ਮਰੇ ਭਰਾ ਦੇ ਸਾਈਨ ਕਰਕੇ ਵੇਚਿਆ ਪਲਾਟ, ਧੋਖਾਦੇਹੀ ਦਾ ਮਾਮਲਾ ਦਰਜ

Tuesday, Oct 22, 2019 - 05:43 PM (IST)

ਮਰੇ ਭਰਾ ਦੇ ਸਾਈਨ ਕਰਕੇ ਵੇਚਿਆ ਪਲਾਟ, ਧੋਖਾਦੇਹੀ ਦਾ ਮਾਮਲਾ ਦਰਜ

ਜਲੰਧਰ (ਕਮਲੇਸ਼)— ਥਾਣਾ ਬਾਰਾਂਦਰੀ 'ਚ ਮਰੇ ਹੋਏ ਵਿਅਕਤੀ ਦੇ ਸਾਈਨ ਕਰਕੇ ਪਲਾਟ ਵੇਚਣ ਵਾਲੇ ਭਰਾ, ਪਿਤਾ, ਨੰਬਰਦਾਰ ਅਤੇ ਪ੍ਰਾਪਰਟੀ ਡੀਲਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐੱਸ. ਐੱਚ. ਓ. ਬਾਰਾਂਦਰੀ ਨੇ ਦੱਸਿਆ ਕਿ ਸੋਢੀ ਰਾਮ ਵਾਸੀ ਧਨਾਲ ਖੁਰਦ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਸਤਪਾਲ ਦੀ 2008 'ਚ ਮੌਤ ਹੋ ਗਈ ਸੀ। ਮੌਤ ਦੇ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੇ ਦੂਜੇ ਭਰਾ ਬਲਦੇਵ ਰਾਜ ਨੇ ਖੁਦ ਨੂੰ ਸਤਪਾਲ ਦੱਸ ਕੇ ਮਲਕੋ ਤਰਾੜ 'ਚ ਸਥਿਤ 14 ਮਰਲੇ ਦਾ ਪਲਾਟ ਵੇਚ ਦਿੱਤਾ। ਸਤਪਾਲ ਨੇ ਇਸ ਧੋਖਾਦੇਹੀ ਨੂੰ ਅੰਜਾਮ ਦੇਣ ਲਈ ਪਿਤਾ ਅਮਰ ਚੰਦ ਨੂੰ ਵੀ ਬਹਿਕਾਵੇ 'ਚ ਲੈ ਲਿਆ ਸੀ। ਇਸ ਤੋਂ ਇਲਾਵਾ ਨੰਬਰਦਾਰ ਸੁਰਿੰਦਰ ਸਿੰਘ, ਪ੍ਰਾਪਰਟੀ ਡੀਲਰ ਮੋਹਨ ਲਾਲ ਵਾਸੀ ਵਡਾਲਾ ਨੇ ਵੀ ਇਸ ਧੋਖਾਦੇਹੀ 'ਚ ਬਲਦੇਵ ਦਾ ਸਾਥ ਦਿੱਤਾ।

ਸੋਢੀ ਰਾਮ ਦਾ ਦਾਅਵਾ ਹੈ ਕਿ ਤਿੰਨੇ ਭਰਾ ਪਿਤਾ ਦੇ ਨਾਲ ਜਰਮਨੀ ਵਿਚ ਰਹਿੰਦੇ ਸਨ ਅਤੇ ਉਨ੍ਹਾਂ ਨੇ ਵਿਦੇਸ਼ ਵਿਚ ਕਮਾਏ ਪੈਸਿਆਂ ਨਾਲ ਕਈ ਪ੍ਰਾਪਰਟੀਆਂ ਨਾਲ ਮਿਲ ਕੇ ਖਰੀਦੀਆਂ ਸਨ ਅਤੇ ਮਲਕੋ ਤਰਾੜ 'ਚ ਖਰੀਦੇ ਗਏ ਪਲਾਟ ਵਿਚ ਵੀ ਸਾਰਿਆਂ ਦਾ ਹਿੱਸਾ ਸੀ ਪਰ ਬਲਦੇਵ ਨੇ ਉਨ੍ਹਾਂ ਨਾਲ ਧੋਖਾ ਕਰਦੇ ਹੋਏ ਉਨ੍ਹਾਂ ਦਾ ਹੱਕ ਮਾਰ ਲਿਆ ਅਤੇ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਦੋਸ਼ ਹੈ ਕਿ ਬਲਦੇਵ ਨੇ ਪਲਾਟ ਨੂੰ ਵੇਚ ਕੇ ਮਿਲੇ ਪੈਸਿਆਂ ਨਾਲ ਆਪਣੇ ਲੜਕੇ ਨੂੰ ਵਿਦੇਸ਼ ਭੇਜ ਦਿੱਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮ ਬਲਦੇਵ ਰਾਜ, ਅਮਰ ਚੰਦ, ਸੁਰਿੰਦਰ ਸਿੰਘ, ਮੋਹਨ ਲਾਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


author

shivani attri

Content Editor

Related News