤਰੀਕੇ ਨਾਲ ਕੀਤੀ ਜਾਂਦੀ ਹੈ ਤਾਂਕਿ ਕਦੇ ਉਹ ਖਾਤਾ ਸੁਰੱਖਿਆ ਏਜੰਸੀਆਂ ਦੀ ਪਕੜ 'ਚ ਆਉਣ ਤਾਂ ਅਸਲੀ ਮਾਲਕ ਦਾ ਪਤਾ ਨਾ ਲੱਗ ਸਕੇ। ਇਸ ਨੂੰ ਠੱਗੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਇਸ 'ਚ ਟ੍ਰੈਵਲ ਫੰਡਿੰਗ ਦੀ ਵੀ ਗੱਲ ਕਹੀ ਗਈ ਹੈ। 

6 ਮਹੀਨਿਆਂ 'ਚ ਹੋਇਆ 15 ਲੱਖ ਦਾ ਲੈਣ-ਦੇਣ 
ਬੀ. ਐੱਮ. ਸੀ. ਚੌਕ ਦੇ ਕੋਲ ਮਹਾਵੀਰ ਮਾਰਗ ਦੀ ਬਦਰੀਦਾਸ ਕਾਲੋਮਨੀ 'ਚ ਖੁੱਲ੍ਹੇ ਐਕਸਿਸ ਬੈਂਕ ਦੇ ਇਸ ਖਾਤੇ 'ਚੋਂ ਸਿਰਫ 6 ਮਹੀਨਿਆਂ 'ਚ 15 ਲੱਖ ਦਾ ਲੈਣ-ਦੇਣ ਹੋਇਆ ਹੈ। ਕੇਂਦਰੀ ਵਿੱਤੀ ਖੁਫੀਆ ਵਿਭਾਗ ਨੇ ਆਪਣੀ ਸ਼ੁਰੂਆਤੀ ਜਾਂਚ 'ਚ ਦੱਸਿਆ ਕਿ ਇਸ ਬੈਂਕ ਖਾਤੇ 'ਚੋਂ ਜਲੰਧਰ ਤੋਂ ਬਾਹਰ ਯੂ. ਪੀ., ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਆਦਿ ਜਗ੍ਹਾ ਤੋਂ ਪੈਸੇ ਜਮ੍ਹਾ ਕੀਤੇ ਗਏ ਹਨ। ਇਸ ਦੇ ਇਲਾਵਾ ਲੁਧਿਆਣਾ ਅਤੇ ਦਿੱਲੀ 'ਚ ਏ. ਟੀ. ਐੱਮ. ਤੋਂ ਪੈਸੇ ਕੱਢਵਾਏ ਗਏ। ਬੈਂਕ ਟਰਾਂਸਜੈਕਸ਼ਨ ਲਈ ਐਮੀਡੀਏਟ ਪੇਮੈਂਟ ਸਰਵਿਸ (ਆਈ. ਐੱਮ. ਪੀ. ਐੱਸ) ਦਾ ਇਸਤੇਮਾਲ ਇਸ ਲਈ ਕੀਤਾ ਗਿਆ ਕਿਉਂਕਿ ਇਸ ਨਾਲ ਥੋੜ੍ਹੇ ਸੈਕਿੰਡਾਂ 'ਚ ਹੀ ਸਾਰਾ ਪੈਸਾ ਦੂਜੇ ਦੇ ਖਾਤਿਆਂ 'ਚ ਪਹੁੰਚ ਜਾਂਦਾ ਗੈ। ਹਾਲਾਂਕਿ ਚਾਰ ਜੂਨ 2015 ਤੋਂ ਬਾਅਦ ਉਕਤ ਖਾਤੇ 'ਚ ਲੈਣ-ਦੇਣ ਬੰਦ ਹੋ ਗਿਆ। ਕੇਂਦਰੀ ਖੁਫੀਆ ਏਜੰਸੀ ਨੇ ਸ਼ੁਰੂਆਤੀ ਬੈਂਕ ਖਾਤਾਧਾਰਕ ਨਾਲ ਸੰਪਰਕ ਕਰਨਾ ਚਾਹਿਆ ਪਰ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਫਰਜ਼ੀ ਕਰਾ ਦਿੱਤਾ ਗਿਆ। ਇਸ ਦੌਰਾਨ ਪੁਲਸ ਦੀ ਜਾਂਚ 'ਚ ਪਤਾ ਲੱਗਾ ਕਿ ਸ਼ਹਿਰ 'ਚ ਹੀ ਨਾਮਦੇਵ ਚੌਕ 'ਤੇ ਰਾਹੁਲ ਸ਼ਰਮਾ ਦੇ ਨਾਂ 'ਤੇ ਕੋਟੈੱਕ ਮਹਿੰਦਰਾ ਬੈਂਕ 'ਚ ਇਕ ਹੋਰ ਖਾਤਾ ਖੁੱਲ੍ਹਿਆ ਹੈ ਅਤੇ ਇਕ ਖਾਤਾ ਯੂਨੀਅਨ ਬੈਂਕ ਆਫ ਇੰਡੀਆ 'ਚ ਹੈ। ਇਹ ਦੋਵੇਂ ਖਾਤਿਆਂ 'ਚ ਇਸ ਐਕਸਿਸ ਬੈਂਕ ਵਾਲੇ ਖਾਤੇ 'ਚੋਂ ਪੈਸਾ ਭੇਜਿਆ ਗਿਆ। ਹਾਲਾਂਕਿ ਯੂਨੀਅਨ ਬੈਂਕ ਵਾਲਾ ਖਾਤਾ ਕਿਸੇ ਜਸਵੰਤ ਰਾਠੌਰ ਦੇ ਨਾਂ 'ਤੇ ਹੈ, ਜੋਕਿ ਸ਼ਾਮ ਵਿਹਾਰ ਹਲਦੀਪੁਰਾ ਦਿੱਲੀ ਦਾ ਹੈ। ਇਸ ਦੇ ਖਾਤਿਆਂ 'ਚੋਂ ਜ਼ਿਆਦਾਤਰ ਟਰਾਂਜ਼ੈਕਸ਼ਨਾਂ ਇਹ ਹੀ ਦੋ ਖਾਤਿਆਂ 'ਚੋਂ ਹੋਈਆਂ ਹਨ। ਇਨ੍ਹਾਂ 'ਚ ਪੈਸਾ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਪੈਸਾ ਵੱਖ-ਵੱਖ ਪ੍ਰਦੇਸ਼ਾਂ ਦੇ ਏ. ਟੀ. ਐੱਮ. 'ਚੋਂ ਕੱਢਿਆ ਗਿਆ। 

ਦੋ ਸਾਲ ਦੀ ਜਾਂਚ ਪ੍ਰਕਿਰਿਆ ਤੋਂ ਬਾਅਦ ਹੋਇਆ ਕੇਸ ਦਰਜ 
ਕੇਂਦਰ ਦੀ ਫਾਈਨੈਸ਼ੀਅਲ ਇੰਟੈਲੀਜੈਂਸ ਯੂਨਿਟ ਨੇ ਬੈਂਕ ਖਾਤਾਧਾਰਕ ਦੇ ਖਿਲਾਫ ਸ਼ਿਕਾਇਤ ਆਉਣ 'ਤੇ ਜਾਂਚ ਤੋਂ ਬਾਅਦ ਸਸਪੈਕਟੇਡ ਟਰਾਂਜ਼ੈਕਸ਼ਨ ਰਿਪੋਰਟ (ਐੱਸ. ਟੀ. ਆਰ) 7 ਸਤੰਬਰ 2017 ਨੂੰ ਡੀ. ਜੀ. ਪੀ. ਇੰਟੈਲੀਜੈਂਸ, ਪੰਜਾਬ ਨੂੰ ਭੇਜੀ। ਇਸ ਤੋਂ ਬਾਅਦ ਪੰਜਾਬ ਪੁਲਸ ਦੀ ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ ਦੇ ਆਈ. ਜੀ. ਵੱਲੋਂ ਜਲੰਧਰ ਕਮਿਸ਼ਨਰੇਟ ਪੁਲਸ ਨੂੰ 24 ਫਰਵਰੀ 2018 ਨੂੰ ਸ਼ਿਕਾਇਤ ਦਿੱਤੀ ਗਈ। ਇਸ ਦੇ ਬਾਅਦ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਦੀ ਨਿਗਰਾਨੀ 'ਚ ਆਰਥਿਕ ਅਪਰਾਧ ਸ਼ਾਖਾ ਨੇ ਡੂੰਘਾਈ ਨਾਲ ਜਾਂਚ ਕਰਦੇ ਹੋਏ ਉਕਤ ਬੈਂਕ ਖਾਤਾਧਾਰਕ ਨਾਲ ਜੁੜੀ ਹਰ ਜਾਣਕਾਰੀ ਇਕੱਠੀ ਕੀਤੀ। ਇਸ ਦੇ ਬਾਅਦ ਬੈਂਕ ਖਾਤਾਧਾਰਕ ਦੇ ਖਿਲਾਫ ਥਾਣਾ ਨਵੀਂ ਬਾਰਾਦਰੀ 'ਚ 13 ਦਸੰਬਰ ਨੂੰ ਕੇਸ ਦਰਜ ਕੀਤਾ ਗਿਆ।


shivani attri

Content Editor

Related News